ਆਸ਼ੀਸ਼ ਮਿਸ਼ਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ

ਆਸ਼ੀਸ਼ ਮਿਸ਼ਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ
ਲਖੀਮਪੁਰ ਹਿੰਸਾ ਦਾ ਮਾਮਲਾ                   
*ਸਿੱਟ ਨੇ 12 ਘੰਟੇ ਦੀ ਪੁੱਛ-ਪੜਤਾਲ ਮਗਰੋਂ ਕੀਤਾ ਅਦਾਲਤ ਵਿੱਚ ਪੇਸ਼
*ਲਖੀਮਪੁਰ ਖੀਰੀ ਕਾਂਡ ਸਿਖ ਵਿਰੋਧੀ ਸਾਜਿਸ਼     ਸੌਖਾ ਨਹੀਂ ਹੋਵੇਗਾ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਨੂੰ ਹਟਾਉਣਾ
 * ਹਿੰਸਾ ਦੇ ਦੋਸ਼ੀਆਂ ਖ਼ਿਲਾਫ਼ ਸਿਆਸੀ ਪਾਰਟੀਆਂ ਇਕਜੁੱਟ ਹੋਣ: ਜਥੇਦਾਰ ਹਰਪ੍ਰੀਤ                                       ਟਾਈਮਜ ਬਿਉਰੋ 
   ਆਸ਼ੀਸ਼ ਮਿਸ਼ਰਾ ਤਿੰਨ ਦਿਨਾ ਪੁਲੀਸ ਰਿਮਾਂਡ ’ਤੇ 
ਉੱਤਰ ਪ੍ਰਦੇਸ਼ ਪੁਲੀਸ ਨੇ ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦਾ ਅਦਾਲਤ ’ਚੋਂ ਤਿੰਨ ਦਿਨਾ ਰਿਮਾਂਡ ਹਾਸਲ ਕਰ ਲਿਆ।  ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਯੂਪੀ ਪੁਲੀਸ ਨੂੰ ਆਸ਼ੀਸ਼ ਮਿਸ਼ਰਾ ਦਾ ਰਿਮਾਂਡ ਦੇਣ ਲਈ ਉਸ ਨੂੰ ਇਸ ਅਰਸੇ ਦੌਰਾਨ ਤੰਗ ਪ੍ਰੇਸ਼ਾਨ ਨਾ ਕਰਨ ਤੇ ਵਕੀਲ ਦੀ ਮੌਜੂਦਗੀ ’ਚ ਹੀ ਪੁੱਛਗਿੱਛ ਕਰਨ ਦੀ ਸ਼ਰਤ ਰੱਖੀ ਹੈ। ਸੀਨੀਅਰ ਪ੍ਰਾਸੀਕਿਊਸ਼ਨਅਧਿਕਾਰੀ ਐੱਸ.ਪੀ.ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਪੁਲੀਸ ਨੇ ਆਸ਼ੀਸ਼ ਦੇ 14 ਦਿਨਾ ਰਿਮਾਂਡ ਦੀ ਮੰਗ ਕੀਤੀ ਸੀ, ਪਰ 12 ਤੋਂ 15 ਅਕਤੂਬਰ ਤੱਕ ਤਿੰਨ ਦਿਨਾ ਰਿਮਾਂਡ ਦੀ ਹੀ ਆਗਿਆ ਮਿਲੀ।’ ਉਂਜ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਚਿੰਤਾਰਾਮ ਨੇ ਯੂਪੀ ਪੁਲੀਸ ਨੂੰ ਮੁਲਜ਼ਮ ਦਾ ਤਿੰਨ ਦਿਨਾ ਰਿਮਾਂਡ ਦਿੰਦਿਆਂ ਸਾਫ਼ ਕਰ ਦਿੱਤਾ ਕਿ ਇਸ ਅਰਸੇ ਦੌਰਾਨ ਆਸ਼ੀਸ਼ ਮਿਸ਼ਰਾ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਤੇ ਪੁੱਛਗਿੱਛ ਦੌਰਾਨ ਮੁਲਜ਼ਮ ਦਾ ਵਕੀਲ ਮੌਜੂਦ ਰਹੇਗਾ। ਇਸ ਤੋਂ ਪਹਿਲਾਂ ਬੀਤੇ ਐਤਵਾਰ ਦੇਰ ਰਾਤ ਨੂੰ ਕੀਤੇ ਹੁਕਮਾਂ ਵਿੱਚ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਤੋਂ ਪਹਿਲਾਂ ਲਖੀਮਪੁਰ ਹਿੰਸਾ ਕੇਸ ਵਿੱਚ 12 ਘੰਟੇ ਦੇ ਕਰੀਬ ਕੀਤੀ ਪੁੱਛ-ਪੜਤਾਲ ਮਗਰੋਂ ਬੀਤੇ ਸ਼ਨਿੱਚਰਵਾਰ ਦੇਰ ਰਾਤ ਨੂੰ ਵਿਸ਼ੇਸ਼ ਜਾਂਚ ਟੀਮ ਨੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸਿਟ ਦੀ ਅਗਵਾਈ ਕਰ ਰਹੇ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਮਿਸ਼ਰਾ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਤੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰੀ ਹੈ। ਮਿਸ਼ਰਾ 3 ਅਕਤੂਬਰ ਨੂੰ ਲਖੀਮਪੁਰ ਹਿੰਸਾ ਮੌਕੇ ਬਾਅਦ ਦੁਪਹਿਰ ਢਾਈ ਤੋਂ ਸਾਢੇ ਤਿੰਨ ਵਜੇ ਤੱਕ ਆਪਣੀ ਲੋਕੇਸ਼ਨ ਬਾਰੇ ਤਸੱਲੀਬਖ਼ਸ਼ ਜਵਾਬ ਦੇਣ ’ਚ ਵੀ ਨਾਕਾਮ ਰਿਹਾ ਸੀ। ਮਿਸ਼ਰਾ ਦਾ ਨਾਂ ਉਸ ਐੱਫਆਈਆਰ ਵਿੱਚ ਸ਼ਾਮਲ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੀ ਫੇਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਰੜਨ ਵਾਲੇ ਵਾਹਨਾਂ ’ਚੋਂ ਇਕ ਵਿੱਚ ਮਿਸ਼ਰਾ ਸਵਾਰ ਸੀ। ਕਿਸਾਨ ਆਗੂਆਂ ਤੇ ਵਿਰੋਧੀ ਪਾਰਟੀਆਂ ਵੱਲੋਂ ਜਿੱਥੇ ਮਿਸ਼ਰਾ ਪਿਉ-ਪੁੱਤ ਨੂੰ ਗ੍ਰਿਫ਼ਤਾਰ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਉੱਥੇ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਨੇ ਉਪਰੋਕਤ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਆਸ਼ੀਸ਼ ਮਿਸ਼ਰਾ ਉਰਫ਼ ਮੋਨੂ ਖੀਰੀ ਸੰਸਦੀ ਹਲਕੇ ਵਿੱਚ ਆਪਣੇ ਪਿਤਾ ਦੀਆਂ ਸਿਆਸੀ ਸਰਗਰਮੀਆਂ ਨੂੰ ਵੇਖਦਾ ਹੈ ਤੇ ਉਹ ਅਗਾਮੀ ਯੂਪੀ ਅਸੈਂਬਲੀ ਚੋਣਾਂ ਵਿੱਚ ਨਿਗਹਾਸਨ ਸੀਟ ਤੋਂ ਪਾਰਟੀ ਟਿਕਟ ਲਈ ਜ਼ੋਰ ਅਜ਼ਮਾਈ ਕਰ ਰਿਹਾ ਸੀ। 
ਉੱਧਰ ਸੰਯੁਕਤ ਕਿਸਾਨ ਮੋਰਚਾ ਨੇ ਦੋਸ਼ ਲਾਇਆ ਹੈ ਕਿ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਇੱਕ ਯੋਜਨਾਬੱਧ ਸਾਜ਼ਿਸ਼ ਸੀ। 
ਦੂਜੀ ਐੱਫਆਈਆਰ ’ਚ ਕਿਸਾਨਾਂ ਦੀ ਮੌਤ ਦਾ ਜ਼ਿਕਰ ਨਹੀਂ
 
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਦੇ ਮਾਮਲੇ ’ਚ ਦਰਜ ਕੀਤੀ ਗਈ ਦੂਜੀ ਐੱਫਆਈਆਰ ’ਚ ਕਿਹਾ ਗਿਆ ਹੈ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ’ਚ ਸ਼ਾਮਲ ‘ਮਾੜੇ ਤੱਤਾਂ’ ਨੇ ਐੱਸਯੂਵੀ ਸਵਾਰ ਭਾਜਪਾ ਦੇ ਕਾਰਕੁਨਾਂ ’ਤੇ ਹਮਲਾ ਕੀਤਾ ਪਰ ਐੱਫਆਈਆਰ ਵਿਚ ਕਿਸਾਨਾਂ ਦੇ ਗੱਡੀ ਹੇਠਾਂ ਆ ਕੇ ਦਰੜੇ ਜਾਣ ਜਾਂ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਕਾਰ ’ਚ ਮੌਜੂਦ ਹੋਣ ਸਬੰਧੀ ਕੋਈ ਜ਼ਿਕਰ ਨਹੀਂ ਹੈ। ਐੱਫਆਈਆਰ ਕਥਿਤ ਤੌਰ ’ਤੇ ਭਾਜਪਾ ਕਾਰਕੁਨਾਂ ਨੂੰ ਕੁੱਟ-ਕੁੱਟ ਕੇ ਮਾਰਨ ਸਬੰਧੀ ਚਾਰ ਅਕਤੂਬਰ ਨੂੰ ਤਿਕੁਨੀਆ ਥਾਣੇ ’ਚ ਦਰਜ ਕੀਤੀ ਗਈ ਜਦਕਿ ਇਸ ਹੋਰ ਐੱਫਆਈਆਰ ’ਚ ਆਸ਼ੀਸ਼ ਮਿਸ਼ਰਾ ਦਾ ਨਾਂ ਸੀ ਜੋ ਕਥਿਤ ਤੌਰ ‘ਤੇ ਉਨ੍ਹਾਂ ਕਾਰਾਂ ’ਚੋਂ ਇੱਕ ’ਚ ਸਵਾਰ ਸੀ ਜਿਸ ਦੀ ਲਪੇਟ ’ਚ ਆ ਕੇ ਚਾਰ ਕਿਸਾਨਾਂ ਦੀ ਮੌਤ ਹੋਈ ਸੀ। ਦੂਜੀ ਐੱਫਆਈਆਰ ’ਚ ਇੱਕ ਅਣਪਛਾਤੇ ਦੰਗਈ ਦਾ ਜ਼ਿਕਰ ਹੈ ਜਿਸ ਖ਼ਿਲਾਫ਼ ਆਈਪੀਸੀ ਦੀ ਧਾਰਾ 302, 324 ਤੇ ਹੋਰ ਧਾਰਾਵਾਂ ਤਹਿਤ ਦੋਸ਼ ਲਾਏ ਗਏ ਹਨ। ਇਹ ਐੱਫਆਈਆਰ ਸੁਮੀਤ ਜੈਸਵਾਲ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਹ ਰਾਜ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਸਮਾਗਮ ’ਚ ਸਵਾਗਤ ਕਰਨ ਲਈ ਜਾ ਰਹੇ ਭਾਜਪਾ ਕਾਰਕੁਨਾਂ ’ਚ ਸ਼ਾਮਲ ਸੀ। ਜੈਸਵਾਲ ਅਨੁਸਾਰ ਪੱਤਰਕਾਰ ਰਮਨ ਕਸ਼ਯਪ, ਕਾਰ ਚਾਲਕ ਹਰੀਓਮ ਤੇ ਭਾਜਪਾ ਕਾਰਕੁਨ ਸ਼ੁਭਮ ਮਿਸ਼ਰਾ, ਸ਼ਿਆਮ ਸੁੰਦਰ ਦੀ ਮੁਜ਼ਾਹਰਾਕਾਰੀਆਂ ਨੇ ਕੁੱਟ-ਕੁੱਟ ਕੇ ਹੱਤਿਆ ਕੀਤੀ ਹੈ।                               

  ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਫਿਰਕੂ ਵਾਦ   

 ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ 25 ਸਤੰਬਰ ਦੇ ਫਿਰਕੂ ਬਿਆਨ, ਲਖੀਮਪੁਰ ਖੀਰੀ ਵਿਚ 3 ਅਕਤੂਬਰ ਨੂੰ ਵਾਪਰੀ ਦੁਖਦਾਈ ਘਟਨਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ 3 ਅਕਤੂਬਰ ਦੇ ਬਿਆਨ ਤੇ ਵੀਰਵਾਰ ਨੂੰ ਹਰਿਆਣੇ ਵਿਚ ਵਾਪਰੀ ਘਟਨਾ ਨੇ ਲੋਕਾਂ ਦੇ ਮਨਾਂ ਵਿਚ ਇਹ ਖ਼ਦਸ਼ੇ ਪੈਦਾ ਕੀਤੇ ਹਨ ਕਿ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦਾ ਮਨੋਬਲ ਤੋੜਨ ਲਈ ਹਿੰਸਕ ਸਾਜ਼ਿਸ਼ ਰਚੀ ਜਾ ਰਹੀ ਹੈ। ਇਨ੍ਹਾਂ ਖ਼ਦਸ਼ਿਆਂ ਦਾ ਮੂਲ ਕਾਰਨ ਇਨ੍ਹਾਂ ਸੀਨੀਅਰ ਆਗੂਆਂ ਵੱਲੋਂ ਦਿੱਤੇ ਗਏ ਉਕਸਾਊ ਤੇ ਧਮਕੀਆਂ ਭਰੇ ਭਾਸ਼ਣ ਹਨ। ਕਿਸਾਨ ਪਿਛਲੇ ਦਸ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਅੰਦੋਲਨ ਕਰ ਰਹੇ ਹਨ।  ਭਾਜਪਾ  ਨੂੰ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਉਸ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਵੀ ਖਿਸਕਦੀ ਜਾ ਰਹੀ ਹੈ। ਭਾਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉੱਤਰ ਪ੍ਰਦੇਸ਼ ਵਿਚ ਆਪਣੀ ਜਿੱਤ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ ਜਦੋਂਕਿ ਜ਼ਮੀਨੀ ਰਿਪੋਰਟਾਂ ਅਨੁਸਾਰ ਸਮਾਜਵਾਦੀ ਪਾਰਟੀ ਦੀ ਸਥਿਤੀ ਕਾਫ਼ੀ ਮਜ਼ਬੂਤ ਦੱਸੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੇ ਪ੍ਰਿਯੰਕਾ ਗਾਂਧੀ ਦੀ ਅਗਵਾਈ ਵਿਚ ਪਹਿਲਾਂ ਮਹਿੰਗਾਈ ਦੇ ਵਿਰੁੱਧ ਅਤੇ ਹੁਣ ਕਿਸਾਨ ਅੰਦੋਲਨ ਦੇ ਹੱਕ ਵਿਚ ਸਰਗਰਮੀਆਂ ਤੇਜ਼ ਕੀਤੀਆਂ ਹਨ। ਕਾਂਗਰਸ ਜਥੇਬੰਦਕ ਪੱਧਰ ’ਤੇ ਬਹੁਤ ਕਮਜ਼ੋਰ ਹੈ ਪਰ ਉਸ ਦੀਆਂ ਸਰਗਰਮੀਆਂ ਭਾਜਪਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।ਕਿਸਾਨ ਅੰਦੋਲਨ ਨੇ ਭਾਜਪਾ ਦੇ ਕਾਰਪੋਰੇਟ-ਪੱਖੀ ਬਿਰਤਾਂਤ ਨੂੰ ਬਹੁਤ ਸਪੱਸ਼ਟਤਾ ਨਾਲ ਲੋਕਾਂ ਸਾਹਮਣੇ ਲਿਆਂਦਾ ਹੈ ਜਿਸ ਨੇ ਵਿਚਾਰਧਾਰਕ ਤੌਰ ’ਤੇ ਭਾਜਪਾ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਹਨ। ਭਾਜਪਾ ਦੀ ਸਿਆਸੀ ਮਜਬੂਰੀ ਇਹ ਹੈ ਕਿ ਉਹ ਕਾਰਪੋਰੇਟਾਂ ਦੇ ਹਿੱਤਾਂ ਦੀ ਹਮਾਇਤ ਕਰਨ ਤੋਂ ਪਿੱਛੇ ਨਹੀਂ ਹਟ ਸਕਦੀ ਅਤੇ ਇਸ ਲਈ ਉਸ ਕੋਲ ਚੋਣਾਂ ਜਿੱਤਣ ਲਈ ਵੰਡਪਾਊ ਫਿਰਕੂ ਸਿਆਸਤ ਨੂੰ ਸਰਗਰਮ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਕਿਸਾਨ ਅੰਦੋਲਨ ਦੇ ਹਮਦਰਦਾਂ ਨੂੰ ਖ਼ਦਸ਼ਾ ਹੈ ਕਿ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਕਿਸਾਨ ਮੁਜ਼ਾਹਰੇ, ਜਲੂਸ ਜਾਂ ਧਰਨੇ ਦੌਰਾਨ ਅੰਦੋਲਨ ਦੀ ਸ਼ਾਂਤਮਈ ਤੋਰ ਨੂੰ ਭੰਗ ਕੀਤਾ ਜਾਵੇ ਅਤੇ ਹਿੰਸਾ ਕਰਵਾ ਕੇ ਉਸ ਦਾ ਸਿਆਸੀ ਲਾਹਾ ਲਿਆ ਜਾਵੇ।ਨੈਤਿਕ ਪੱਖ ਤੋਂ ਕੇਂਦਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਕਟਹਿਰੇ ਵਿਚ ਖੜ੍ਹੀਆਂ ਹਨ ਪਰ ਭਾਜਪਾ ’ਤੇ ਇਸ ਦਾ ਕੋਈ ਅਸਰ ਨਹੀਂ ਹੈ। ਇਹ ਮੁਮਕਿਨ ਨਹੀਂ ਦਿਖਾਈ ਦੇ ਰਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਸਰਕਾਰ ਤੋਂ ਹਟਾਇਆ ਜਾਵੇ। ਭਾਵੇਂ ਉਨ੍ਹਾਂ ਦੇ ਉੱਪਰ ਲਖੀਮਪੁਰ ਖੀਰੀ 'ਚ ਕਿਸਾਨਾਂ ਉੱਪਰ ਅੱਤਿਆਚਾਰ ਦੇ ਦੋਸ਼ ਹਨ ਅਤੇ ਉਨ੍ਹਾਂ ਦੇ ਬੇਟੇ ਨੂੰ ਹੱਤਿਆ ਦਾ ਦੋਸ਼ੀ ਬਣਾਇਆ ਗਿਆ ਹੈ ਪਰ ਇਨ੍ਹਾਂ ਦੋਸ਼ਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਹਟਾਉਣਾ ਸੰਭਵ ਨਹੀਂ ਹੋਵੇਗਾ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ  ਮੋਦੀ ਨੇ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਤੋਂ ਬ੍ਰਾਹਮਣ ਚਿਹਰੇ ਦੇ ਤੌਰ 'ਤੇ ਸਰਕਾਰ 'ਚ ਸ਼ਾਮਿਲ ਕੀਤਾ ਹੈ। ਯਾਦ ਰਹੇ ਸੱਤ ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ ਸੀ ਤਾਂ ਉਨ੍ਹਾਂ ਨੇ ਉੱਤਰ ਪ੍ਰਦੇਸ਼ ਤੋਂ ਛੇ ਮੰਤਰੀ ਬਣਾਏ ਸਨ, ਜਿਨ੍ਹਾਂ 'ਚ ਪੰਜ ਓ.ਬੀ.ਸੀ. ਅਤੇ ਦਲਿਤ ਹਨ। ਇਕੱਲੇ ਅਜੈ ਮਿਸ਼ਰਾ ਹੀ ਬ੍ਰਾਹਮਣ ਪ੍ਰਤੀਨਿਧੀ ਦੇ ਤੌਰ 'ਤੇ ਸਰਕਾਰ 'ਚ ਸ਼ਾਮਿਲ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਜਾਤੀਵਾਦ ਰਾਜਨੀਤੀ ਤੋਂ ਬ੍ਰਾਹਮਣ ਨਾਰਾਜ਼ ਹਨ। ਕਿਹਾ ਜਾ ਰਿਹਾ ਹੈ ਕਿ ਸਰਕਾਰ 'ਚ ਠਾਕੁਰਾਂ ਨੂੰ ਉੱਚ ਅਹੁਦੇ ਮਿਲ ਰਹੇ ਹਨ ਅਤੇ ਬ੍ਰਾਹਮਣਾਂ 'ਤੇ ਅੱਤਿਆਚਾਰ ਹੋ ਰਹੇ ਹਨ। ਇਸ ਧਾਰਨਾ ਨੂੰ ਬਦਲਣ ਲਈ ਹੀ ਕੇਂਦਰ 'ਚ ਅਜੈ ਮਿਸ਼ਰਾ ਅਤੇ ਰਾਜ ਸਰਕਾਰ 'ਚ ਜਿਤਿਨ ਪ੍ਰਸਾਦ ਨੂੰ ਮੰਤਰੀ ਬਣਾਇਆ ਗਿਆ ਸੀ। ਹੁਣ ਜੇਕਰ ਅਜੈ ਮਿਸ਼ਰਾ ਨੂੰ ਹਟਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਹਟਾਉਣ ਨਾਲ ਇਹ ਧਾਰਨਾ ਬਣੇਗੀ ਕਿ ਉਹ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਹਨ ਅਤੇ ਉਨ੍ਹਾਂ ਦੇ ਬੇਟੇ ਨੇ ਕਿਸਾਨਾਂ ਉੱਪਰ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਮਾਰਿਆ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਹਟਾਉਣ ਦੇ ਦੋ ਖ਼ਤਰੇ ਹਨ। ਪਹਿਲਾ ਤਾਂ ਇਹ ਕਿ ਬ੍ਰਾਹਮਣ ਨਾਰਾਜ਼ ਹੋਣਗੇ ਅਤੇ ਦੂਜਾ ਕਿਸਾਨਾਂ ਦੇ ਦੋਸ਼ ਸਹੀ ਸਾਬਤ ਹੋਣਗੇ।ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਲਖੀਮਪੁਰੀ ਖੀਰੀ ’ਚ ਮਾਰੇ ਗਏ 4 ਕਿਸਾਨਾਂ ਦੇ ਮਾਮਲੇ ਦੀ ਜਾਂਚ ਲਈ ਬਣਾਏ ਗਏ ਇੱਕ ਮੈਂਬਰੀ ਕਮਿਸ਼ਨ ’ਤੇ ਸੰਯੁਕਤ ਕਿਸਾਨ ਮੋਰਚੇ ਨੇ ਸਵਾਲ ਉਠਾਏ ਹਨ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵੱਲੋਂ ਲਖੀਮਪੁਰ ਕਾਂਡ ਦੀ ਸੁਣਵਾਈ ਸ਼ੁਰੂ ਕੀਤੇ ਜਾਣ ਦੇ ਦਬਾਅ ਕਾਰਨ ਇਹ ਕਮਿਸ਼ਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਨੋਟੀਫਿਕੇਸ਼ਨ ਵਿੱਚ ਕਮਿਸ਼ਨ ਕਾਇਮ ਕਰਨ ਦੇ ਮੁੱਖ ਕਾਰਨਾਂ ਜਾਂ ਮਕਸਦ ਬਾਰੇ ਕੁੱਝ ਨਹੀਂ ਦੱਸਿਆ ਗਿਆ ਹੈ, ਜੋ ਸ਼ੰਕੇ ਪੈਦਾ ਕਰਦਾ ਹੈ।