ਤਾਲਿਬਾਨਾਂ ਵਲੋਂ ਵਿਰੋਧੀ ਸੁਰ ਚੁੱਕਣ ’ਤੇ ਔਰਤਾਂ ਨੂੰ ਕੀਤਾ ਜਾ ਰਿਹਾ ਏ ਅਗਵਾ   

ਤਾਲਿਬਾਨਾਂ ਵਲੋਂ ਵਿਰੋਧੀ ਸੁਰ ਚੁੱਕਣ ’ਤੇ ਔਰਤਾਂ ਨੂੰ ਕੀਤਾ ਜਾ ਰਿਹਾ ਏ ਅਗਵਾ   

ਅੰਮ੍ਰਿਤਸਰ ਟਾਈਮਜ਼ ​​​​​​​

ਕਾਬੁਲ - ਤਾਲਿਬਾਨ ਰਾਜ ਦੇ ਖ਼ਿਲਾਫ਼ ਵਿਰੋਧੀ ਸੁਰ ਚੁੱਕਣ ਵਾਲੀਆਂ ਔਰਤਾਂ ਨੂੰ ਚੁੱਪਚਪੀਤੇ ਰਾਤ ਨੂੰ ਉਨ੍ਹਾਂ ਦੇ ਘਰੋਂ ਚੁੱਕ ਲਿਆ ਜਾਂਦਾ ਹੈ। ਇਸ ਦੇ ਬਾਵਜੂਦ ਔਰਤਾਂ ਆਪਣੇ ਅਧਿਕਾਰਾਂ ਲਈ ਡੱਟ ਕੇ ਲੜ ਰਹੀਆਂ ਹਨ।ਇਕ ਅਜਿਹੀ ਔਰਤ ਤਮੰਨਾ ਜਰਯਾਬੀ ਪਰਯਾਨੀ ਨੇ ਪਿਛਲੇ ਹਫ਼ਤੇ ਦਰਜਨਾਂ ਔਰਤਾਂ ਨਾਲ ਸਿੱਖਿਆ ਦੇ ਅਧਿਕਾਰ ਲਈ ਤਾਲਿਬਾਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਤਾਲਿਬਾਨ ਲੜਾਕਿਆਂ ਨੇ ਉਨ੍ਹਾਂ ਨੇ ਖਦੇੜਨ ਲਈ ਉਨ੍ਹਾਂ ’ਤੇ ਮਿਰਚੀ ਪਾਊਡਰ ਛਿੜਕਿਆ ਅਤੇ ਕੁਝ ਨੂੰ ਬਿਜਲੀ ਦੇ ਝਟਕੇ ਵੀ ਦਿੱਤੇ। ਤਮੰਨਾ ਕਾਬੁਲ ਦੇ ਪਰਵਾਨ-2 ਇਲਾਕੇ ਵਿਚ ਇਕ ਫਲੈਟ ਵਿਚ ਰਹਿੰਦੀ ਹੈ। ਹੁਣ ਉਨ੍ਹਾਂ ਦੇ ਆਂਢ-ਗੁਆਂਢ ਵਿਚ ਕਿਸੇ ਨੂੰ ਨਹੀਂ ਪਤਾ ਹੈ ਕਿ ਤਮੰਨਾ ਜਰਯਾਬੀ ਕਿੱਥੇ ਹੈ। ਉਨ੍ਹਾਂ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਤਮੰਨਾ ਅਤੇ ਉਸਦੀਆਂ ਦੋ ਭੈਣਾਂ ਨੂੰ ਤਾਲਿਬਾਨੀ ਲੈ ਗਏ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨੇ ਨਹੀਂ ਦੇਖਿਆ।  ਇਸ ਪ੍ਰਦਰਸ਼ਨ ਵਿਚ ਸ਼ਾਮਲ ਕਈ ਹੋਰ ਔਰਤਾਂ ਵੀ ਲਾਪਤਾ ਹਨ। 

ਪਰਵਾਨਾ ਇਬ੍ਰਾਹਿਮਖੇਲ ਦਾ ਵੀ ਕਿਸੇ ਨੂੰ ਪਤਾ ਨਹੀਂ ਹੈ ਉਹ ਕਿੱਥੇ ਹੈ।ਓਧਰ, ਤਾਲਿਬਾਨ ਬੁਲਾਰੇ ਸੁਹੈਲ ਸ਼ਾਹੀਨ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਔਰਤਾਂ ਨੂੰ ਤਾਲਿਬਾਨ ਨੇ ਹਿਰਾਸਤ ਵਿਚ ਲਿਆ ਹੈ ਤਾਂ ਉਹ ਉਸਨੂੰ ਸਵੀਕਾਰ ਕਰਨਗੇ। ਉਨ੍ਹਾਂ ਨੂੰ ਅਦਾਲਤ ਵਿਚ ਵੀ ਲਿਜਾਇਆ ਜਾਏਗਾ ਅਤੇ ਉਥੋਂ ਉਹ ਆਪਣਾ ਬਚਾਅ ਕਰਨਗੇ। ਜੇਕਰ ਉਨ੍ਹਾਂ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ ਤਾਂ ਦੋਸ਼ ਫਰਜ਼ੀ ਹਨ।