ਫਿਲਮਾਂ ਰਾਹੀਂ ਮਿਰਜ਼ਾ ਸਾਹਿਬਾਂ ਦੇ ਕਿੱਸੇ ਦਾ ਬਿਰਤਾਂਤ

ਫਿਲਮਾਂ ਰਾਹੀਂ ਮਿਰਜ਼ਾ ਸਾਹਿਬਾਂ ਦੇ ਕਿੱਸੇ ਦਾ ਬਿਰਤਾਂਤ

ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਂਵਾਲ ਅਤੇ ਮਿਰਜ਼ਾ ਸਾਹਿਬਾਂ ਇਹ ਚਾਰ ਮੁੱਖ ਪ੍ਰੀਤ ਕਥਾਵਾਂ ਹਨ ਜਿਨ੍ਹਾਂ ਨੂੰ ਪੰਜਾਬੀ ਕਿੱਸਾਕਾਰਾਂ ਨੇ ਬੇਹੱਦ ਖੂਬਸੂਰਤੀ ਨਾਲ ਬਿਆਨ ਕੀਤਾ

ਪੰਜਾਬੀ ਜ਼ਬਾਨ ਵਿਚ ਕਿੱਸਾ ਲਿਖਣ ਦਾ ਮੋਢੀ ਕਿੱਸਾਕਾਰ ਦਮੋਦਰ ਨੂੰ ਮੰਨਿਆ ਜਾਂਦਾ ਹੈ ਜਿਸ ਨੇ ਹੀਰ ਦਾ ਕਿੱਸਾ ਲਿਖਿਆ ਸੀ ।ਜੇਕਰ ਗੱਲ ਕੀਤੀ ਜਾਵੇ ਮਿਰਜ਼ਾ ਸਾਹਿਬਾਂ ਦੇ ਇਸ਼ਕ ਦੀ ਦਾਸਤਾਨ 'ਤੇ ਲਿਖੇ ਕਿੱਸਿਆ ਬਾਰੇ ਤਾਂ ਦਮੋਦਰ ਦੇ ਲਿਖੇ ਹੀਰ ਦੇ ਕਿੱਸੇ ਤੋਂ ਬਾਅਦ ਕਿੱਸਾਕਾਰ ਪੀਲੂ ਨੇ ਸਭ ਤੋਂ ਪਹਿਲਾਂ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਿਆ । ਪੀਲੂ ਤੋਂ ਬਾਅਦ ਹਾਫ਼ਿਜ਼ ਬਰਖੁਰਦਾਰ, ਮੁਹੰਮਦ ਬਖ਼ਸ਼, ਮੀਰਾਂ ਸ਼ਾਹ ਜਲੰਧਰੀ, ਭਗਵਾਨ ਸਿੰਘ, ਦਇਆ ਸਿੰਘ ਅਤੇ ਮੁਹੰਮਦ ਬੂਟਾ ਗੁਜਰਾਤੀ ਨੇ ਵੀ ਮਿਰਜ਼ਾ ਸਾਹਿਬਾਂ ਦੇ ਪਿਆਰ ਦੀ ਦਾਸਤਾਨ 'ਤੇ ਖੂਬਸੂਰਤ ਕਿੱਸੇ ਲਿਖੇ । ਪਰ ਕਿੱਸਾਕਾਰ ਪੀਲੂ ਵਲੋਂ ਆਪਣੀ ਵਿਲੱਖਣ ਸ਼ੈਲੀ ਵਿਚ ਲਿਖਿਆ ਕਿੱਸਾ ਮਿਰਜ਼ਾ ਸਾਹਿਬਾਂ ਨੂੰ ਲੋਕਾਂ ਵਿਚ ਸਭ ਤੋਂ ਵੱਧ ਮਕਬੂਲੀਅਤ ਹਾਸਿਲ ਹੋਈ । ਪੰਜਾਬੀ ਅਦਬ ਵਿਚ ਉਸ ਦੀ ਇਸ ਰਚਨਾ ਨੂੰ ਸ਼ਾਹਕਾਰ ਰਚਨਾ ਮੰਨਿਆ ਗਿਆ ਹੈ । ਦਾਨਾਬਾਦ ਦੇ ਖ਼ਰਲ ਚੌਧਰੀ ਵੰਝਲ ਦਾ ਪੁੱਤਰ ਮਿਰਜ਼ਾ ਅਤੇ ਖੀਵੇ ਦੇ ਸਿਆਲ ਚੌਧਰੀ ਖੀਵੇ ਖਾਨ ਦੀ ਲਾਡਲੀ ਧੀ ਸਾਹਿਬਾਂ ਦੇ ਇਸ਼ਕ ਦੀ ਦਾਸਤਾਨ 'ਤੇ ਰਚੇ ਇਸ ਕਿੱਸੇ ਦੀ ਖੂਬਸੂਰਤੀ ਨੂੰ ਵੇਖ ਕੇ ਭਾਰਤੀ ਫ਼ਿਲਮਸਾਜ਼ਾਂ ਨੇ ਇਸ ਨੂੰ ਫ਼ਿਲਮੀ ਪਰਦੇ 'ਤੇ ਲੈ ਕੇ ਆਂਦਾ ।

1947 ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਬਾਲੀਵੁੱਡ ਫ਼ਿਲਮ ਇੰਡਸਟਰੀ, ਚੜ੍ਹਦੇ ਪੰਜਾਬ (ਭਾਰਤ) ਦੀ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਲਾਹੌਰ ਫ਼ਿਲਮ ਇੰਡਸਟਰੀ ਵਿਚ ਮਿਰਜ਼ਾ ਸਾਹਿਬਾਂ ਦੇ ਇਸ਼ਕ ਦੀ ਦਾਸਤਾਨ ਨੂੰ ਅਨੇਕਾਂ ਵਾਰ ਫ਼ਿਲਮੀ ਪਰਦੇ 'ਤੇ ਉਤਾਰਿਆ ਗਿਆ ।ਮੂਕ ਫਿਲਮਾਂ ਦੇ ਦੌਰ ਵਿਚ ਸੰਨ 1929 ਵਿਚ ਕਿੱਸਾ ਮਿਰਜ਼ਾ ਸਾਹਿਬਾਂ ਨੂੰ ਪਹਿਲੀ ਵਾਰ ਫ਼ਿਲਮੀ ਪਰਦੇ 'ਤੇ ਵਿਖਾਇਆ ਗਿਆ । ਸ਼ਾਰਧਾ ਫ਼ਿਲਮ ਕੰਪਨੀ, ਬੰਬਈ ਦੇ ਬੈਨਰ ਹੇਠ ਬਣੀ ਅਤੇ ਸ਼੍ਰੀ ਭਗਵਤੀ ਪ੍ਰਸਾਦ ਮਿਸ਼ਰਾ ਦੁਆਰਾ ਨਿਰਦੇਸ਼ਿਤ ਹਿੰਦੀ ਫ਼ਿਲਮ ਮਿਰਜ਼ਾ ਸਾਹਿਬਾਂ ਵਿਚ ਅਦਾਕਾਰ ਮਾਸਟਰ ਵਿੱਠਲ, ਜ਼ੇਬ ਉਲ-ਨਿਸਾ, ਨੰਦਰਾਮ ਅਤੇ ਪੀ.ਆਰ.ਜੋਸ਼ੀ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ ।

ਸੰਨ 1933 ਵਿਚ ਇਕ ਵਾਰ ਫਿਰ ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਹਾਣੀ ਨੂੰ ਫ਼ਿਲਮੀ ਪਰਦੇ 'ਤੇ ਪੇਸ਼ ਕੀਤਾ ਗਿਆ ।ਇਹ ਉਹ ਸਮਾਂ ਸੀ ਜਦੋਂ ਮੂਕ ਫ਼ਿਲਮਾਂ ਦਾ ਦੌਰ ਖਤਮ ਹੋ ਚੁੱਕਾ ਸੀ ।14 ਮਾਰਚ 1931 ਨੂੰ ਹਿੰਦੀ ਫ਼ਿਲਮ ਆਲਮਆਰਾ ਪਹਿਲੀ ਬੋਲਦੀ ਫ਼ਿਲਮ ਵਜੋਂ ਪਰਦੇ 'ਤੇ ਦਸਤਕ ਦੇ ਚੁੱਕੀ ਸੀ ।ਇਸ ਤੋਂ ਬਾਅਦ ਫ਼ਿਲਮਾਂ ਵਿਚ ਗੀਤ ਸੰਗੀਤ 'ਤੇ ਪਰਦੇ 'ਤੇ ਬੋਲਦੇ ਚਿਹਰੇ ਨਜ਼ਰ ਆਉਣ ਲੱਗੇ ਸਨ ਜਿਸ ਨਾਲ ਫ਼ਿਲਮਾਂ ਬਣਾਉਣ ਦੇ ਕਾਰੋਬਾਰ ਵਿਚ ਚੋਖਾ ਵਾਧਾ ਦੇਖਣ ਨੂੰ ਮਿਲਿਆ । ਓਸੇ ਦੌਰ ਵਿਚ ਮਿਰਜ਼ਾ ਸਾਹਿਬਾਂ ਦੇ ਕਿੱਸੇ ਨੂੰ ਹਿੰਦੀ ਜ਼ਬਾਨ ਵਿਚ ਫ਼ਿਲਮੀ ਪਰਦੇ 'ਤੇ ਪੇਸ਼ ਕੀਤਾ ਗਿਆ ।ਸਾਗਰ ਮੂਵੀਟੋਨ ਬੰਬਈ ਦੀ ਪੇਸ਼ਕਸ਼ ਨਿਰਦੇਸ਼ਕ ਨਾਗੇਂਦਰ ਮਜੂਮਦਾਰ ਵਲੋਂ ਨਿਰਦੇਸ਼ਿਤ ਫ਼ਿਲਮ ਮਿਰਜ਼ਾ ਸਾਹਿਬਾਂ ਵਿਚ ਮਾਸਟਰ ਬੱਛੂ, ਕਮਲਾ ਬਾਈ, ਮਿਸ ਗੁਲਜ਼ਾਰ, ਮਹਿਬੂਬ ਖ਼ਾਨ, ਦਿਨਕਰ ਇਸਮਾਈਲ ਅਤੇ ਬੀਬੋ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ ਅਤੇ ਇਸ ਫ਼ਿਲਮ ਦਾ ਸੰਗੀਤ ਐਸ.ਪੀ.ਰਾਓ ਨੇ ਤਿਆਰ ਕੀਤਾ ਸੀ ।

ਸੰਨ 1935 ਵਿਚ ਮਿਰਜ਼ਾ ਸਾਹਿਬਾਂ ਦੇ ਇਸ਼ਕ ਦੀ ਦਾਸਤਾਨ ਨੂੰ ਪੰਜਾਬੀ ਫ਼ਿਲਮ ਇਸ਼ਕ-ਏ-ਪੰਜਾਬ ਉਰਫ਼ ਮਿਰਜ਼ਾ ਸਾਹਿਬਾਂ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ । ਕੁਝ ਪੰਜਾਬੀ ਫ਼ਿਲਮੀ ਇਤਿਹਾਸਕਾਰਾਂ ਅਨੁਸਾਰ ਇਸ ਫ਼ਿਲਮ ਨੂੰ ਪੰਜਾਬੀ ਜ਼ਬਾਨ ਵਿਚ ਬਣੀ ਪਹਿਲੀ ਬੋਲਦੀ ਫ਼ਿਲਮ ਹੋਣ ਦਾ ਫ਼ਖਰ ਹਾਸਿਲ ਹੈ । ਹਿੰਦਮਾਤਾ ਸਿਨੇਟੋਨ ਕੰਪਨੀ, ਬੰਬੇ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਸਨ ਬੋਮਨ ਸ਼ਰਾਫ਼ ਅਤੇ ਫ਼ਿਲਮ ਵਿਚ ਮਿਰਜ਼ਾ ਅਤੇ ਸਾਹਿਬਾਂ ਦੇ ਮੁੱਖ ਕਿਰਦਾਰ ਅਦਾ ਕੀਤੇ ਸਨ ਭਾਈ ਦੇਸਾ ਅਤੇ ਮਿਸ ਖ਼ੁਰਸ਼ੀਦ ਨੇ । ਇਨ੍ਹਾਂ ਤੋਂ ਇਲਾਵਾ ਫ਼ਿਲਮ ਵਿਚ ਭਾਈ ਛੈਲਾ, ਮਿਸ ਸਰਲਾ ਦੇਵੀ, ਮਾਸਟਰ ਸੋਹਣ ਲਾਲ, ਇਨਾਇਤ ਜਾਨ, ਪਰਵੇਜ਼ ਸ਼ੰਮ੍ਹੀ ਅਤੇ ਮਾਸਟਰ ਅਮੀਰ ਅਲੀ ਹੋਰਾਂ ਨੇ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਸਨ । ਨਵਾਬ ਖਾਨ ਦੇ ਸੰਗੀਤ ਨਾਲ ਸਜੀ ਇਸ ਫ਼ਿਲਮ ਦੇ ਨਿਰਦੇਸ਼ਕ ਸਨ ਜੀ.ਆਰ.ਸੇਠੀ ।

ਸੰਨ 1939 ਚ ਮਸ਼ਹੂਰ ਫ਼ਿਲਮ ਕੰਪਨੀ ਸ਼੍ਰੀ ਰਣਜੀਤ ਮੂਵੀਟੋਨ , ਬੰਬੇ ਨੇ ਮਿਰਜ਼ਾ ਸਾਹਿਬਾਂ ਦੇ ਕਿੱਸੇ ਨੂੰ ਪੰਜਾਬੀ ਫ਼ਿਲਮ ਮਿਰਜ਼ਾ ਸਾਹਿਬਾਂ ਦੇ ਜ਼ਰੀਏ ਇਕ ਵਾਰ ਫਿਰ ਸਿਨੇ ਪਰਦੇ 'ਤੇ ਦਰਸ਼ਕਾਂ ਦੇ ਸਨਮੁੱਖ ਪੇਸ਼ ਕੀਤਾ ।ਨਿਰਮਾਤਾ ਚੰਦੂ ਲਾਲ ਸ਼ਾਹ ਅਤੇ ਨਿਰਦੇਸ਼ਕ ਡੀ.ਐਨ.ਮਧੋਕ ਦੀ ਇਸ ਫ਼ਿਲਮ ਵਿਚ ਜਿਨ੍ਹਾਂ ਅਦਾਕਾਰਾਂ ਨੇ ਅਦਾਕਾਰੀ ਕੀਤੀ ਸੀ ਉਨ੍ਹਾਂ ਵਿਚ ਪ੍ਰਮੁੱਖ ਸਨ ਅਦਾਕਾਰ ਜ਼ਹੂਰ ਰਾਜਾ (ਮਿਰਜ਼ੇ ਦੇ ਕਿਰਦਾਰ ਵਿਚ), ਅਦਾਕਾਰਾ ਇਲਾ ਦੇਵੀ (ਸਾਹਿਬਾਂ ਦੇ ਕਿਰਦਾਰ ਵਿਚ), ਅਦਾਕਾਰ ਭਾਗ ਸਿੰਘ, ਮਿਸ ਕਲਿਆਣੀ, ਗੁਲਾਬ, ਗੁਲਜ਼ਾਰ, ਮਾਸਟਰ ਸੁਰੇਸ਼ ਅਤੇ ਬੇਬੀ ਫ਼ਰੀਦਾ । ਇਸ ਫ਼ਿਲਮ ਦਾ ਸੰਗੀਤ ਤਿਆਰ ਕੀਤਾ ਸੀ ਮਨੋਹਰ ਕਪੂਰ ਨੇ ।

ਸੰਨ 1947 ਵਿਚ ਮਿਰਜ਼ਾ ਸਾਹਿਬਾਂ ਦੀ ਦਾਸਤਾਨ ਨੂੰ ਇਕ ਵਾਰ ਫਿਰ ਫ਼ਿਲਮੀ ਪਰਦੇ 'ਤੇ ਉਤਾਰਿਆ ਗਿਆ ।ਬੇਸ਼ਕ ਇਹ ਫ਼ਿਲਮ ਬਾਲੀਵੁੱਡ ਦੀ ਹਿੰਦੀ ਫ਼ਿਲਮ ਸੀ ਪਰ ਇਸ ਫ਼ਿਲਮ ਨਾਲ ਜੁੜੀਆਂ ਲਗਭਗ ਸਾਰੀਆਂ ਫ਼ਿਲਮੀ ਹਸਤੀਆਂ ਪੰਜਾਬੀ ਹੀ ਸਨ ।ਫ਼ਿਲਮ ਦੇ ਅਦਾਕਾਰਾਂ ਤੋਂ ਲੈ ਕੇ ਨਿਰਦੇਸ਼ਕ, ਪਟਕਥਾ ਲੇਖਕ, ਗੀਤਕਾਰ, ਸੰਗੀਤਕਾਰ ਸਭ ਪੰਜਾਬ ਨਾਲ ਸੰਬੰਧਿਤ ਸਨ । ਇਸ ਕਰਕੇ ਇਸ ਫ਼ਿਲਮ ਵਿਚ ਮਿਰਜ਼ਾ ਸਾਹਿਬਾਂ ਦੇ ਕਿੱਸੇ ਨੂੰ ਬੇਹੱਦ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ।ਪੱਛਮੀ ਪੰਜਾਬ , ਪਾਕਿਸਤਾਨ ਦੇ ਮਸ਼ਹੂਰ ਸ਼ਹਿਰ ਮੀਆਂਵਾਲੀ ਦੇ ਜੰਮਪਲ ਨਾਮਵਰ ਹਿੰਦੀ ਫ਼ਿਲਮ ਨਿਰਦੇਸ਼ਕ ਕੇ.ਅਮਰਨਾਥ ਵਲੋਂ ਇਸ ਫ਼ਿਲਮ ਦੀ ਕਹਾਣੀ ਅਤੇ ਪਟਕਥਾ ਲਿਖੀ ਗਈ ਸੀ, ਨਾਲ ਹੀ ਇਸ ਫ਼ਿਲਮ ਦਾ ਨਿਰਦੇਸ਼ਨ ਵੀ ਕੇ. ਅਮਰਨਾਥ ਵਲੋਂ ਹੀ ਕੀਤਾ ਗਿਆ ਸੀ । ਕੇ.ਅਮਰਨਾਥ ਨਾਲ ਪਟਕਥਾ ਲਿਖਣ ਵਿਚ ਉਨ੍ਹਾਂ ਦਾ ਸਾਥ ਦਿੱਤਾ ਸੀ ਕਮਰ ਜਲਾਲਾਬਾਦੀ ਅਤੇ ਅਜ਼ੀਜ਼ ਕਸ਼ਮੀਰੀ ਨੇ ਉਨ੍ਹਾਂ ਇਸ ਫ਼ਿਲਮ ਦੇ ਗੀਤ ਵੀ ਲਿਖੇ ਸਨ । ਪੰਜਾਬ ਦੇ ਮਸ਼ਹੂਰ ਦਰਿਆ ਝਨਾਬ ਕੰਢੇ ਵਸੇ ਖੂਬਸੂਰਤ ਸ਼ਹਿਰ ਝੰਗ (ਪਾਕਿਸਤਾਨ) ਦੇ ਜੰਮਪਲ ਸੰਗੀਤਕਾਰ ਪੰਡਿਤ ਅਮਰਨਾਥ ਨੇ ਇਸ ਫ਼ਿਲਮ ਦਾ ਸੰਗੀਤ ਤਿਆਰ ਕੀਤਾ ਸੀ । ਫ਼ਿਲਮ ਵਿਚ ਸਾਹਿਬਾਂ ਦਾ ਕਿਰਦਾਰ ਅਦਾ ਕੀਤਾ ਸੀ ਮੈਡਮ ਨੂਰਜਹਾਂ ਨੇ ਅਤੇ ਮਿਰਜ਼ੇ ਦਾ ਕਿਰਦਾਰ ਅਦਾ ਕੀਤਾ ਸੀ ਮਸ਼ਹੂਰ ਅਦਾਕਾਰ ਪਿ੍ਥਵੀ ਰਾਜ ਕਪੂਰ ਦੇ ਛੋਟੇ ਭਰਾ ਤਿ੍ਲੋਕ ਕਪੂਰ ਨੇ ।

ਇਨ੍ਹਾਂ ਤੋਂ ਇਲਾਵਾ ਅਦਾਕਾਰ ਗੋਪੀ, ਮਿਸ਼ਰਾ, ਰੂਪ ਕਮਲ, ਇਬਰਾਹਿਮ, ਕੁੱਕੂ, ਬੇਬੀ ਅਨਵਰੀ ਅਤੇ ਲਕਸ਼ਮਣ ਨੇ ਵੀ ਇਸ ਫ਼ਿਲਮ ਵਿਚ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਸਨ ।ਖੂਬਸੂਰਤ ਗੀਤ ਸੰਗੀਤ ਨਾਲ ਸ਼ਿੰਗਾਰੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਆਜ਼ਾਦੀ ਤੋਂ ਠੀਕ ਪਹਿਲਾਂ ਮਿਰਜ਼ਾ ਸਾਹਿਬਾਂ ਦੇ ਇਸ਼ਕ ਦੀ ਦਾਸਤਾਨ 'ਤੇ ਬਣਨ ਵਾਲੀ ਇਹ ਆਖਰੀ ਫ਼ਿਲਮ ਸੀ ।

ਵੰਡ ਤੋਂ ਪਹਿਲਾਂ ਖੂਬਸੂਰਤ ਸ਼ਹਿਰ ਲਾਹੌਰ ਜੋ ਕਿ ਸਾਂਝੇ ਪੰਜਾਬ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਫ਼ਿਲਮਾਂ ਬਣਾਉਣ ਦਾ ਇਕ ਪ੍ਰਮੁੱਖ ਕੇਂਦਰ ਵੀ ਸੀ, ਪਾਕਿਸਤਾਨ ਬਣਨ ਤੋਂ ਬਾਅਦ ਪਾਕਿਸਤਾਨ ਦਾ ਹਿੱਸਾ ਬਣ ਗਿਆ ।ਲਾਹੌਰ ਫ਼ਿਲਮ ਇੰਡਸਟਰੀ ਪਾਕਿਸਤਾਨੀ ਫ਼ਿਲਮ ਇੰਡਸਟਰੀ ਵਜੋਂ ਜਾਣੀ ਜਾਣ ਲੱਗੀ ।1947 ਤੋਂ ਬਾਅਦ ਇਥੇ ਉਰਦੂ ਅਤੇ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਬਾਦਸਤੂਰ ਜਾਰੀ ਰਿਹਾ । ਸੰਨ 1956 ਵਿਚ ਮਿਰਜ਼ਾ ਸਾਹਿਬਾ ਦੇ ਕਿੱਸੇ 'ਤੇ ਅਧਾਰਿਤ ਪਹਿਲੀ ਵਾਰ ਪਾਕਿਸਤਾਨੀ ਉਰਦੂ ਫ਼ਿਲਮ ਮਿਰਜ਼ਾ ਸਾਹਿਬਾਂ ਦਾ ਨਿਰਮਾਣ ਕੀਤਾ ਗਿਆ । 25 ਮਈ ਸੰਨ 1956 ਨੂੰ ਰਿਲੀਜ਼ ਹੋਈ ਲਾਹੌਰ 'ਚ ਬਣੀ ਫ਼ਿਲਮ ਮਿਰਜ਼ਾ ਸਾਹਿਬਾਂ ਫ਼ਿਲਮ ਕੰਪਨੀ ਫ਼ਿਰਦੌਸ ਫ਼ਿਲਮਜ਼ ਵਲੋਂ ਤਿਆਰ ਕੀਤੀ ਗਈ ਸੀ ।ਇਸ ਫ਼ਿਲਮ ਦੀ ਨਿਰਮਾਤਰੀ ਬੇਗ਼ਮ ਮਲਿਕ ਸ਼ਰੀਫ਼ ਸੀ ਅਤੇ ਫ਼ਿਲਮ ਦੇ ਨਿਰਦੇਸ਼ਕ ਦਾਊਦ ਚਾਂਦ ਸਨ ।ਮਸ਼ਹੂਰ ਸੰਗੀਤਕਾਰ ਖ਼ਵਾਜ਼ਾ ਖ਼ੁਰਸ਼ੀਦ ਅਨਵਰ ਦੀਆਂ ਖੂਬਸੂਰਤ ਧੁਨਾਂ ਨਾਲ ਸ਼ਿੰਗਾਰੀ ਇਸ ਫ਼ਿਲਮ ਵਿਚ ਮਿਰਜ਼ੇ ਦਾ ਕਿਰਦਾਰ ਪੰਜਾਬੀ ਫ਼ਿਲਮਾਂ ਦੇ ਸੁਪਰਸਟਾਰ ਅਦਾਕਾਰ ਸੁਧੀਰ ਵਲੋਂ ਅਤੇ ਸਾਹਿਬਾਂ ਦਾ ਕਿਰਦਾਰ ਬਹੁਤ ਹੀ ਖੂਬਸੂਰਤ ਅਦਾਕਾਰਾ ਮੁਸੱਰਤ ਨਜ਼ੀਰ ਵਲੋਂ ਅਦਾ ਕੀਤਾ ਗਿਆ ਸੀ ।

ਇਸ ਫ਼ਿਲਮ ਤੋਂ ਬਾਅਦ ਏਧਰ ਬਾਲੀਵੁੱਡ ਵਿਚ ਸੰਨ 1957 ਵਿਚ ਨਾਮਵਰ ਉਰਦੂ ਨਾਵਲਕਾਰ , ਨਿਰਦੇਸ਼ਕ ਅਤੇ ਫ਼ਿਲਮ ਲੇਖਕ ਸ: ਰਜਿੰਦਰ ਸਿੰਘ ਬੇਦੀ ਵਲੋਂ ਪੀਲੂ ਦੇ ਕਿੱਸੇ 'ਤੇ ਲਿਖੀ ਖੂਬਸੂਰਤ ਫ਼ਿਲਮ ਮਿਰਜ਼ਾ ਸਾਹਿਬਾਂ ਦਾ ਨਿਰਮਾਣ ਕੀਤਾ ਗਿਆ । ਜੇ.ਕੇ.ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਸਰਦੂਲ ਕਵਾਤਰਾ ਅਤੇ ਨਿਰਦੇਸ਼ਕ ਰਵੀ ਕਪੂਰ ਸਨ ।ਫ਼ਿਲਮ ਵਿਚ ਅਦਾਕਾਰ ਸ਼ੰਮੀ ਕਪੂਰ ਅਤੇ ਅਦਾਕਾਰਾ ਸ਼ਿਆਮਾ ਦੀ ਖੂਬਸੂਰਤ ਜੋੜੀ ਮਿਰਜ਼ਾ ਸਾਹਿਬਾਂ ਦੇ ਕਿਰਦਾਰ ਵਿਚ ਨਜ਼ਰ ਆਈ ।ਇਨ੍ਹਾਂ ਤੋਂ ਇਲਾਵਾ ਫ਼ਿਲਮ ਵਿਚ ਅਦਾਕਾਰ ਰਾਮ ਸਿੰਘ, ਮਦਨ ਪੁਰੀ, ਗੁਲਾਬ, ਸ਼ੀਲਾ ਵਾਜ਼ ਅਤੇ ਉਮਾ ਦੱਤ ਨੇ ਵੀ ਅਹਿਮ ਕਿਰਦਾਰ ਅਦਾ ਕੀਤੇ ।ਸਰਦੂਲ ਕਵਾਤਰਾ ਦੇ ਖੂਬਸੂਰਤ ਸੰਗੀਤ ਨਾਲ ਸਜੀ ਇਸ ਫ਼ਿਲਮ ਵਿਚ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਆਸ਼ਾ ਭੌਸਲੇ, ਅਤੇ ਸ਼ਮਸ਼ਾਦ ਬੇਗ਼ਮ ਨੇ ਗੀਤ ਗਾਏ ।ਫ਼ਿਲਮ ਵਿਚ ਮੁਹੰਮਦ ਰਫ਼ੀ ਵਲੋਂ ਗਾਇਆ ਇਕ ਰੂਹ ਨੂੰ ਸਕੂਨ ਦੇਣ ਵਾਲਾ ਪੰਜਾਬੀ ਗੀਤ ਫ਼ਿਲਮ ਦੇ ਸ਼ੁਰੂਆਤ ਵਿਚ ਆਉਂਦਾ ਹੈ ਜਿਸ ਦੇ ਬੋਲ ਸਨ ।'ਨਈ ਰੀਸ ਪੰਜਾਬ ਦੀ, ਬਈ ਕਹਿੰਦੀ ਲਹਿਰ ਚਨਾਬ ਦੀ |' ਬਾਲੀਵੁੱਡ ਵਿਚ ਮਿਰਜ਼ਾ ਸਾਹਿਬਾਂ ਦੇ ਇਸ਼ਕ ਦੀ ਦਾਸਤਾਨ 'ਤੇ ਬਣਨ ਵਾਲੀ ਇਹ ਆਖਰੀ ਫ਼ਿਲਮ ਸੀ ।

ਬਾਲੀਵੁੱਡ ਵਿਚ ਭਾਵੇਂ ਮਿਰਜ਼ਾ ਸਾਹਿਬਾਂ ਦੀ ਪ੍ਰੀਤ ਗਾਥਾ 'ਤੇ ਹੋਰ ਕੋਈ ਫ਼ਿਲਮ ਨਹੀਂ ਬਣੀ ਪਰ ਲਾਹੌਰ ਫ਼ਿਲਮ ਇੰਡਸਟਰੀ ਵਿਚ ਮਿਰਜ਼ਾ ਸਾਹਿਬਾਂ ਦੀ ਜ਼ਿੰਦਗੀ 'ਤੇ ਫ਼ਿਲਮਾਂ ਬਣਨੀਆਂ ਬਾਦਸਤੂਰ ਜਾਰੀ ਰਹੀਆਂ । ਸਿਨੇ ਪ੍ਰੇਮੀਆਂ ਨੂੰ ਪੰਜਾਬੀ ਜ਼ਬਾਨ ਵਿਚ ਇਕ ਤੋਂ ਬਾਅਦ ਇਕ ਤਿੰਨ ਖੂਬਸੂਰਤ ਫ਼ਿਲਮਾਂ ਦੇਖਣ ਨੂੰ ਮਿਲੀਆਂ ।ਜਿਨ੍ਹਾਂ ਵਿਚ ਪਹਿਲੀ ਫ਼ਿਲਮ 24 ਨਵੰਬਰ 1967 ਵਿਚ ਰਿਲੀਜ਼ ਹੋਈ 'ਮਿਰਜ਼ਾ ਜੱਟ' । ਇਸ ਤੋਂ ਬਾਅਦ ਦੂਸਰੀ ਫ਼ਿਲਮ 11 ਜੂਨ 1982 ਵਿਚ ਰਿਲੀਜ਼ ਹੋਈ 'ਜੱਟ ਮਿਰਜ਼ਾ' ਅਤੇ ਇਸੇ ਸਾਲ 28 ਨਵੰਬਰ 1982 ਨੂੰ ਤੀਸਰੀ ਫ਼ਿਲਮ 'ਮਿਰਜ਼ਾ ਜੱਟ' ਰਿਲੀਜ਼ ਹੋਈ ।

24 ਨਵੰਬਰ, 1967 ਨੂੰ ਰਿਲੀਜ਼ ਹੋਈ ਅਤੇ ਲਾਹੌਰ 'ਚ ਬਣੀ ਫ਼ਿਲਮ 'ਮਿਰਜ਼ਾ ਜੱਟ' ਪੀਲੂ ਦੁਆਰਾ ਰਚੇ ਕਿੱਸੇ ਦੇ ਲਗਭਗ ਹਰ ਪਹਿਲੂ ਨੂੰ ਬੇਹੱਦ ਖੂਬਸੂਰਤੀ ਨਾਲ ਦਿਖਾਉਣ ਵਿਚ ਕਾਮਯਾਬ ਹੋਈ ।ਠੇਠ ਪੰਜਾਬੀ ਲਹਿਜੇ ਵਿਚ ਬੋਲਦੇ ਕਿਰਦਾਰ , ਖੂਬਸੂਰਤ ਸੰਗੀਤ, ਫ਼ਿਲਮ ਦੇ ਹਰ ਅਦਾਕਾਰ ਵਲੋਂ ਕੀਤੀ ਬਾਕਮਾਲ ਅਦਾਕਾਰੀ ਅਤੇ ਦਾਨਾਬਾਦ , ਝੰਗ ਦੇ ਇਲਾਕੇ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਫ਼ਿਲਮਾਈ ਗਈ ਇਸ ਫ਼ਿਲਮ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਅਤੇ ਫ਼ਿਲਮ ਨੇ ਰਿਕਾਰਡ ਤੋੜ ਸਫ਼ਲਤਾ ਹਾਸਿਲ ਕੀਤੀ । ਰਾਵੀ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਸ਼ੇਖ ਰਸ਼ੀਦ ਹੁਸੈਨ ਅਤੇ ਐਸ. ਐਮ. ਅਲੀ ਸਨ | ਪੰਜਾਬੀ ਦੇ ਮਸ਼ਹੂਰ ਲੇਖਕ ਅਹਿਮਦ ਰਾਹੀ ਵਲੋਂ ਲਿਖੀ ਅਤੇ ਮਸੂਦ ਪ੍ਰਵੇਜ਼ ਦੁਆਰਾ ਡਾਇਰੈਕਟ ਕੀਤੀ ਇਸ ਫ਼ਿਲਮ ਵਿਚ ਅਦਾਕਾਰ ਏਜਾਜ਼ ਦੁਰਾਨੀ ਨੇ ਮਿਰਜ਼ੇ ਦਾ ਅਤੇ ਫ਼ਿਰਦੌਸ ਬੇਗ਼ਮ ਨੇ ਸਾਹਿਬਾਂ ਦਾ ਕਿਰਦਾਰ ਅਦਾ ਕੀਤਾ ਸੀ । ਚਰਿਤਰ ਅਦਾਕਾਰਾਂ ਵਿਚ ਇਲਿਆਸ ਕਸ਼ਮੀਰੀ ਨੇ ਸਾਹਿਬਾਂ ਦੇ ਪਿਉ ਖੀਵੇ ਖਾਨ ਦਾ, ਮੀਨਾ ਸ਼ੋਰੀ ਨੇ ਸਾਹਿਬਾਂ ਦੀ ਮਾਂ ਦਾ, ਮੁਨੱਵਰ ਜ਼ਰੀਫ਼ ਨੇ ਮਿਰਜ਼ੇ ਦੇ ਯਾਰ ਬੱਗੇ ਦਾ, ਤਾਨੀ ਬੇਗ਼ਮ ਨੇ ਸਾਹਿਬਾਂ ਦੀ ਭੂਆ ਅਤੇ ਮਿਰਜ਼ੇ ਦੀ ਮਾਸੀ ਬੀਬੋ ਦਾ , ਆਲੀਆ ਨੇ ਨੂਰਾਂ ਦਾ ਅਤੇ ਮਜ਼ਹਰ ਸ਼ਾਹ ਨੇ ਸਾਹਿਬਾਂ ਦੇ ਭਰਾ ਖਾਨ ਸ਼ਮੀਰ ਦਾ ਕਿਰਦਾਰ ਅਦਾ ਕੀਤਾ ਸੀ ।

 

ਅੰਗਰੇਜ਼ ਸਿੰਘ ਵਿਰਦੀ