ਅਮਰੀਕਾ ਦੀਆਂ ਚੋਣਾਂ ਵਿਚ 6 ਕਰੋੜ ਤੋਂ ਵਧ ਮੱਤਦਾਤਾ ਨੇ ਅਗਾਊਂ ਮੱਤਦਾਨ ਕੀਤਾ
* ਤਾਜ਼ਾ ਸਰਵੇ ਵਿਚ ਬਹੁਤ ਹੀ ਫਸਵਾਂ ਹੋਵੇਗਾ ਮੁਕਾਬਲਾ, ਕਿਸੇ ਦੀ ਵੀ ਜਿੱਤ ਪੱਕੀ ਨਹੀਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਮਹਿਜ਼ 2 ਦਿਨ ਰਹਿ ਗਏ ਹਨ ਤੇ 5 ਨਵੰਬਰ ਨੂੰ ਮੱਤਦਾਨ ਦੀ ਪ੍ਰਕ੍ਰਿਆ ਮੁਕੰਮਲ ਹੋ ਜਾਣੀ ਹੈ। ਹੁਣ ਤੱਕ 6 ਕਰੋੜ 10 ਲੱਖ ਮੱਤਦਾਤਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਹਨ। ਇਹ ਜਾਣਕਾਰੀ ਸੀ ਐਨ ਐਨ ਦੀ ਇਕ ਰਿਪੋਰਟ ਵਿਚ ਦਿੱਤੀ ਗਈ ਹੈ। ਇਸ ਰਿਪੋਰਟ ਅਨੁਸਾਰ ਮੱਤਦਾਤਾ ਨੇ ਬਹੁਤ ਹੀ ਉਤਸ਼ਾਹ ਨਾਲ ਅਗਾਊਂ ਮੱਤਦਾਨ ਕੀਤਾ ਹੈ। ਮੱਤਦਾਤਾ ਨੇ ਅਗਾਊਂ ਮੱਤਦਾਨ ਕਰਨ ਲਈ ਡਾਕ ਸੇਵਾ ਦੀ ਵਰਤੋਂ ਕੀਤੀ ਹੈ ਜਾਂ ਫਿਰ ਨਿੱਜੀ ਤੌਰ 'ਤੇ ਵੋਟ ਬਕਸਿਆਂ ਵਿਚ ਵੋਟਾਂ ਪਾਈਆਂ ਹਨ। ਇਸੇ ਦੌਰਾਨ ਸੀ ਐਨ ਐਨ ਵੱਲੋਂ ਐਸ ਐਸ ਆਰ ਐਸ ਰਾਹੀਂ ਕਰਵਾਏ ਤਾਜ਼ਾ ਸਰਵੇ ਅਨੁਸਾਰ ਜਾਰਜੀਆ ਤੇ ਉੱਤਰੀ ਕੈਰੋਲੀਨਾ ਵਿਚ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਤੇ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਵਿਚਾਲੇ ਮੁਕਾਬਲਾ ਬਹੁਤ ਹੀ ਫਸਵਾਂ ਹੈ। ਸਰਵੇ ਵਿਚ ਜਾਰਜੀਆ ਵਿੱਚ 48% ਮੱਤਦਾਤਾ ਨੇ ਟਰੰਪ ਦਾ ਸਮਰਥਨ ਕੀਤਾ ਹੈ ਜਦ ਕਿ 47% ਮੱਤਦਾਤਾ ਹੈਰਿਸ ਦੇ ਹੱਕ ਵਿਚ ਹਨ। ਉੱਤਰੀ ਕੈਰੋਲੀਨਾ ਵਿਚ 48% ਮੱਤਦਾਤਾ ਹੈਰਿਸ ਦੇ ਹੱਕ ਵਿਚ ਹਨ ਤੇ 47% ਮੱਤਦਾਤਾ ਟਰੰਪ ਦੇ ਨਾਲ ਖੜੇ ਹਨ। ਸਰਵੇ ਵਿਚ ਗਲਤੀ ਦੀ ਸੰਭਾਵਨਾ ਵੀ ਮੌਜੂਦ ਹੈ ਇਸ ਲਈ ਇਨਾਂ ਦੋਨਾਂ ਰਾਜਾਂ ਵਿਚ ਕੋਈ ਵੀ ਉਮੀਦਵਾਰ ਆਪਣੀ ਜਿੱਤ ਪੱਕੀ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਇਹ ਬਹੁਤ ਦਿਲਚਸਪ ਤੱਥ ਹੈ ਕਿ 2008 ਵਿਚ ਉੱਤਰੀ ਕੈਰੋਲੀਨਾ ਦੇ ਮੱਤਦਾਤਾ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਸਾਥ ਦਿੱਤਾ ਸੀ ਜਦ ਕਿ ਪਿਛਲੀਆਂ 4 ਚੋਣਾਂ ਵਿਚ ਮੱਤਦਾਤਾ ਰਿਪਬਲੀਕਨ ਉਮੀਦਵਾਰਾਂ ਦੇ ਹੱਕ ਵਿਚ ਰਹੇ ਹਨ। 2020 ਵਿਚ ਟਰੰਪ ਨੇ ਜੋ ਬਾਇਡਨ ਨੂੰ ਹਰਾਇਆ ਸੀ। ਜਾਰਜੀਆ ਵਿਚ 4 ਸਾਲ ਪਹਿਲਾਂ ਜੋ ਬਾਈਡਨ ਨੇ ਡੋਨਾਲਡ ਟਰੰਪ ਨੂੰ 1% ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਹਰਾ ਕੇ ਇਤਿਹਾਸ ਰਚਿਆ ਸੀ। 1992 ਤੋਂ ਬਾਅਦ ਜਦੋਂ ਬਿੱਲ ਕਲਿੰਟਨ ਜਿੱਤਿਆ ਸੀ ਤੋਂ ਬਾਅਦ ਰਾਜ ਵਿਚ ਪਹਿਲੀ ਵਾਰ ਡੈਮੋਕਰੈਟਿਕ ਉਮੀਦਵਾਰ ਦੀ ਜਿੱਤ ਹੋਈ ਸੀ। ਸਰਵੇ ਅਨੁਸਾਰ ਜਾਰਜੀਆ ਤੇ ਉੱਤਰੀ ਕੈਰੋਲੀਨਾ ਦੋਨਾਂ ਰਾਜਾਂ ਵਿਚ ਹੈਰਿਸ ਨੂੰ ਕਾਲੇ ਸੰਭਾਵੀ ਮੱਤਦਾਤਾ ਭਰਵਾਂ ਸਮਰਥਨ ਮਿਲ ਰਿਹਾ ਹੈ। ਜਾਰਜੀਆ ਵਿਚ 84% ਤੇ ਉੱਤਰੀ ਕੈਰੋਲੀਨਾ ਵਿਚ 78% ਕਾਲੇ ਮੱਤਦਾਤਾ ਹੈਰਿਸ ਦਾ ਸਮਰਥਨ ਕਰ ਰਹੇ ਹਨ ਜਦ ਕਿ ਇਨਾਂ ਦੋਨਾਂ ਰਾਜਾਂ ਵਿਚ ਟਰੰਪ ਨੂੰ ਕਾਲੇ ਮੱਤਦਾਤਾ ਦਾ ਕ੍ਰਮਵਾਰ 13% ਤੇ 19% ਸਮਰਥਨ ਹਾਸਲ ਹੈ। ਜਾਰਜੀਆ ਵਿਚ 55% ਕਾਲਜ ਡਿਗਰੀ ਪ੍ਰਾਪਤ ਕਾਲੇ ਸੰਭਾਵੀ ਮੱਤਦਾਤਾ ਹੈਰਿਸ ਦੇ ਹੱਕ ਵਿਚ ਹਨ ਜਦ ਕਿ 39% ਟਰੰਪ ਦੇ ਨਾਲ ਹਨ। ਇਸੇ ਤਰਾਂ ਉੱਤਰੀ ਕੈਰੋਲੀਨਾ ਵਿਚ 53% ਕਾਲਜ ਡਿਗਰੀ ਪ੍ਰਾਪਤ ਕਾਲੇ ਮੱਤਦਾਤਾ ਦੀ ਪਸੰਦ ਹੈਰਿਸ ਹੈ ਤੇ 42% ਟਰੰਪ ਨੂੰ ਪਸੰਦ ਕਰ ਰਹੇ ਹਨ।
ਦੂਸਰੇ ਪਾਸੇ ਦੋਨਾਂ ਰਾਜਾਂ ਵਿਚ ਹੀ ਸੰਭਾਵੀ ਗੋਰੇ ਗਰੈਜੂਏਟ ਮੱਤਦਾਤਾ ਵੰਡੇ ਹੋਏ ਹਨ। ਉੱਤਰੀ ਕੈਰੋਲੀਨਾ ਵਿਚ 50% ਗੋਰੇ ਗਰੈਜੂਏਟ ਹੈਰਿਸ ਦੇ ਹੱਕ ਵਿਚ ਹਨ ਜਦ ਕਿ 47% ਟਰੰਪ ਦਾ ਸਮਰਥਨ ਕਰ ਰਹੇ ਹਨ। ਜਾਰਜੀਆ ਵਿਚ 48% ਗੋਰੇ ਗਰੈਜੂਏਟ ਟੰਰਪ ਦੇ ਹੱਕ ਵਿਚ ਹਨ ਤੇ 46% ਹੈਰਿਸ ਨਾਲ ਖੜੇ ਨਜਰ ਆ ਰਹੇ ਹਨ। ਜਾਰਜੀਆ ਵਿਚ ਬਿਨਾਂ ਗਰੈਜੂਏਟ 81% ਗੋਰੇ ਮੱਤਦਾਤਾ ਟਰੰਪ ਦੇ ਨਾਲ ਹਨ ਜਦ ਕਿ ਹੈਰਿਸ ਨੂੰ ਕੇਵਲ 15% ਬਿਨਾਂ ਡਿਗਰੀ ਗੋਰੇ ਮੱਤਦਾਤਾ ਦਾ ਸਮਰਥਨ ਹਾਸਲ ਹੈ। ਉੱਤਰੀ ਕੈਰੋਲੀਨਾ ਵਿਚ ਟਰੰਪ ਨੂੰ 65% ਤੇ ਹੈਰਿਸ ਨੂੰ 31% ਬਿਨਾਂ ਡਿਗਰੀ ਗੋਰੇ ਮੱਤਦਾਤਾ ਦਾ ਸਮਰਥਨ ਹਾਸਲ ਹੈ।
Comments (0)