ਗੁਰੂ ਨਾਨਕ ਲਾਂਘੇ ਕਰਤਾਰਪੁਰ ਦੀ ਸਿਆਸਤ

ਗੁਰੂ ਨਾਨਕ ਲਾਂਘੇ ਕਰਤਾਰਪੁਰ ਦੀ ਸਿਆਸਤ

ਰਜਿੰਦਰ ਸਿੰਘ ਪੁਰੇਵਾਲ

ਕੋਰੋਨਾ ਮਹਾਂਮਾਰੀ ਕਾਰਨ ਬੰਦ ਹੋਏ ਕਰਤਾਰਪੁਰ ਲਾਂਘੇ ਦੇ ਮੁੜ ਖੁੱਲ੍ਹਣ 'ਤੇ 20 ਨਵੰਬਰ ਨੂੰ  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ ।ਉੱਥੇ  ਨਵਜੋਤ ਸਿੰਘ ਸਿੱਧੂ ਨੇ  ਕਿਹਾ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਜਾਣਾ ਬਾਬੇ ਨਾਨਕ ਦੀ ਅਪਾਰ ਕ੍ਰਿਪਾ ਹੈ ਤੇ ਸੰਗਤਾਂ ਦੀਆਂ ਅਰਦਾਸਾਂ ਨੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਵਿੱਚ ਵਸ ਕੇ ਇਹ ਇਤਿਹਾਸਕ ਫੈਸਲਾ ਕਰਵਾਇਆ ਹੈ ।ਇਸਦਾ ਅਸੀਂ ਸਵਾਗਤ ਕਰਦੇ ਹਾਂ। ਉਨ੍ਹਾ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ  ਵਪਾਰ ਲਈ ਵਾਘਾ ਬਾਰਡਰ, ਹੁਸੈਨੀਵਾਲਾ, ਸਾਦਕੀ-ਸੁਲੇਮਾਨਕੀ ਰਾਹੀਂ  ਵੀ ਖੋਲਿ੍ਹਆ ਜਾਵੇ, ਤਾਂ ਜੋ ਦੋਵੇਂ ਦੇਸ਼ਾਂ ਦੇ ਸੰਬੰਧ ਸੁਧਰਨ।  ਉਨ੍ਹਾਂਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ  ਦੀ ਤਾਰੀਫ਼ ਕੀਤੀ ਤੇ  ਕਿਹਾ ਕਿ ਉਹ ਮੇਰੇ ਵੱਡੇ ਭਰਾ ਹਨ ਤੇ ਉਹ ਇਹ ਲਾਂਘਾ ਖੋਲ੍ਹਣ ਲਈ ਉਨ੍ਹਾ ਦਾ ਧੰਨਵਾਦ ਕਰਦੇ ਹਨ ।ਨਵਜੋਤ ਸਿੱਧੂ ਦੇ ਵੱਡੇ ਭਰਾ ਵਾਲੇ ਬਿਆਨ ਤੋਂ ਬਾਅਦ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਭਾਜਪਾ ਤੇ ਆਪ ਨੇ ਜ਼ਹਿਰ ਘੋਲੀ ਤੇ ਸਿਧੂ ਦਾ ਗਦਾਰ ਕਿਹਾ। ਪਿਛੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਨਹੀਂ ਰਹੇ।ਇਹ ਸਿਆਸਤ ਅਕਾਲੀ ਦਲ ਨੂੰ ਰਾਸ ਨਹੀਂ ਆਵੇਗੀ। ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਦੇ ਬੋਲ ਭਗਵੀ ਸਿਆਸਤ ਨਾਲ ਮੇਲ ਖਾਂਦੇ ਸਨ।  ਉਹ ਕਾਫ਼ੀ ਸਮੇਂ ਤੋਂ ਹੀ ਭਾਜਪਾ ਦੀ ਬੋਲੀ ਬੋਲਦੇ ਆ ਰਹੇ ਹਨ ।ਉਹਨਾਂ ਨੇ ਵੀ ਸਿਧੂ ਨੂੰ ਦੇਸ ਵਿਰੋਧੀ ਦਸਿਆ।

 ਪੰਜਾਬੋਂ ਬਾਹਰਲੇ ਆਗੂ ਇਹ ਨਹੀਂ ਜਾਣਦੇ ਕਿ ਪੰਜਾਬ ਦੇ ਸਿੱਖ ਗੁਰੂਆਂ ਦੇ ਅਨੁਯਾਈ ਰੋਜ਼ਾਨਾ ਪੰਥ ਤੋਂ ਵਿਛੋੜੇ ਗਏ ਗੁਰੂਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰ ਦੀ ਅਰਦਾਸ ਕਰਦੇ ਹਨ । ਸਰਹੱਦ ਨਾਮੀ ਦੀਵਾਰ ਵਿੱਚ ਜਦੋਂ ਵੀ ਇਸ ਲਾਂਘੇ ਵਰਗੀ ਕੋਈ ਖਿੜਕੀ ਖੁਲ੍ਹਦੀ ਹੈ ਤਾਂ ਪੰਜਾਬੀਆਂ ਨੂੰ  ਚਾਅ ਚੜ੍ਹ ਜਾਂਦਾ ਹੈ ।ਸਿਧੂ ਦਾ ਚਾਅ ਪੰਜਾਬੀਆਂ ਤੋਂ ਵਖਰਾ ਨਹੀਂ।  ਯੂਰੋਪ ਨੇ ਸੈਂਕੜੇ ਸਾਲਾਂ ਦੀਆਂ ਜੰਗਾਂ ਤੋਂ ਬਾਅਦ ਜੇਕਰ ਯੂਰੋਪੀਅਨ ਯੂਨੀਅਨ ਬਣਾ ਕੇ ਸਾਂਝੀ ਕਰੰਸੀ, ਸਾਂਝੀ ਸੁਰੱਖਿਆ ਅਤੇ ਸਾਂਝੀ ਪਾਰਲੀਮੈਂਟ ਤੱਕ ਦਾ ਸਫ਼ਰ ਤੈਅ ਕੀਤਾ ਹੈ ਤਾਂ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਵਾਸਤੇ ਸਰਹੱਦ  ਕਿਉਂ ਨਹੀਂ ਖੋਲੀ  ਜਾ ਸਕਦੀ?ਦੋਵਾਂ ਦੇਸ਼ਾਂ ਸਾਹਮਣੇ ਆਰਥਿਕ ਵਿਕਾਸ ਨਾਲ ਜੁੜੀਆਂ ਸਮੱਸਿਆਵਾਂ ਦਾ ਇਕ ਰਾਹ ਸਰਹੱਦਾਂ ਖੋਲ੍ਹਣ ਨਾਲ ਜੁੜਿਆ ਹੋਇਆ ਹੈ। ਕੀ ਇਹ ਪ੍ਰਧਾਨ ਮੰਤਰੀ ਮੋਦੀ ਤੇ  ਤੇ ਇਮਰਾਨ ਖਾਨ ਦੀ ਸਾਂਝ ਬਿਨਾਂ ਸੰਭਵ ਹੈ। ਜੇ ਸੰਭਵ ਨਹੀਂ ਤਾਂ ਭਾਰਤ ਦੇ ਹੋਛੇ ਸਿਆਸਦਾਨ ਨਫਰਤੀ ਸਿਆਸਤ ਕਿਉਂ ਖੇਡ ਰਹੇ ਹਨ। 

  ਯੂਪੀ ਵਿਚ 22 ਸਾਲਾ ਨੌਜਵਾਨ ਦੀ ਹਿਰਾਸਤੀ ਮੌਤ

ਉੱਤਰ ਪ੍ਰਦੇਸ਼ ਦੇ ਕਸਬੇ ਕੇਸਗੰਜ ਦੇ ਇਕ ਥਾਣੇ ਵਿਚ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ 22 ਸਾਲਾ ਨੌਜਵਾਨ ਦੀ ਮੌਤ ਨੇ ਲੋਕਾਂ ਦਾ ਧਿਆਨ ਫਿਰ ਹਵਾਲਾਤੀ ਅਤੇ ਨਿਆਇਕ ਹਿਰਾਸਤ ਵਿਚ ਹੋਣ ਵਾਲੀਆਂ ਮੌਤਾਂ ਵੱਲ ਖਿੱਚਿਆ ਹੈ। ਪੁਲੀਸ ਅਨੁਸਾਰ ਇਸ ਨੌਜਵਾਨ ਨੇ ਆਪਣੀ ਜੈਕਟ ਦੀ ਡੋਰੀ ਨਾਲ ਲੱਗਭੱਗ ਦੋ ਫੁੱਟ ਉੱਚੀ ਪਾਣੀ ਦੀ ਨਲਕੀ ਨਾਲ ਫਾਹਾ ਲੈ ਲਿਆ। ਪੁਲੀਸ ਦੀ ਇਹ ਕਹਾਣੀ ਫਿਲਮੀ ਕਹਾਣੀ ਹੈ।  ਇਸ ਸੰਬੰਧ ਵਿਚ 5 ਪੁਲੀਸ ਕਰਮਚਾਰੀ ਮੁਅੱਤਲ ਕਰ ਦਿਤੇ  ਹਨ ।ਅਤੇ ਸਥਾਨਕ ਮੈਜਿਸਟਰੇਟ ਘਟਨਾ ਦੀ ਜਾਂਚ ਕਰੇਗਾ।ਹਵਾਲਾਤੀ ਅਤੇ ਨਿਆਇਕ ਹਿਰਾਸਤ ਵਿਚ ਹੋਣ ਵਾਲੀਆਂ ਮੌਤਾਂ ਇਹ ਦਰਸਾਉਂਦੀਆਂ ਹਨ ਕਿ  ਭਾਰਤ ਦੀ ਪੁਲੀਸ ਅਤੇ ਨਿਆਂ ਪ੍ਰਣਾਲੀ ਘਟ ਗਿਣਤੀਆਂ ਨਾਲ ਵਿਤਕਰਾ ਕਰ ਰਹੀ ਹੈ।ਇਹੋ ਕੁਝ ਸਿਖਾਂ ਨਾਲ ਪੰਜਾਬ ਵਿਚ ਵਾਪਰਿਆ ਹੈ।ਤਸ਼ੱਦਦ ਵਿਰੁੱਧ ਕੌਮੀ ਮੁਹਿੰਮ (ਨੈਸ਼ਨਲ ਕੰਪੇਨ ਅਗੇਂਸਟ ਟਾਰਚਰ) ਨਾਮੀ ਸੰਸਥਾ ਅਨੁਸਾਰ ਰੋਜ਼ਾਨਾ ਹਿਰਾਸਤ ’ਚ ਲਏ ਗਏ 5 ਵਿਅਕਤੀਆਂ ਦੀ ਮੌਤ ਹੁੰਦੀ ਹੈ। ਅਗਸਤ 2021 ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ’ਵਿਚ ਦੱਸਿਆ ਸੀ ਕਿ ਤਿੰਨ ਸਾਲਾਂ ’ਚ 348 ਵਿਅਕਤੀਆਂ ਦੀ ਪੁਲੀਸ ਹਿਰਾਸਤ ਤੇ 5221 ਦੀ ਨਿਆਇਕ ਹਿਰਾਸਤ ਵਿਚ ਮੌਤ ਹੋਈ। ਪੁਲੀਸ ਤੇ ਜੇਲ੍ਹ ਅਧਿਕਾਰੀ ਆਮ ਕਰਕੇ ਇਨ੍ਹਾਂ ਮੌਤਾਂ ਦਾ ਕਾਰਨ ਖ਼ੁਦਕੁਸ਼ੀ, ਬਿਮਾਰੀ ਆਦਿ ਦੱਸਦੇ ਹਨ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਟੀਸੀ) ਅਨੁਸਾਰ 2021 ਦੇ ਪਹਿਲੇ ਪੰਜ ਮਹੀਨਿਆਂ ਵਿਚ 1067 ਵਿਅਕਤੀਆਂ ਦੀ ਮੌਤ ਹਿਰਾਸਤ (ਹਵਾਲਾਤੀ ਅਤੇ ਨਿਆਇਕ) ਦੌਰਾਨ ਹੋਈ। ਮਾਰਚ 2011 ਤੋਂ ਮਾਰਚ 2020 ਦੌਰਾਨ ਹਿਰਾਸਤ ਵਿਚ ਹੋਈਆਂ ਮੌਤਾਂ ਦੀ ਗਿਣਤੀ 17146 ਸੀ। ਇਨ੍ਹਾਂ ਵਿਚੋਂ ਲਗਭੱਗ ਦੋ ਤਿਹਾਈ ਦਲਿਤ ਅਤੇ ਪੱਛੜੀਆਂ ਜਾਤਾਂ ਨਾਲ ਸਬੰਧਿਤ ਸਨ।

ਤਸ਼ੱਦਦ ਵਿਰੁੱਧ ਕੌਮੀ ਮੁਹਿੰਮ ਨਾਮੀ ਸੰਸਥਾ ਅਨੁਸਾਰ 2004 ਤੋਂ 2018 ਵਿਚਕਾਰ 54 ਪੁਲੀਸ ਕਰਮਚਾਰੀਆਂ ਵਿਰੁੱਧ ਪੁਲੀਸ ਹਿਰਾਸਤ ਵਿਚ ਹੋਈਆਂ ਮੌਤਾਂ ਕਾਰਨ ਦੋਸ਼ ਪੱਤਰ (ਚਾਰਜਸ਼ੀਟ) ਪੇਸ਼ ਕੀਤੇ ਗਏ ਪਰ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ। ਪੰਜਾਬ ਲਵਾਰਸ਼ ਲਾਸ਼ਾਂ ਦੇ ਦੋਸ਼ੀ ਪੁਲਿਸ ਅਫਸਰ ਛੁਟ ਗਏ।ਇਸ ਵਰਤਾਰੇ ਵਿਰੁੱਧ ਸਭ ਨੂੰ ਲਗਾਤਾਰ ਆਵਾਜ਼ ਉਠਾਉਣੀ ਚਾਹੀਦੀ ਹੈ। ਇਹ ਜਮਹੂਰੀਅਤ ਊਪਰ ਕਲੰਕ ਹੈ।।