ਮੋਦੀ ਦਾ ਅਚਨਚੇਤ ਲੱਦਾਖ ਦੌਰਾ; ਚੀਨ ਨੇ ਕਿਹਾ ਭਾਰਤ ਹਾਲਾਤਾਂ ਬਾਰੇ ਗਲਤ ਅੰਦਾਜ਼ੇ ਨਾ ਲਾਵੇ

ਮੋਦੀ ਦਾ ਅਚਨਚੇਤ ਲੱਦਾਖ ਦੌਰਾ; ਚੀਨ ਨੇ ਕਿਹਾ ਭਾਰਤ ਹਾਲਾਤਾਂ ਬਾਰੇ ਗਲਤ ਅੰਦਾਜ਼ੇ ਨਾ ਲਾਵੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਵੱਲੋਂ 20 ਭਾਰਤੀ ਫੌਜੀਆਂ ਨੂੰ ਮਾਰੇ ਜਾਣ ਮਗਰੋਂ ਚੱਲ ਰਹੇ ਤਲਖ ਮਾਹੌਲ ਦਰਮਿਆਨ ਬੀਤੇ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਹ ਦਾ ਦੌਰਾ ਕੀਤਾ। ਇੱਥੇ ਨਿਮੂ ਬੇਸ 'ਤੇ ਮੋਦੀ ਨੇ ਭਾਰਤੀ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਸਾਰਵਾਦ ਦਾ ਯੁੱਗ ਖ਼ਤਮ ਹੋ ਚੁੱਕਾ ਹੈ ਅਤੇ ਦੁਸ਼ਮਣਾਂ ਨੇ ਭਾਰਤੀ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਦੇਖ ਲਿਆ ਹੈ। 

ਥਲ ਸੈਨਾ, ਹਵਾਈ ਸੈਨਾ ਅਤੇ ਆਈਟੀਬੀਪੀ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ  ਮੋਦੀ ਨੇ ਗਲਵਾਨ ਘਾਟੀ ’ਚ ਝੜਪ ਦੌਰਾਨ ਮਾਰੇ ਗਏ 20 ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ ਕਿ ਹਥਿਆਰਬੰਦ ਬਲਾਂ ਵੱਲੋਂ ਦਿਖਾਈ ਬਹਾਦਰੀ ਦੇ ਕਿੱਸੇ ਮੁਲਕ ਦੇ ਹਰੇਕ ਕੋਨੇ ’ਚ ਗੂੰਜ ਰਹੇ ਹਨ।

ਉਨ੍ਹਾਂ ਕਿਹਾ ਕਿ ਕਮਜ਼ੋਰ ਕਦੇ ਵੀ ਸ਼ਾਂਤੀ ਦੀ ਪਹਿਲ ਨਹੀਂ ਕਰ ਸਕਦਾ ਹੈ ਅਤੇ ਬਹਾਦਰੀ ਹੀ ਸ਼ਾਂਤੀ ਦੀ ਪਹਿਲੀ ਸ਼ਰਤ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਜਵਾਨਾਂ ਦੀ ਬਹਾਦਰੀ ਦੀ ਮਿਸਾਲ ਦਾ ਨੋਟਿਸ ਲਿਆ ਹੈ ਅਤੇ ਇਤਿਹਾਸ ਗਵਾਹ ਹੈ ਕਿ ਪਸਾਰਵਾਦੀਆਂ ਦਾ ਜਾਂ ਤਾਂ ਨਾਮੋ-ਨਿਸ਼ਾਨ ਮਿਟ ਗਿਆ ਜਾਂ ਉਨ੍ਹਾਂ ਨੂੰ ਮੁੜਨਾ ਪਿਆ। 

ਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਤੁਹਾਡਾ ਹੌਸਲਾ ਇਥੋਂ ਦੀਆਂ ਚੋਟੀਆਂ ਨਾਲੋਂ ਵੀ ਬਹੁਤ ਉੱਚਾ ਹੈ। ਜਦੋਂ ਮੁਲਕ ਦੀ ਸੁਰੱਖਿਆ ਤੁਹਾਡੇ ਹੱਥਾਂ ’ਚ ਹੈ ਤਾਂ ਮੈਨੂੰ ਹੀ ਨਹੀਂ ਪੂਰੇ ਮੁਲਕ ਨੂੰ ਤੁਹਾਡੇ ’ਤੇ ਨਾਜ਼ ਹੈ।’’ ਉਨਾਂ ਕਿਹਾ ਕਿ ਮੁਲਕ ’ਚ ‘ਬੰਸਰੀ ਵਾਲੇ ਭਗਵਾਨ ਕ੍ਰਿਸ਼ਨ’ ਦੀ ਪੂਜਾ ਕੀਤੀ ਜਾਂਦੀ ਹੈ ਪਰ ਜਦੋਂ ਸੁਰੱਖਿਆ ਦੀ ਗੱਲ ਆਵੇ ਤਾਂ ਲੋਕ ‘ਸੁਦਰਸ਼ਨ ਚੱਕਰ ਧਾਰੀ ਕ੍ਰਿਸ਼ਨ’ ਨੂੰ ਆਪਣਾ ਆਦਰਸ਼ ਮੰਨਦੇ ਹਨ।

ਇਸ ਦੌਰੇ ਦੌਰਾਨ ਮੋਦੀ ਨੇ ਗਲਵਾਨ ਘਾਟੀ ਦੀ ਝੜਪ ਵਿਚ ਜ਼ਖਮੀ ਹੋਏ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਭਾਰਤੀ ਫੌਜ ਦੇ ਚੀਫ ਆਫ ਡਿਫੈਂਸ ਸਟਾਫ ਜਰਨਲ ਬਿਪਿਨ ਰਾਵਤ ਅਤੇ ਫੌਜ ਮੁਖੀ ਜਰਨਲ ਮੇਜਰ ਮੁਕੰਦ ਨਾਰਵਾਨੇ ਵੀ ਹਾਜ਼ਰ ਸਨ। 

ਬੀਤੇ ਕੱਲ੍ਹ ਚੀਨ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਨੇ ਭਾਰਤ ਨੂੰ ਸੁਚੇਤ ਕੀਤਾ ਕਿ ਉਹ ਚੀਨ ਨਾਲ ਹਾਲਾਤਾਂ ਬਾਰੇ ਗਲਤ ਅੰਦਾਜ਼ੇ ਨਾ ਲਾਵੇ ਅਤੇ ਦੁਵੱਲੇ ਰਿਸ਼ਤਿਆਂ ਨੂੰ ਬਹਾਲ ਰੱਖਣ ਲਈ ਚੀਨ ਨਾਲ ਮਿਲ ਕੇ ਕੰਮ ਕਰੇ।