ਦੀਪ ਸਿੱਧੂ ਦਾ ਕੋਰਟ 'ਚ ਦਾਅਵਾ, ਕੋਈ ਸਬੂਤ ਨਹੀਂ ਹੈ ਕਿ ਮੈਂ ਭੀੜ ਇਕੱਠੀ ਕੀਤੀ

ਦੀਪ ਸਿੱਧੂ ਦਾ ਕੋਰਟ 'ਚ ਦਾਅਵਾ, ਕੋਈ ਸਬੂਤ ਨਹੀਂ ਹੈ ਕਿ ਮੈਂ ਭੀੜ ਇਕੱਠੀ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ : ਕਿਸਾਨ ਟਰੈਕਟਰ ਪਰੇਡ ਦੌਰਾਨ 26 ਜਨਵਰੀ ਨੂੰ ਹੋਈ ਹਿੰਸਾ ਨੂੰ ਲੈ ਕੇ ਮੁਲਜ਼ਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਵੀਰਵਾਰ ਨੂੰ ਦਿੱਲੀ ਕੋਰਟ 'ਚ ਸਫਾਈ ਦਿੱਤੀ ਹੈ। ਲਾਲ ਕਿਲ੍ਹਾ ਹਿੰਸਾ 'ਚ ਮੁਲਜ਼ਮ ਦੀਪ ਸਿੱਧੂ ਦੇ ਵਕੀਲ ਨੇ ਕੋਰਟ 'ਚ ਕਿਹਾ ਕਿ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਉਸ ਨੇ ਹਿੰਸਾ ਲਈ ਲੋਕਾਂ ਨੂੰ ਭੜਕਾਇਆ। ਉਸ ਨੇ ਇਹ ਵੀ ਕਿਹਾ ਕਿ ਕਿਸਾਨ ਟਰੈਕਟਰ ਪਰੇਡ ਲਈ ਕਿਸਾਨ ਆਗੂਆਂ ਵੱਲੋਂ ਅਪੀਲ ਕੀਤੀ ਗਈ ਸੀ। ਦੀਪ ਸਿੱਧੂ ਤਾਂ ਕਿਸਾਨ ਯੂਨੀਅਨ ਦਾ ਮੈਂਬਰ ਨਹੀਂ ਹੈ। ਦੀਪ ਨੇ ਲਾਲ ਕਿਲ੍ਹੇ 'ਚ ਜਾਣ ਲਈ ਕੋਈ ਕਾਲ ਵੀ ਨਹੀਂ ਕੀਤੀ। ਕੋਰਟ ਦੇ ਸਾਹਮਣੇ ਦੀਪ ਸਿੱਧੂ ਨੇ ਆਪਣੇ ਵਕੀਲ ਰਾਹੀਂ ਕਿਹਾ ਕਿ ਉਸ ਨੇ ਦਿੱਲੀ 'ਚ ਹਿੰਸਾ ਦਾ ਇਕ ਵੀ ਕੰਮ ਨਹੀਂ ਕੀਤਾ ਹੈ। ਹਿੰਸਾ ਭੜਕਾਉਣ ਤੋਂ ਪਹਿਲਾਂ ਹੀ ਉਹ ਅੰਦੋਲਨ ਤੋਂ ਵੱਖ ਹੋ ਗਿਆ ਸੀ। ਦੀਪ ਸਿੱਧੂ ਦੀ ਜ਼ਮਾਨਤ 'ਤੇ  ਸੋਮਵਾਰ ਨੂੰ ਸੁਣਵਾਈ ਹੋਵੇਗੀ।

ਬੁੱਧਵਾਰ ਨੂੰ ਹਰਿਆਣਾ ਦੇ ਯਮੁਨਾਨਗਰ 'ਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਨੇ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੀ ਘਟਨਾ ਦੇ ਮੁਲਜ਼ਮ ਦੀਪ ਸਿੱਧੂ ਅੰਦੋਲਨਕਾਰੀਆਂ ਨਾਲ ਆਉਣਾ ਚਾਹੁੰਦੇ ਹਨ ਤਾਂ ਆ ਸਕਦੇ ਹਨ। ਇਸ 'ਚ ਕੋਈ ਬੁਰਾਈ ਨਹੀਂ।