ਮਈ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼  ਸੰਸਦ ਵੱਲ ਕਰਨਗੇ ਮਾਰਚ  

ਮਈ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼  ਸੰਸਦ ਵੱਲ ਕਰਨਗੇ ਮਾਰਚ  

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਹੁਣ ਦਿੱਲੀ ਦੇ ਦੁਆਲੇ ਦੀ ਪੈਰੀਫਰਲ ਰੋਡ ‘ਕੁੰਡਲੀ ਮਾਨੇਸਰ-ਪਲਵਲ’ ਅਤੇ ‘ਕੁੰਡਲੀ-ਗਾਜ਼ੀਆਬਾਦ-ਪਲਵਲ’ ਨੂੰ 10 ਅਪਰੈਲ ਨੂੰ 24 ਘੰਟੇ ਲਈ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। 13 ਅਪਰੈਲ ਨੂੰ ਵਿਸਾਖੀ ਦਾ ਤਿਉਹਾਰ ਵੀ ਦਿੱਲੀ ਦੀਆਂ ਚਾਰੋਂ ਹੱਦਾਂ ਉਪਰ ਮਨਾਉਣ ਸਮੇਤ ਡਾ. ਬੀ. ਆਰ. ਅੰਬੇਦਕਰ ਦਾ ਜਨਮ ਦਿਨ ‘ਸੰਵਿਧਾਨ ਬਚਾਓ ਦਿਵਸ’ ਦੇ ਰੂਪ ਵਿੱਚ 14 ਅਪਰੈਲ ਨੂੰ ਮਨਾਇਆ ਜਾਵੇਗਾ। ਮਜ਼ਦੂਰ ਦਿਵਸ ਮੌਕੇ 1 ਮਈ ਨੂੰ ਸਾਰਾ ਦਿਨ ‘ਮਜ਼ਦੂਰ-ਕਿਸਾਨ ਏਕਤਾ’ ਦੇ ਲੇਖੇ ਲਾਇਆ ਜਾਵੇਗਾ। ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਸਾਰੀਆਂ ਜਥੇਬੰਦੀਆਂ ਵੱਲੋਂ 5 ਅਪਰੈਲ ਨੂੰ ਕੌਮੀ ਪੱਧਰ ’ਤੇ ‘ਐਫਸੀਆਈ’ ਦਫ਼ਤਰਾਂ ਦਾ ਘਿਰਾਓ ਕਰਨ ਲਈ  ਸਿੰਘੂ ਬਾਰਡਰ ’ਤੇ ਹਾਜ਼ਰ ਕਿਸਾਨ ਆਗੂਆਂ ਨੇ ਬੈਠਕ ਕਰਕੇ ਚਰਚਾ ਕੀਤੀ। ਮਈ ਦੇ ਪਹਿਲੇ ਹਫ਼ਤੇ ਸੰਸਦ ਵੱਲ ਮਾਰਚ ਵੀ ਕੀਤਾ ਜਾਵੇਗਾ।  ਪ੍ਰੈੱਸ ਕਾਨਫਰੰਸ ਵਿੱਚ ਗੁਰਨਾਮ ਸਿੰਘ ਚੜੂਨੀ, ਪ੍ਰੇਮ ਸਿੰਘ ਭੰਗੂ, ਸਤਨਾਮ ਸਿੰਘ ਅਜਨਾਲਾ, ਰਵਿੰਦਰ ਕੌਰ, ਸੰਤੋਖ ਸਿੰਘ, ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਨੈਨ ਤੇ ਪ੍ਰਦੀਪ ਧਨਖੜ ਹਾਜ਼ਰ ਸਨ।

ਕਿਸਾਨ ਆਗੂਆਂ ਨੇ ਦੱਸਿਆ ਕਿ ਮੋਰਚੇ ਦੀ ਅਗਵਾਈ ਹੇਠ ‘ਸੰਸਦ ਮਾਰਚ’ ਮਈ ਦੇ ਪਹਿਲੇ ਪੰਦਰਵਾੜੇ ਵਿੱਚ ਕੀਤਾ ਜਾਵੇਗਾ। ਇਸ ਵਿੱਚ ਔਰਤਾਂ, ਦਲਿਤ-ਆਦਿਵਾਸੀ-ਬਹੁਜਨ, ਬੇਰੁਜ਼ਗਾਰ ਨੌਜਵਾਨ ਅਤੇ ਸਮਾਜ ਦਾ ਹਰ ਵਰਗ ਸ਼ਾਮਲ ਹੋਵੇਗਾ। ਸ਼ਾਂਤਮਈ ਲੋਕ ਆਪਣੇ ਵਾਹਨਾਂ ਵਿਚ ਆਪਣੇ ਪਿੰਡਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੱਕ ਆਉਣਗੇ। ਇਸ ਤੋਂ ਬਾਅਦ ਦਿੱਲੀ ਦੀਆਂ ਕਈ ਹੱਦਾਂ ਤੋਂ ਸੰਸਦ ਤੱਕ ਪੈਦਲ ਮਾਰਚ ਕੀਤਾ ਜਾਵੇਗਾ। ਨਿਰਧਾਰਿਤ ਤਰੀਕ ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ।

 ਆਗੂਆਂ ਨੇ ਤ੍ਰਿਵੇਂਦਰਮ ਵਿਚ ਭਾਜਪਾ/ਐਨਡੀਏ ਨੂੰ ਵੋਟ ਨਾ ਪਾਉਣ ਦਾ ਬੈਨਰ ਫੜ ਕੇ ਖੜ੍ਹੇ ਕਿਸਾਨ ਆਗੂ ਬੀਜੂ ਤੇ ਹੋਰਾਂ ’ਤੇ ਭਾਜਪਾ-ਆਰਐੱਸਐੱਸ ਦੇ ਵਰਕਰਾਂ ਵੱਲੋਂ ਹਮਲਾ ਕਰਨ ਦੀ ਨਿਖੇਧੀ ਕੀਤੀ।