ਕੈਪਟਨ ਵਿਰੁਧ ਹਾਈਕਮਾਂਡ ਦੇ ਤਿਖੇ ਤੇਵਰ,  ਕਿਹਾ ਕਿ ਸਿਆਸਤ ’ਚ ਗੁੱਸੇ ਤੇ ਈਰਖਾ ਲਈ ਨਹੀਂ ਹੈ ਕੋਈ ਥਾਂ’

ਕੈਪਟਨ ਵਿਰੁਧ ਹਾਈਕਮਾਂਡ ਦੇ ਤਿਖੇ ਤੇਵਰ,  ਕਿਹਾ ਕਿ ਸਿਆਸਤ ’ਚ ਗੁੱਸੇ ਤੇ ਈਰਖਾ ਲਈ ਨਹੀਂ ਹੈ ਕੋਈ ਥਾਂ’

ਸਾਢੇ 9 ਸਾਲ ਮੁੱਖ ਮੰਤਰੀ ਬਣਾਇਆ, ਕੈਪਟਨ ਬਿਆਨਾਂ ’ਤੇ ਗੌਰ ਕਰਨਗੇ: ਸ੍ਰੀਨੇਤ

ਭਾਜਪਾ ਆਗੂ ਵਿੱਜ ਨੇ ਕੈਪਟਨ ਨੂੰ ਰਾਸ਼ਟਰਵਾਦੀ ਆਖ ਕੇ ਦਿੱਤੀ ਹੱਲਾਸ਼ੇਰੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਕੁੱਲ ਹਿੰਦ ਕਾਂਗਰਸ ਕਾਂਗਰਸ ਕਮੇਟੀ ਨੇ  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਿੱਖੇ ਤੇਵਰ ਦਿਖਾ ਦਿੱਤੇ ਹਨ ਜਿਸ ਨਾਲ ਨਵੇਂ ਸਿਆਸੀ ਕਲੇਸ਼ ਦਾ ਮੁੱਢ ਬੱਝ ਗਿਆ ਹੈ। ਕਾਂਗਰਸ ਹਾਈ ਕਮਾਨ ਨੇ ਕੈਪਟਨ ਦੇ ਬਾਗ਼ੀ ਸੁਰਾਂ ਵਾਲੀ ਬੋਲ-ਬਾਣੀ ਅੱਗੇ ਨਾ ਝੁਕਣ ਦਾ ਇਸ਼ਾਰਾ ਕੀਤਾ ਹੈ।ਪਾਰਟੀ ਨੇ ਉਨ੍ਹਾਂ ਦੀ ਭਾਸ਼ਾ ’ਚ ਹੀ ਮੋੜਵਾਂ ਜੁਆਬ ਦਿੰਦਿਆਂ ਨਸੀਹਤ ਦਿੱਤੀ ਹੈ। ਚੇਤੇ ਰਹੇ ਕਿ ਕੈਪਟਨ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਗੈਰ-ਤਜਰਬੇਕਾਰ ਆਖ ਕੇ ਹਾਈ ਕਮਾਨ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹਿਆ ਹੈ। ਕਾਂਗਰਸ ਦੀ ਕੌਮੀ ਤਰਜਮਾਨ ਅਤੇ ਪ੍ਰਿਯੰਕਾ ਗਾਂਧੀ ਦੇ ਨੇੜੇ ਸਮਝੀ ਜਾਂਦੀ ਸੁਪ੍ਰਿਆ ਸ੍ਰੀਨੇਤ ਨੇ ਕੈਪਟਨ ਦੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ,‘‘ਸਿਆਸਤ ਵਿਚ ਗੁੱਸੇ ਅਤੇ ਈਰਖਾ ਦੀ ਕੋਈ ਜਗ੍ਹਾ ਨਹੀਂ ਹੁੰਦੀ ਹੈ। ਜੇਕਰ ਕੈਪਟਨ  ਪਾਰਟੀ ਛੱਡਣਾ ਚਾਹੁੰਦੇ ਹਨ ਤਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।’’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹੀ  ਨੂੰ ਸਾਢੇ ਨੌਂ ਸਾਲ ਮੁੱਖ ਮੰਤਰੀ ਬਣਾਇਆ ਤੇ ਉਮੀਦ ਕਰਦੇ ਹਨ ਕਿ ਕੈਪਟਨ ਆਪਣੀਆਂ ਟਿੱਪਣੀਆਂ ’ਤੇ ਮੁੜ ਗੌਰ ਕਰਨਗੇ।ਮੋੜਵੇਂ ਜਵਾਬ ਵਜੋਂ ਸਾਬਕਾ ਮੁੱਖ ਮੰਤਰੀ ਨੇ ਆਪਣੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਜ਼ਰੀਏ ਟਵੀਟ ਕਰਕੇ ਕਿਹਾ,‘‘ਹਾਂ, ਰਾਜਨੀਤੀ ਵਿਚ ਗੁੱਸੇ ਲਈ ਕੋਈ ਥਾਂ ਨਹੀਂ ਹੈ ਪ੍ਰੰਤੂ ਕਾਂਗਰਸ ਵਰਗੀ ਪੁਰਾਣੀ ਪਾਰਟੀ ’ਚ ਅਪਮਾਨ ਲਈ ਥਾਂ ਹੈ? ਜੇ ਮੇਰੇ ਵਰਗੇ ਸੀਨੀਅਰ ਆਗੂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਸਕਦਾ ਹੈ ਤਾਂ ਮੈਂ ਸੋਚਦਾਂ ਹਾਂ ਕਿ ਵਰਕਰਾਂ ਨਾਲ ਕੀ ਹੁੰਦਾ ਹੋਵੇਗਾ।’’ ਸੂਤਰਾਂ ਮੁਤਾਬਕ ਕਾਂਗਰਸ ਹਾਈ ਕਮਾਨ ਸਮਝ ਚੁੱਕੀ ਹੈ ਕਿ ਭਾਜਪਾ ਨੇ ਅੰਦਰੋਂ ਅੰਦਰੀ ਕੈਪਟਨ  ’ਤੇ ਦਬਾਅ ਬਣਾ ਲਿਆ ਹੈ ਅਤੇ ਉਨ੍ਹਾਂ ਨਵਜੋਤ ਸਿੱਧੂ ਖ਼ਿਲਾਫ਼ ਰਾਸ਼ਟਰਵਾਦ ਦਾ ਮੁੱਦਾ ਚੁੱਕ ਲਿਆ ਹੈ।

ਭਾਜਪਾ ਦੇ ਬਹੁਤੇ ਆਗੂ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਕੈਪਟਨ ਨਾਲ ਹਮਦਰਦੀ ਦਿਖਾਉਣ ਲੱਗ ਪਏ ਹਨ। ਉਧਰ ਕਾਂਗਰਸ ਹਾਈ ਕਮਾਨ ਨੂੰ ਫੀਡਬੈਕ ਮਿਲੀ ਹੈ ਕਿ ਕੈਪਟਨ ਦੇ ਅਸਤੀਫ਼ਾ ਦੇਣ ਮਗਰੋਂ ਪੰਜਾਬ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ।  ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਟਵੀਟ ਕਰਕੇ ਕੈਪਟਨ ਨੂੰ ਰਾਸ਼ਟਰਵਾਦੀ ਦੱਸਦੇ ਹੋਏ ਲਿਖਿਆ ਹੈ ਕਿ ਕਾਂਗਰਸ ਨੇ ਸਿਆਸੀ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਾਰ ਦਿੱਤਾ ਹੈ ਕਿਉਂਕਿ ਉਹ ਰਾਸ਼ਟਰਵਾਦੀ ਹਨ ਅਤੇ ਕਾਂਗਰਸ ਉਨ੍ਹਾਂ ਨੂੰ ਅੜਿੱਕਾ ਸਮਝਦੀ ਹੈ|ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਾਸ਼ਟਰਵਾਦੀ ਤਾਕਤਾਂ ਨੂੰ ਕਾਂਗਰਸ ਦੇ ਮਨਸੂਬਿਆਂ ਖ਼ਿਲਾਫ਼ ਹੱਥ ਮਿਲਾ ਲੈਣਾ ਚਾਹੀਦਾ ਹੈ| ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਸਿੱਧੂ ਤਰਫ਼ੋਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਟਵੀਟ ਕੀਤਾ ਹੈ, ‘‘ਕਿਸ ਤਰ੍ਹਾਂ ਦਾ ਰਾਸ਼ਟਰਵਾਦ ਹੈ ਤੁਹਾਡਾ, ਦੇਸ਼ਭਗਤ ਪਰਿਵਾਰ ਦੇ ਬੇਟੇ ਨੂੰ ਤੁਸੀਂ ਪਾਕਿਸਤਾਨ ਨਾਲ ਜੋੜ ਰਹੇ ਹੋ ਜਦੋਂ ਕਿ ਤੁਹਾਡੇ ਪਾਕਿਸਤਾਨੀ ਮਿੱਤਰ ਇੱਥੇ ਸਰਕਾਰੀ ਰਿਹਾਇਸ਼ਾਂ ’ਚ ਸ਼ਾਨੋ ਸ਼ੌਕਤ ਨਾਲ ਰਹੇ। ਅਜਿਹਾ ਨਾ ਹੋਵੇ ਕਿ ਲੋਕ ਤੁਹਾਡੀ ਦੇਸ਼ਭਗਤੀ ’ਤੇ ਸਵਾਲ ਚੁੱਕ ਦੇਣ।