ਮਯਨਮਾਰ ਵਿਚ ਕਿਉਂ ਹੋ ਰਹੇ ਹਨ ਪ੍ਰਦਰਸ਼ਨ?

ਮਯਨਮਾਰ ਵਿਚ ਕਿਉਂ ਹੋ ਰਹੇ ਹਨ ਪ੍ਰਦਰਸ਼ਨ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਮਯਨਮਾਰ ਵਿੱਚ ਚਲ ਰਹੇ ਸੱਤਾ-ਧਿਰ ਵਿਰੋਧੀ ਅੰਦੋਲਨ ਦੌਰਾਨ ਗੋਲੀ ਲੱਗਣ ਕਾਰਨ ਅੱਜ ਵੀਹ ਸਾਲਾ ਕੁੜੀ 'ਮਿਆ ਥੀ ਥੀ ਖੇਂਗ' ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਅੰਦੋਲਨਕਾਰੀਆਂ ਤੇ ਲਾਠੀਚਾਰਜ, ਵਾਟਰ ਕੈਨਨ, ਪਲਾਸਟਿਕ ਦੀਆਂ ਗੋਲੀਆਂ ਤੇ ਸਿੱਧੀ ਗੋਲੀਬਾਰੀ ਦੀ ਵਰਤੋਂ ਕੀਤੀ ਗਈ। ਇਸੇ ਦੌਰਾਨ ਇੱਕ ਗੋਲੀ ਮਿਆ ਦੇ ਮੋਟਰਸਾਈਕਲ ਹੈਲਮਟ ਨੂੰ ਚੀਰਦੀ ਹੋਈ ਸਿਰ ਵਿੱਚ ਲੱਗੀ। ਵੈਂਟੀਲੇਟਰ ਤੇ ਜੇ਼ਰੇ ਇਲਾਜ਼ ਰਹਿਣ ਤੋਂ ਬਾਅਦ ਨੌਜਵਾਨ ਲੜਕੀ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਵੱਲੋਂ ਉਸ ਨੂੰ ਪਹਿਲੀ ਸ਼ਹੀਦ ਕਰਾਰ ਦਿੱਤਾ ਗਿਆ।

ਕੀ ਹੈ ਪ੍ਰਦਰਸ਼ਨਾਂ ਦਾ ਕਾਰਨ?

ਇਤਿਹਾਸਕ ਕਾਰਨ- ਮਯਨਮਾਰ ਵਿੱਚ ਹਿੰਸਾ ਤੇ ਰਾਜਸੀ ਗੜਬੜੀ ਕੋਈ ਨਵੀਂ ਗੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਮਯਨਮਾਰ (ਬਰਮਾ), 1948 ਵਿੱਚ ਬ੍ਰਿਟਿਸ਼ ਹਕੂਮਤ ਤੋਂ ਅਜ਼ਾਦ ਹੋਇਆ, ਪਰ ਫਿਰ 1962 ਤੋਂ 2011 ਤੱਕ ਹਥਿਆਰਬੰਦ ਸੈਨਿਕ ਦਲਾਂ ਦਾ ਰਾਜ ਰਿਹਾ, ਜਿਸ ਵਿੱਚ 'ਤਤਮਾਦਾ' ਮੁੱਖ ਨਾਮ ਹੈ। 

'ਨੈਸ਼ਨਲ ਲੀਗ ਫਾਰ ਡੈਮੋਕਰੇਸੀ' ਦੀ ਨੇਤਾ 'ਅੰਗ ਸਾਨ ਸੂ ਕਾਈ' ਨੇ ਲੋਕਤੰਤਰ ਦੀ ਸਥਾਪਨਾ ਲਈ ਸੰਘਰਸ਼ ਸ਼ੁਰੂ ਕੀਤਾ ਸੀ, ਜਿਸ ਕਰਕੇ ਉਹ 1989 ਤੋਂ 2010 ਦੇ ਵਕਫੇ ਦੌਰਾਨ ਤਕਰੀਬਨ ਪੰਦਰਾਂ ਸਾਲ ਨਜ਼ਰਬੰਦ ਰਹੀ। ਇਸੇ ਦੌਰਾਨ ਉਸ ਨੂੰ 'ਨੋਬਲ ਪੁਰਸਕਾਰ' ਨਾਲ ਸਨਮਾਨਿਆ ਗਿਆ। ਅਖੀਰ 2011 ਵਿੱਚ ਫੌਜੀ ਰਾਜ ਖਤਮ ਹੋਇਆ ਤੇ 2015 ਵਿੱਚ ਪਹਿਲੀ ਵਾਰ ਆਪਣੀ ਪਾਰਟੀ ਨਾਲ ਸੂ ਕਾਈ ਨੇ ਚੋਣਾਂ ਜਿੱਤੀਆਂ।

ਮੌਜੂਦਾ ਸਥਿਤੀ- ਚੋਣਾਂ ਵਿੱਚ ਇਸ ਸਾਲ ਇੱਕ ਵਾਰ ਫਿਰ 'ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ' ਨੇ ਧਮਾਕੇਦਾਰ ਜਿੱਤ ਦਰਜ ਕੀਤੀ। ਸੈਨਾ ਗੁੱਟ ਤਤਮਾਦਾ ਨੂੰ ਵਿਰੋਧੀ ਧਿਰ 'ਚ ਬੈਠਣਾ ਮਨਜ਼ੂਰ ਨਾ ਹੋਇਆ ਤਾਂ ਉਹਨਾਂ ਨੇ ਇੱਕ ਫਰਵਰੀ ਨੂੰ ਚੋਣਾਂ ਵਿੱਚ ਧੋਖਾ-ਧੜੀ ਦਾ ਇਲਜ਼ਾਮ ਲਾ ਕੇ ਸਮੁੱਚਾ ਰਾਜ-ਪ੍ਰਬੰਧ ਆਪਣੇ ਹੱਥ ਲੈ ਲਿਆ। ਸੂ ਕਾਈ ਸਮੇਤ ਉਹਨਾਂ ਦੀ ਪਾਰਟੀ ਦੇ ਸਭ ਮਹੱਤਵਪੂਰਨ ਆਗੂਆਂ ਨੂੰ ਹਿਰਾਸਤ ਚ ਲੈ ਲਿਆ ਗਿਆ।  ਸਿੱਟੇ ਵਜੋਂ ਲੋਕਾਂ ਦਾ ਗੁੱਸਾ ਤਾਨਾਸ਼ਾਹੀ ਖਿਲਾਫ ਭੜਕ ਕੇ ਅੰਦੋਲਨ ਦਾ ਰੂਪ ਲੈ ਗਿਆ।

ਤਤਮਾਦਾ ਦਾ ਕਮਾਂਡਰ ਇਨ ਚੀਫ 'ਮਿਨ ਅੰਗ ਹਲਾਯਿੰਗ'  ਇਸ ਸਮੇਂ ਰਾਜ ਦੇ ਕਾਰਜਕਾਰੀ ਮੁਖੀ ਦੀ ਭੂਮਿਕਾ 'ਚ ਹੈ। ਉਸਨੇ ਸਫਾਈ  ਦਿੰਦਿਆਂ ਬੋਲਿਆ ਹੈ ਕਿ ਇਹ ਸਭ ਲੋਕਾਂ ਲਈ ਹੀ ਕੀਤਾ ਜਾ ਰਿਹਾ। ਸੂ ਕਾਈ ਦੀ ਗ੍ਰਿਫਤਾਰੀ ਨਜਾਇਜ਼ ਵਾਕੀ-ਟਾਕੀ ਸੈੱਟ ਆਯਾਤ ਕਰਨ ਅਤੇ ਕੋਲ ਰੱਖਣ ਦੇ ਦੋਸ਼ਾਂ ਹੇਠ ਕੀਤੀ ਗਈ ਹੈ। ਜਿਵੇਂ ਹੀ ਐਮਰਜੈਂਸੀ ਦੀ ਸਥਿਤੀ ਖਤਮ ਹੁੰਦੀ ਹੈ, ਇੱਕ 'ਅਨੁਸ਼ਾਸਿਤ ਅਤੇ ਸੱਚਾ ਲੋਕਤੰਤਰ' ਸਥਾਪਿਤ ਕੀਤਾ ਜਾਵੇਗਾ।