ਗੁਰਦੁਆਰਾ ਗਿਆਨ ਗੋਦੜੀ ਦੇ ਮੁੜ ਨਿਰਮਾਣ ਹੋਵੇ

ਗੁਰਦੁਆਰਾ ਗਿਆਨ ਗੋਦੜੀ ਦੇ ਮੁੜ ਨਿਰਮਾਣ ਹੋਵੇ

 *ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ  ਨੇ ਕੀਤੀ  ਮੰਗ 

ਅੰਮ੍ਰਿਤਸਰ ਟਾਈਮਜ਼

ਜਲੰਧਰ : ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਦੇ ਮੁੜ ਨਿਰਮਾਣ ਲਈ ਸਿੱਖ ਸੰਗਠਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ। ਹੁਣ ਇਕ ਵਾਰ ਮੁੜ ਤੋਂ ਇਹ ਮਾਮਲਾ ਚਰਚਾ ’ਚ ਹੈ। ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਤੈਅ ਬਦਲਵੀਂ ਥਾਂ ਅਤੇ ਮੂਲ ਸਥਾਨ ’ਤੇ ਯਾਦਗਾਰ ਦੀ ਉਸਾਰੀ ਲਈ ਥਾਂ ਅਲਾਟ ਕਰਨ ਦੇ ਲੰਬੇ ਸਮੇਂ ਤੋਂ ਲਟਕ ਰਹੇ ਮਾਮਲੇ ਨੂੰ ਸੁਲਝਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧੀ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੂੰ ਪੱਤਰ ਲਿਖ ਕੇ ਮਾਮਲੇ ’ਚ ਨਿੱਜੀ ਦਖ਼ਲ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਸਿੱਖ ਸੰਗਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਇਹ ਮੰਗ ਪੂਰੀ ਕੀਤੀ ਜਾ ਸਕੇ।ਪੱਤਰ ’ਚ ਲਾਲਪੁਰਾ ਨੇ ਲਿਖਿਆ ਹੈ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1500 ਤੋਂ 1506 ਤਕ ਆਪਣੀ ਪਹਿਲੀ ਉਦਾਸੀ ਦੌਰਾਨ ਹਰਿਦੁਆਰ ਦੀ ਯਾਤਰਾ ਕੀਤੀ ਸੀ। ਉਨ੍ਹਾਂ ਦੀ ਯਾਦ ’ਚ ਹਰਿ ਕੀ ਪਉੜੀ ’ਚ ਗੁਰਦੁਆਰਾ ਗਿਆਨ ਗੋਦੜੀ ਸਥਾਪਤ ਸੀ। 1932 ’ਚ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਹਰ ਕੀ ਪਉੜੀ ਨੇੜੇ ਇਕ ਮਹਿਲ ਬਣਵਾਇਆ ਤੇ ਇਸ ਦਾ ਨਾਂ ਲਢੌਰਾ ਹਾਊਸ ਰੱਖਿਆ, ਜੋ ਬਾਅਦ ’ਚ ਲਢੌਰਾ ਦੇ ਰਾਜਾ ਨਰਿੰਦਰ ਸਿੰਘ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਦਾਨ ਦੇ ਦਿੱਤਾ। ਗੁਰਦੁਆਰੇ ਦੀ ਇਮਾਰਤ ਦਾ ਕੁਝ ਹਿੱਸਾ 1974 ’ਚ ਤੇ ਬਾਕੀ 1984 ’ਚ ਢਾਹ ਦਿੱਤਾ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਗੁਰਦੁਆਰਾ ਗਿਆਨ ਗੋਦੜੀ 1974 ਤਕ ਮੌਜੂਦ ਸੀ ਤੇ ਭੀੜ ਭਾੜ ਕਾਰਨ ਹਰਿ ਕੀ ਪਉੜੀ ਦੇ ਨਿਰਮਾਣ ਦੇ ਬਦਲੇ ਗੁਰਦੁਆਰੇ ਦੇ ਇਕ ਹਿੱਸੇ ਦੀ ਕੁਰਬਾਨੀ ਦੇਣੀ ਪਈ ਤੇ ਇਸ ਨੂੰ ਲਢੌਰਾ ਹਾਊਸ ਦੇ ਨਾਲ ਹੀ ਰਲ਼ਾ ਦਿੱਤਾ ਗਿਆ। ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਗੁਰਦੁਆਰਾ ਗਿਆਨ ਗੋਦੜੀ ਦੇ ਮੂਲ ਸਥਾਨ ’ਤੇ ਇਕ ਯਾਦਗਾਰ ਦੇ ਨਿਰਮਾਣ ਲਈ ਛੋਟੀ ਥਾਂ ਤੇ ਗੁਰਦੁਆਰਾ ਗਿਆਨ ਗੋਦੜੀ ਦੇ ਮੁੜ ਨਿਰਮਾਣ ਲਈ ਇਕ ਬਦਲਵੀਂ ਜ਼ਮੀਨ ਦੀ ਮੰਗ ਕਰ ਰਿਹਾ ਹੈ।ਗੁਰਦੁਆਰਾ ਗਿਆਨ ਗੋਦੜੀ ਪ੍ਰਬੰਧਕ ਕਮੇਟੀ ਹਰਿਦੁਆਰ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਕਮਿਸ਼ਨ ਵੱਲੋਂ 15 ਜਨਵਰੀ 2020 ਨੂੰ ਮਾਮਲੇ ਦੀ ਸੁਣਵਾਈ ਦੌਰਾਨ ਡੀਸੀ ਹਰਿਦੁਆਰ ਨੇ ਦੱਸਿਆ ਸੀ ਕਿ ਜ਼ਮੀਨ ਅਲਾਟ ਕਰਨ ਦੇ ਮਾਮਲੇ ’ਚ 15 ਫਰਵਰੀ 2020 ਨੂੰ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਪਰ ਹੁਣ ਤਕ ਮਾਮਲਾ ਉੱਥੇ ਦਾ ਉੱਥੇ ਹੀ ਹੈ। ਕਮਿਸ਼ਨ ਨੂੰ ਇਹ ਵੀ ਦੱਸਿਆ ਗਿਆ ਸੀ ਕਿ 2002 ’ਚ ਰਾਣੀਪੁਰ ਮੋੜ ਦੇ ਨੇੜੇ, ਪ੍ਰੇਮ ਨਗਰ ਆਸ਼ਰਮ ਦੇ ਉੱਤਰ ’ਚ ਗੰਗਾ ਨਹਿਰ ਪੁਲ਼ ਨੇੜੇ ਇਕ ਥਾਂ ਸਰਕਾਰ ਵੱਲੋਂ ਤੈਅ ਕੀਤੀ ਗਈ ਸੀ ਅਤੇ ਰਜਿਸਟਰਡ ਸੁਸਾਇਟੀ ਗੁਰਦੁਆਰਾ ਗਿਆਨ ਗੋਦੜੀ ਪ੍ਰਬੰਧਕ ਕਮੇਟੀ ਹਰਿਦੁਆਰ ਨੇ ਇਸ ’ਤੇ ਸਹਿਮਤੀ ਵੀ ਦੇ ਦਿੱਤੀ ਸੀ ਪਰ ਗੁਰਦੁਆਰੇ ਦੇ ਨਿਰਮਾਣ ਲਈ ਤੈਅ ਜ਼ਮੀਨ ਹੁਣ ਤਕ ਨਹੀਂ ਸੌਂਪੀ ਗਈ ਹੈ। ਡੀਸੀ ਮੁਤਾਬਕ ਕਿਉਂਕਿ ਇਹ ਜ਼ਮੀਨ ਸਿੰਚਾਈ ਵਿਭਾਗ ਦੀ ਹੈ ਇਸ ਕਰਕੇ ਇਹ ਗੁਰਦੁਆਰੇ ਲਈ ਅਲਾਟ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਸਾਰੀਆਂ ਘਟਨਾਵਾਂ ਨਾਲ ਸਿੱਖ ਭਾਈਚਾਰੇ ਵਿਚ ਬੇਇਨਸਾਫ਼ੀ ਅਤੇ ਬੇਗ਼ਾਨੇਪਨ ਦੀ ਭਾਵਨਾ ਪੈਦਾ ਹੋ ਰਹੀ ਹੈ।