ਪੰਜਾਬ ਵਿਧਾਨ ਸਭਾ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ  ਬੇਅਦਬੀ ਬਾਰੇ ਬੋਲਣ ਲਈ ਸਮਾਂ ਨਾ ਦੇਣਾਂ ਵੀ ਇੱਕ ਬੇਅਦਬੀ: ਐਮਪੀ ਪ੍ਰੀਤ ਕੌਰ ਗਿੱਲ

ਪੰਜਾਬ ਵਿਧਾਨ ਸਭਾ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ  ਬੇਅਦਬੀ ਬਾਰੇ ਬੋਲਣ ਲਈ ਸਮਾਂ ਨਾ ਦੇਣਾਂ ਵੀ ਇੱਕ ਬੇਅਦਬੀ: ਐਮਪੀ ਪ੍ਰੀਤ ਕੌਰ ਗਿੱਲ

ਫਤਿਹਗੜ੍ਹ ਸਾਹਿਬ ਦੀ ਧਰਤੀ ਤੇ 17 ਤਰੀਕ ਨੁੰ ਹੋ ਰਹੇ ‘ਬੇਅਦਬੀ ਇਜ਼ਲਾਸ’ ਵਿਚ ਭਰਵੀਂ ਹਾਜ਼ਿਰੀ ਭਰੀ ਜਾਏ, ਜਿਸਦਾ ਅਸੀਂ ਸਮਰਥਨ ਕਰਦੇ ਹਾਂ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 12 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੋ ਰਹੀਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੋਂ ਦੁਨੀਆ ਭਰ ਵਿੱਚ ਵੱਸਦੇ ਸਿੱਖ, ਜਿੱਥੇ ਪਹਿਲਾਂ ਹੀ ਬੇਹੱਦ ਦੁਖੀ ਹਨ, ਉਥੇ ਪੰਜਾਬ ਵਿਧਾਨ ਸਭਾ ਦੇ ਇੱਕ ਹਫ਼ਤਾ ਚੱਲੇ ਬਜਟ ਸੈਸ਼ਨ ਵਿੱਚ ਬੇਅਦਬੀਆਂ ਬਾਰੇ ਚਰਚਾ ਕਰਨ ਲਈ 10 ਮਿੰਟ ਦਾ ਸਮਾਂ ਵੀ ਨਾ ਦੇਕੇ, ਸੰਗਤਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਗਿਆ ਹੈ। ਇਹ ਵਿਚਾਰ ਇੰਗਲੈਂਡ ਦੀ ਪਹਿਲੀ ਮਹਿਲਾ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੇ ਪੱਤਰਕਾਰਾਂ ਨੂੰ ਜਾਰੀ ਕੀਤਾ ਆਪਣੇ ਬਿਆਨ ਵਿਚ ਸਾਂਝੇ ਕੀਤੇ। ਉਹਨਾਂ ਕਿਹਾ ਯੂਕੇ ਵਿੱਚ ਵਾਸਦੇ ਸਿੱਖ, ਹਾਊਸ ਦੀ ਇਸ ਕਾਰਵਾਈ ਤੋਂ ਬਹੁਤ ਪ੍ਰੇਸ਼ਾਨ ਹਨ ਅਤੇ ਇਸ ਨੂੰ ਇਕ ਹੋਰ ਬੇਅਦਬੀ ਦੇ ਰੂਪ ’ਚ ਦੇਖ ਰਹੇ ਹਨ। ਜਦਕਿ ਇੰਗਲੈਂਡ ਸਮੇਤ ਅੱਜ ਦੁਨੀਆ ਦੇ ਕਈ ਵਿਕਸਤ ਦੇਸ਼ਾਂ ਦੀਆਂ ਪਾਰਲੀਮੈਂਟਾਂ ’ਚ ਸਿੱਖ ਮਸਲੇ ਅਕਸਰ ਵਿਚਾਰੇ ਜਾਂਦੇ ਹਨ ਅਤੇ ਸਿੱਖਾਂ ਲਈ ਕਈ ਮਤੇ ਪਾਸ ਕੀਤੇ ਜਾਂਦੇ ਹਨ, ਦੂਜੇ ਪਾਸੇ ਸਿੱਖੀ ਦੀ ਜਨਮ ਭੂਮੀ ਪੰਜਾਬ ਦੀ ਵਿਧਾਨ ਸਭਾ ਇਹ ਵਰਤਾਰਾ ਸਭ ਨੂੰ ਹੈਰਾਨ ਕਰਨ ਵਾਲਾ ਹੈ। ਉਹਨਾਂ ਕਿਹਾ ਭਗਵੰਤ ਮਾਨ ਲਈ ਕਿੰਨਾ ਚੰਗਾ ਹੁੰਦਾ ਕਿ ਉਹ ਖੁਦ ਇਹ ਪ੍ਰਤਾਵ ਲੈਕੇ ਆਉਂਦੇ, ਸਾਰਾ ਹਾਊਸ ਇਸ ਤੇ ਚਰਚਾ ਕਰਕੇ ਇਹਨਾਂ ਬੇਅਦਬੀਆਂ ਨੂੰ ਰੋਕਣ ਲਈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਖ਼ਤ ਤੋਂ ਸਖ਼ਤ ਕਨੂੰਨ ਬਨਾਉਂਦਾ। ਅਜਿਹਾ ਕਰਕੇ ਉਹ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਆਪਣੇ ਵਾਅਦੇ ਪੂਰਾ ਕਰ ਰਹੇ ਹੁੰਦੇ। ਇਸ ਮੌਕੇ ਐਮਪੀ ਗਿੱਲ ਨੇ ਕਿਹਾ ਇਸ ਗੰਭੀਰ ਮਸਲੇ ਨੂੰ ਦੁਨੀਆ ਭਰ ਦੇ ਸਿੱਖਾਂ ਦੇ ਸਾਹਮਣੇ ਲਿਆਉਣ ਲਈ ਅਤੇ ਪੰਜਾਬ ਵਿਧਾਨ ਸਭਾ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਾਉਣ ਲਈ, ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ 17 ਤਰੀਕ ਨੁੰ ਹੋ ਰਿਹਾ ‘ਬੇਅਦਬੀ ਇਜ਼ਲਾਸ’ ਅੱਠੇ ਪਹਿਰ ਟਹਿਲ ਸੇਵਾ ਲਹਿਰ ਦਾ ਸਹੀ ਸਮੇਂ ਤੇ ਚੁੱਕਿਆ ਗਿਆ ਇਕ ਸਾਰਥਕ ਕਦਮ ਹੈ, ਜਿਸਦਾ ਅਸੀਂ ਸਮਰਥਨ ਕਰਦੇ ਹਾਂ। ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਪਹੁੰਚ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸ਼ਾਨ ਤੇ ਨਿਰੰਤਰ ਹੋ ਰਹੇ ਇਹਨਾਂ ਹਮਲਿਆਂ ਨੂੰ ਪੱਕੇ ਤੌਰ ਤੇ ਰੋਕਣ ਲਈ ਦਰਿੜਤਾ ਵਾਲਾ ਫੈਸਲਾ ਲੈਣਾ ਚਾਹੀਦਾ ਹੈ। ਇਸ ਪੂਰੇ ਮਾਮਲੇ ਨੂੰ ਖਾਲਸਾਈ ਜਜ਼ਬੇ ਨਾਲ ਡਟਕੇ ਸਰਕਾਰ ਸਾਹਮਣੇ ਰੱਖਣ ਲਈ ਉਨ੍ਹਾਂ ਭਾਈ ਗੁਰਪ੍ਰੀਤ ਸਿੰਘ ਦੇ ਉਧਮ ਦੀ ਸਲਾਹਣਾ ਕੀਤੀ, ਨਾਲ ਹੀ ਪੰਜਾਬ ਅਤੇ ਨਾਲ ਲਗਦੇ ਸੂਬਿਆਂ ਦੀ ਸੰਗਤ ਨੂੰ ਵੱਡੀ ਗਿਣਤੀ ’ਚ ਬੇਅਦਬੀ ਇਜ਼ਲਾਸ ਵਿੱਚ ਪਹੁੰਚਣ ਕੀ ਅਪੀਲ ਵੀ ਕੀਤੀ।