ਭਾਜਪਾ ਆਗੂ ਸ਼ਵੇਤ ਮਲਿਕ ਦਾ ਬਠਿੰਡਾ 'ਚ ਕਿਸਾਨਾਂ ਵਲੋਂ   ਵਿਰੋਧ

ਭਾਜਪਾ ਆਗੂ ਸ਼ਵੇਤ ਮਲਿਕ ਦਾ ਬਠਿੰਡਾ 'ਚ ਕਿਸਾਨਾਂ ਵਲੋਂ   ਵਿਰੋਧ

ਅੰਮ੍ਰਿਤਸਰ ਟਾਈਮਜ਼ ਬਿਉਰੋ

ਬਠਿੰਡਾਰਾਜ ਸਭਾ ਮੈਂਬਰ ਤੇ ਸਾਬਕਾ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਦਾ ਆਲ ਇੰਡੀਆ ਇੰਸਟੀਚਿਊਸ਼ਨਜ਼ ਆਫ਼ ਮੈਡੀਕਲ ਸਾਇੰਸਿਜ਼ ਵਿਚ ਗੱਡੀਆਂ ਦੇ ਕਾਫ਼ਲੇ ਵਿਚ ਪਹੁੰਚਣ ਸਮੇਂ ਕਿਸਾਨਾਂ ਨੇ ਘਿਰਾਓ ਕੀਤਾ ਤੇ ਭਾਜਪਾ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਹਾਲਾਂਕਿ ਪੁਲਿਸ ਵਲੋਂ ਕਿਸਾਨਾਂ ਅੱਗੇ ਬੈਰੀਕੇਡ ਲਗਾ ਕੇ ਰੋਕਣ ਲਈ ਜੱਦੋਜਹਿਦ ਕਰਨੀ ਪਈ ਤੇ ਇਸ ਦੌਰਾਨ ਧੱਕਾਮੁੱਕੀ ਹੋਈ।ਦਰਅਸਲ, ਬੀਕੇਯੂ ਸਿੱਧੂਪੁਰ, ਬੀਕੇਯੂ ਉਗਰਾਹਾਂ ਤੇ ਬੀਕੇਯੂ ਡਕੌਂਦਾ ਵੱਲੋਂ ਭਾਜਪਾ ਆਗੂ ਸ਼ਵੇਤ ਦੇ ਏਮਜ਼ ’ਚ ਆਉਣ ਦੀ ਪਹਿਲਾਂ ਹੀ ਮਿਲੀ ਜਾਣਕਾਰੀ ਕਾਰਨ ਕਿਸਾਨ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ ਜਦ ਭਾਜਪਾ ਆਗੂ ਆਪਣੀ ਗੱਡੀਆਂ ਦੇ ਕਾਫ਼ਲੇ ਨਾਲ ਏਮਜ਼ ਦੇ ਮੁੱਖ ਗੇਟ ਤੋਂ ਲੰਘਣ ਲੱਗਿਆ ਤਾਂ ਕਿਸਾਨਾਂ ਨੇ ਨਾਅਰੇਬਾਜ਼ੀ ਹੋਰ ਤਿੱਖੀ ਕਰ ਦਿੱਤੀ।ਕਿਸਾਨ ਕਾਰਕੁਨਾਂ ਨੇ ਘਿਰਾਓ ਕਰਦਿਆਂ ਕਿਹਾ ਕਿ ਖੇਤੀ ਕਾਲੇ ਕਾਨੂੰਨਾਂ ਕੇ ਕੇਂਦਰੀ ਹਾਕਮਾਂ ਨੇ ਕਿਸਾਨਾਂ ਨੂੰ ਦੁਖੀ ਕਰ ਦਿੱਤਾ ਹੈ ਤੇ ਇਸ ਨੂੰ ਰੱਦ ਕਰਵਾਉਣ ਲਈ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਕੋਈ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨਾਂ ਵਿਚ ਬਹੁਤ ਗੁੱਸਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇਸ ਦਾ ਖ਼ਾਮਿਆਜ਼ਾ ਭੁਗਤਣਾ ਪਵੇਗਾ।

ਇੱਥੇ ਜ਼ਿਕਰਯੋਗ ਹੈ ਕਿ ਸਾਬਕਾ ਭਾਜਪਾ ਸੂਬਾ ਪ੍ਰਧਾਨ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਏਮਜ਼ ਬਠਿੰਡਾ ਦਾ ਗਵਰਨਿੰਗ ਕੌਂਸਲ ਦਾ ਮੈਂਬਰ ਤੇ ਸਟੈਂਡਿੰਗ ਅਸਟੇਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਕਮੇਟੀ ਦੀ ਉੱਚ ਪੱਧਰੀ ਬੈਠਕ ਸਬੰਧੀ ਪੁੱਜੇ ਸਨ ।ਖੇਤੀ ਕਾਨੂੰਨਾਂ ਬਾਰੇ ਗੱਲ ਕਰਦਿਆਂ ਸ਼ਵੇਤ ਨੇ ਕਿਹਾ ਕਿ ਇਹ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਕਪਿਲ ਸਿੱਬਲ, ਰਾਹੁਲ ਗਾਂਧੀ ਤੇ ਮਨਮੋਹਨ ਸਿੰਘ ਤਕ ਗੱਲਾਂ ਕਰਦੇ ਰਹੇ ਪਰ ਹੁਣ ਉਹ ਇਸ ਦੇ ਉਲਟ ਹੋ ਗਏ ਹਨ।ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਸਹੀ ਹਨ, ਇਸ ਨਾਲ ਪੁਰਾਣੀ ਪ੍ਰਣਾਲੀ ਰੋਕੀ ਨਹੀਂ ਜਾਵੇਗੀ। ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਪਹਿਲਾਂ ਵੀ ਬੈਠ ਕੇ ਗੱਲ ਕਰਨ ਦਾ ਸੱਦਾ ਦਿੱਤਾ ਹੈ ਅਤੇ ਹੁਣ ਉਹ ਬੈਠ ਕੇ ਗੱਲ ਕਰ ਸਕਦੇ ਹਨ।