ਕੈਨੇਡੀਅਨ ਕੁੜੀ ਦੇ ਚੱਕਰਾਂ ’ਚ ਫਸਿਆ ਪੰਜਾਬੀ ਗੱਭਰੂ

ਕੈਨੇਡੀਅਨ ਕੁੜੀ ਦੇ ਚੱਕਰਾਂ ’ਚ ਫਸਿਆ  ਪੰਜਾਬੀ ਗੱਭਰੂ

 *ਕੈਨੇਡਾ ਜਾਣ ਦੇ ਨਾਮ 28 ਲਖ ਠਗੇ

 *ਪੁਲਸ ਨੇ 3 ਜਨਾਨੀਆਂ ਅਤੇ ਇਕ ਵਿਅਕਤੀ ਸਮੇਤ 4 ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ

ਅੰਮ੍ਰਿਤਸਰ ਟਾਈਮਜ਼

ਨੂਰਪੁਰਬੇਦੀ  : ਇਕ ਕੁੜੀ ਵੱਲੋਂ ਕੈਨੇਡਾ ਬੁਲਾਉਣ ਦਾ ਝਾਂਸਾ ਦੇ ਆਪਣੀ ਮਾਤਾ, ਭੈਣ ਅਤੇ ਭਰਾ ਨਾਲ ਮਿਲ ਕੇ ਰਚੀ ਸਾਜ਼ਿਸ਼ ਤਹਿਤ ਵਿਆਹ ਕਰਵਾਉਣ ਉਪਰੰਤ ਮੁੰਡੇ ਅਤੇ ਉਸਦੇ ਪਰਿਵਾਰ ਤੋਂ ਸਟੱਡੀ ਫੀਸ ’ਤੇ ਸਪਾਊਸ ਵੀਜ਼ੇ ਦੇ ਨਾਂ ’ਤੇ 28 ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਸਥਾਨਕ ਪੁਲਸ ਨੇ 3 ਜਨਾਨੀਆਂ ਅਤੇ ਇਕ ਵਿਅਕਤੀ ਸਮੇਤ 4 ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਕਥਿਤ ਦੋਸ਼ੀਆਂ ’ਚੋਂ 2 ਕੈਨੇਡਾ ਹਨ ਜਦਕਿ 2 ਭਾਰਤ ’ਚ ਹੀ ਰਹਿ ਰਹੇ ਹਨ। ਉਕਤ ਮੁਕੱਦਮਾ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਵੱਲੋਂ ਸੌਂਪੀ ਸ਼ਿਕਾਇਤ ਦੀ ਐੱਸ.ਪੀ ਵੱਲੋਂ ਕੀਤੀ ਗਈ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।ਪੁਲਸ ਨੇ ਬਲਾਕ ਦੇ ਪਿੰਡ ਮਾਧੋਵਾਲ ਦੇ ਨੌਜਵਾਨ ਦੇ ਪਿਤਾ ਵੱਲੋਂ ਕੀਤੀ ਸ਼ਿਕਾਇਤ ਦੀ ਪੜਤਾਲ ’ਚ ਲਿਖਿਆ ਕਿ ਉਕਤ ਲੜਕਾ ਕੋਰੀਆ ਗਿਆ ਹੋਇਆ ਸੀ ਅਤੇ ਉਸਦੀ ਭੈਣ ਸਟੱਡੀ ਬੇਸ ’ਤੇ ਕੈਨੇਡਾ ਗਈ ਹੋਈ ਸੀ। ਕੈਨੇਡਾ ’ਚ ਪੜ੍ਹਾਈ ਕਰਦੇ ਸਮੇਂ ਉਸਦੀ ਭੈਣ ਦੀ ਦੋਸਤੀ ਕਿਸੇ ਲਵਨੀਤ ਕੌਰ ਅਟਵਾਲ ਨਾਂ ਦੀ ਕੁੜੀ ਨਾਲ ਹੋ ਗਈ। ਜਦੋਂ ਮੁੰਡੇ ਦੀ ਆਪਣੀ ਭੈਣ ਨਾਲ ਗੱਲ ਹੁੰਦੀ ਸੀ ਤਾਂ ਉਸਦੀ ਲਵਨੀਤ ਕੌਰ ਅਟਵਾਲ ਨਾਲ ਵੀ ਫੋਨ ’ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਲਵਨੀਤ ਕੌਰ ਨੂੰ ਜਦੋਂ ਇਹ ਪਤਾ ਲੱਗਾ ਕਿ ਲੜਕੇ ਦੇ ਪਰਿਵਾਰ ਦੀ ਮਾਲੀ ਹਾਲਤ ਚੰਗੀ ਹੈ ਤਾਂ ਲਵਨੀਤ ਨੇ ਆਪਣੀ ਸੋਚੀ ਸਮਝੀ ਚਾਲ ਨਾਲ ਉਸਦੀ ਭੈਣ ਰਾਹੀਂ ਫੋਨ ’ਤੇ ਮੁੰਡੇ ਨਾਲ ਗੱਲਬਾਤ ਕਰਕੇ ਉਸਨੂੰ ਆਪਣੇ ਜਾਲ ’ਚ ਫਸਾ ਲਿਆ ਅਤੇ ਆਪਣੀ ਮਾਤਾ, ਭਰਾ ਅਤੇ ਭੈਣ ਨਾਲ ਮਿਲੀਭੁਗਤ ਨਾਲ ਉਨ੍ਹਾਂ ਉਸ ਨੂੰ ਕੈਨੇਡਾ ਬੁਲਾਉਣ ਦਾ ਝਾਂਸਾ ਦੇ ਕੇ ਉਸ ਨਾਲ ਲਵਨੀਤ ਕੌਰ ਦਾ ਵਿਆਹ ਕਰਵਾਇਆ।

ਉਪਰੰਤ ਲਵਨੀਤ ਕੌਰ ਅਟਵਾਲ ਨੇ ਸਟੱਡੀ ਫੀਸ ਅਤੇ ਸਪਾਊਸ ਵੀਜ਼ਾ ਲਗਵਾਉਣ ਲਈ ਹੇਰਾਫੇਰੀ ਨਾਲ ਉਨ੍ਹਾਂ ਕੋਲੋਂ 28 ਲੱਖ ਰੁਪਏ ਲੈ ਲਏ ਅਤੇ ਮੁੰਡੇ ਨੂੰ ਕੈਨੇਡਾ ਨਹੀਂ ਬੁਲਾਇਆ ਅਤੇ ਦਰਖਾਸਤ ਕਰਤਾ ਧਿਰ ਨਾਲ ਕੁੜੀ ਦੀ ਮਾਤਾ ਸੁਖਜੀਤ ਕੌਰ ਅਟਵਾਲ ਵਲੋਂ ਸਾਢੇ 13 ਲੱਖ ਰੁਪਏ ’ਚ ਫੈਸਲਾ ਕਰ ਕੇ ਵੀ ਫੈਸਲੇ ਮੁਤਾਬਿਕ ਪੈਸੇ ਵਾਪਸ ਨਹੀਂ ਦਿੱਤੇ। ਪੁਲਸ ਨੇ ਪੜਤਾਲ ’ਚ ਲਿਖਿਆ ਕਿ ਕੁੜੀ ਦੀ ਮਾਤਾ ਸੁਖਜੀਤ ਕੌਰ ਅਟਵਾਲ ਨੇ ਆਪਸ ’ਚ ਮਿਲੀਭੁਗਤ ਕਰ ਕੇ ਸਾਜ਼ਿਸ਼ ਨਾਲ ਮੁੰਡੇ ਦੇ ਪਰਿਵਾਰ ਨਾਲ ਕੁੱਲ 28 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਸ ਸਬੰਧੀ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨਾ ਬਣਦਾ ਹੈ।ਸਥਾਨਕ ਪੁਲਸ ਨੇ ਡੀ.ਏ. ਲੀਗਲ ਦੀ ਰਿਪੋਰਟ ਉਪਰੰਤ ਕੁੜੀ ਲਵਨੀਤ ਕੌਰ, ਉਸਦੀ ਮਾਤਾ ਸੁਖਜੀਤ ਕੌਰ ਅਟਵਾਲ ਪਤਨੀ ਸਵ. ਹਰਬੰਸ ਸਿੰਘ ਅਟਵਾਲ, ਭਰਾ ਪਰਮਵੀਰ ਸਿੰਘ ਅਟਵਾਲ ਅਤੇ ਭੈਣ ਨਵਨੀਤ ਕੌਰ ਅਟਵਾਲ ਵਾਸੀਆਨ ਪਲਾਟ ਨੰਬਰ 507, ਨੇੜੇ ਮਾਰੂਤੀ ਸ਼ੋਅਰੂਮ ਨਾਕਾ ਰੋਡ ਫਲੋਰ, ਨਾਗਪੁਰ (ਮਹਾਰਾਸ਼ਟਰ) ਵਿਰੁੱਧ ਧੋਖਾਦੇਹੀ ਦੇ ਦੋਸ਼ਾਂ ਹੇਠ ਆਈ.ਪੀ.ਸੀ. ਦੀ ਧਾਰਾ 420, 406 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ।