ਨਨਕਾਣਾ ਸਾਹਿਬ ਤੋਂ ਪਰਤ ਰਹੀਆਂ ਸਿੱਖ ਸੰਗਤਾਂ ਦੀ ਵੈਨ ਰੇਲ ਗੱਡੀ ਨਾਲ ਵੱਜੀ; 20 ਮੌਤਾਂ

ਨਨਕਾਣਾ ਸਾਹਿਬ ਤੋਂ ਪਰਤ ਰਹੀਆਂ ਸਿੱਖ ਸੰਗਤਾਂ ਦੀ ਵੈਨ ਰੇਲ ਗੱਡੀ ਨਾਲ ਵੱਜੀ; 20 ਮੌਤਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਾਕਿਸਤਾਨ ਦੇ ਸ਼ੇਖੂਪੁਰਾ ਨੇੜੇ ਅੱਜ ਨਨਕਾਣਾ ਸਾਹਿਬ ਤੋਂ ਪਰਤ ਰਹੇ ਸਿੱਖ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਰੇਲਗੱਡੀ ਨਾਲ ਵੱਜ ਗਈ। ਇਸ ਹਾਦਸੇ ਵਿਚ 20 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇਸ ਦੁਖਦਾਈ ਖ਼ਬਰ ਨਾਲ ਸਮੁੱਚੀ ਦੁਨੀਆ ਵਿਚ ਵਸਦੇ ਸਿੱਖ ਭਾਈਚਾਰੇ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ।  

ਪਹਿਲਾਂ ਪ੍ਰਾਪਤ ਹੋਈ ਜਾਣਕਾਰੀ ਵਿਚ ਮੌਤਾਂ ਦੀ ਗਿਣਤੀ 15 ਦੱਸੀ ਜਾ ਰਹੀ ਸੀ। ਮ੍ਰਿਤਕਾਂ ਵਿਚ ਬੱਚੇ ਅਤੇ ਬੀਬੀਆਂ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਇਲਾਜ਼ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ ਨੇ ਇਸ ਸਬੰਧੀ ਆਪਣੇ ਟਵਿੱਟਰ 'ਤੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਜ਼ਖਮੀਆਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਦੇਣ ਲਈ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਜਿੱਥੇ ਇਹ ਹਾਦਸਾ ਵਾਪਰਿਆ ਉੱਥੇ ਰੇਲ ਪਟੜੀ ਦੇ ਲਾਂਘੇ 'ਤੇ ਫਾਟਕ ਨਹੀਂ ਸੀ। ਇਸ ਹਾਦਸੇ ਤੋਂ ਬਾਅਦ ਪਾਕਿਸਤਾਨ ਦੇ ਰੇਲਵੇ ਮਹਿਕਮੇ ਨੇ ਸਥਾਨਕ ਇਲਾਕੇ ਦੇ ਡਵੀਜ਼ਨਲ ਇੰਜੀਨੀਅਰ ਨੂੰ ਬਰਖਾਸਤ ਕਰ ਦਿੱਤਾ ਹੈ। 

ਪਾਕਿਸਤਾਨ ਰੇਲਵੇ ਦੇ ਮੰਤਰੀ ਸ਼ੇਖ ਰਸ਼ੀਦ ਨੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ 'ਤੇ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। 
 

وزیر اعظم عمران خان کا شیخوپورہ میں ٹرین حادثے پر افسوس کا اظہار

قیمتی جانوں کے ضیاع پر گہرے دکھ کا اظہار کیا اور زخمیوں کو بہترین طبی امداد کی فراہمی کی ہدایت کی

— PTI (@PTIofficial) July 3, 2020