ਚੀਨ ਦੀ ਨਿਰੰਕੁਸ਼ਤਾ ਭਰੀ  ਵਿਸ਼ਵ ਸਰਦਾਰੀ ਨੂੰ ਰੋਕਣਾ ਜ਼ਰੂਰੀ : ਦਰਬਾਰਾ ਸਿੰਘ 

ਚੀਨ ਦੀ ਨਿਰੰਕੁਸ਼ਤਾ ਭਰੀ  ਵਿਸ਼ਵ ਸਰਦਾਰੀ ਨੂੰ ਰੋਕਣਾ ਜ਼ਰੂਰੀ : ਦਰਬਾਰਾ ਸਿੰਘ 

ਆਰਥਿਕ ,ਸੰਸਕਿ੍ਰਤ ਤੇ ਤਕਨੀਕੀ ਹਮਲੇ ਕਰ ਰਿਹਾ ਹੈ ਵਿਸ਼ਵ ਉਪਰ ਵਿਸ਼ਵ ਭਰ ਦੇ ਲੋਕਤੰਤਰੀ ਰਾਸ਼ਟਰਾਂ ਨੂੰ ਅੱਗੇ ਆਉਣ ਦੀ ਲੋੜ ; ਵਿਸ਼ਵ ਚੇਤਨਾ -ਦਰਬਾਰਾ ਸਿੰਘ 

ਪਿਛਲੇ ਲੰਬੇ ਸਮੇਂ ਤੋਂ ਚੀਨ ਇਕ ਲਚਕਦਾਰ ਅਤੇ ਨਰਮ ਘੁਸਪੈਠੀ ਰਣਨੀਤੀ ਨਾਲ ਪੂਰੇ ਵਿਸ਼ਵ ਦੇ ਰਣਨੀਤਕ, ਆਰਥਿਕ, ਵਪਾਰਕ, ਭੂਗੋਲਿਕ ਖੇਤਰਾਂ ਵਿਚ ਪੂਰੀ ਤਾਕਤ ਨਾਲ ਅੱਗੇ ਵੱਧ ਰਿਹਾ ਹੈ। ਕੋਵਿਡ-19 ਗਲੋਬਲ ਮਹਾਮਾਰੀ ਵਿਚ ਜਦੋਂ ਵਿਸ਼ਵ ਥਾਣੇਦਾਰ ਕਹਾਉਣ ਵਾਲੀ ਮਹਾਸ਼ਕਤੀ ਅਮਰੀਕਾ, ਯੂਰਪੀ ਦੇਸ਼, ਏਸ਼ੀਅਨ, ਉੱਤਰੀ ਅਤੇ ਦੱਖਣੀ ਅਮਰੀਕਨ, ਆਪਸੀ ਅਤੇ ਘਰੋਗੀ ਜੰਗਾਂ ਵਿਚ ਉਲਝੇ ਅਫ਼ਰੀਕਨ ਦੇਸ਼, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਦਿ ਇਸ ਦੀ ਡਾਢੀ ਮਾਰ ਹੇਠ ਆਏ ਅਤੇ ਬਚਾਅ ਕਾਰਜਾਂ ਵਿਚ ਰੁੱਝੇ ਰਹੇ ਜਦਕਿ ਚੀਨ ਬੜੀ ਮੁਸਤੈਦੀ ਨਾਲ ਇਨ੍ਹਾਂ ਸਭ ਰਾਸ਼ਟਰਾਂ ਅੰਦਰ ਘੁਸਪੈਠ ਕਰਦਾ ਚਲਾ ਗਿਆ।

ਇਸ ਰਣਨੀਤਕ ਅਤੇ ਯੁੱਧਨੀਤਕ ਘੁਸਪੈਠ ਦੀ ਉਸ ਨੇ ਵਿਸ਼ਵ ਦੇ ਤਾਕਤਵਰ ਦੇਸ਼ਾਂ ਨੂੰ ਸੂਹ ਹੀ ਨਹੀਂ ਲੱਗਣ ਦਿੱਤੀ। ਚੀਨ ਦੀ ਅਜੋਕੀ ਸ਼ੀ ਜਿਨਪਿੰਗ ਲੀਡਰਸ਼ਿਪ ਸਮਝਦੀ ਹੈ ਕਿ ਲਚਕਦਾਰ ਅਤੇ ਨਰਮ ਘੁਸਪੈਠ ਥੋੜ੍ਹਾ ਕੀਤੇ ਕਿਸੇ ਅਤਿ ਆਧੁਨਿਕ ਅਤੇ ਮੁਸਤੈਦ ਰਾਸ਼ਟਰ ਦੀ ਪਕੜ ਵਿਚ ਨਹੀਂ ਆਉਂਦੀ।

ਵਿਕਸਤ ਰਾਸ਼ਟਰਾਂ ਦੀ ਬੌਧਿਕ ਸੰਪਦਾ ਨੂੰ ਅਤਿ-ਆਧੁਨਿਕ ਹੱਥ ਦੀ ਸਫ਼ਾਈ ਨਾਲ ਚੋਰੀ ਕਰਨ ਵਿਚ ਚੀਨ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਸ ਕਲਾ ਨੂੰ ਉਹ ਆਪਣੇ ਢੰਗ ਨਾਲ ਵਿਕਸਤ ਕਰ ਕੇ ਬਹੁਤ ਅਨੁਚਿਤ ਅਤੇ ਘਟੀਆ ਤੋਂ ਘਟੀਆ ਤਰੀਕਿਆਂ ਨਾਲ ਦੂਸਰੇ ਰਾਸ਼ਟਰਾਂ ਅੰਦਰ ਵਰਤਦਾ ਹੈ। ਵੱਖ-ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ, ਤਕਨੀਕੀ, ਸਾਇੰਸ ਸੰਸਥਾਵਾਂ ਵਿਚ ਆਪਣੀਆਂ ਕਨਫਿਊਸ਼ੀਅਸ ਸੰਸਥਾਵਾਂ ਦੇ ਮਾਧਿਅਮ ਨਾਲ ਉਹ ਘੁਸਪੈਠ ਕਰ ਰਿਹਾ ਹੈ।

ਆਰਥਿਕ ਅਤੇ ਸੰਸਕਿ੍ਰਤ, ਤਕਨੀਕੀ ਹਮਲੇ ਕਰ ਰਿਹਾ ਹੈ ਤਾਂ ਕਿ ਪੂਰੇ ਵਿਸ਼ਵ ਵਿਚ ਆਪਣੀ ਧਾਂਕ ਜਮਾਈ ਜਾ ਸਕੇ। ਬਰਤਾਨਵੀ ਫ਼ੌਜ ਦੇ ਮੁਖੀ ਜਨਰਲ ਨਿੱਕ ਕਾਰਟਰ ਦਾ ਕਹਿਣਾ ਹੈ ਚੀਨ ਪੱਛਮ ਨੂੰ ਹਰਾਉਣ ਲਈ ਕਈ ਮਨਸੂਬਿਆਂ ’ਤੇ ਕੰਮ ਕਰ ਰਿਹਾ ਹੈ। ਉਸ ਦੇ ਹਮਲੇ ਬਹੁਤ ਤੇਜ਼-ਤਰਾਰ ਤੇ ਲੁਕਵੇਂ ਹਨ। ਮਕਸਦ ਕੌਮਾਂਤਰੀ ਕਾਨੂੰਨਾਂ ਦੀ ਮਾਰ ਤੋਂ ਬਚਣਾ ਹੈ। ਇਸ ਦੇ ਮੁਕਾਬਲੇ ਵਿਚ ਬਰਤਾਨੀਆ ਨਹਿਲੇ ’ਤੇ ਦਹਿਲੇ ਵਾਲੀ ਤਕਨੀਕੀ ਪ੍ਰਕਿਰਿਆ, ਕੂੜ-ਪ੍ਰਚਾਰ ਮੁਹਿੰਮ ਸ਼ੁਰੂ ਕਰ ਰਿਹਾ ਹੈ।

ਕੈਨੇਡਾ ਭਲੀਭਾਂਤ ਜਾਣਕਾਰੀ ਰੱਖਦਾ ਹੈ ਕਿ ਕਿਵੇਂ ਚੀਨ ਵਿਸ਼ਵ ਪੱਧਰ ’ਤੇ ਸਰਦਾਰੀ ਕਾਇਮ ਕਰਨ ਲਈ ਬਹੁ-ਪੱਖੀ ਯੋਜਨਾਵਾਂ ’ਤੇ ਕੰਮ ਕਰ ਰਿਹਾ ਹੈ। ਇਹ ਯੋਜਨਾਵਾਂ ਹਨ (1) ਹਮਲਾਵਰ ਡਿਪਲੋਮੈਸੀ (2) ਨਵੀਨਤਮ ਤਕਨੀਕੀ ਕਾਰਵਾਈਆਂ (3) ਵਿਸ਼ਮ ਗੈਰ-ਸਮਰੂਪੀ ਕਾਰਵਾਈਆਂ (4) ਫ਼ੌਜੀ ਹਥਿਆਰਾਂ ਦੀ ਦੌੜ ਤੀਬਰ ਕਰਨ ਵਾਲੀਆਂ ਕਾਰਵਾਈਆਂ।

ਉਹ ਪੱਛਮੀ ਜਗਤ ਅਤੇ ਗੁਆਂਢੀ ਭਾਰਤ ਵਿਚ ਮਹੱਤਵਪੂਰਨ ਦਖ਼ਲਅੰਦਾਜ਼ੀ ਵਾਲੀਆਂ ਕਾਰਵਾਈਆਂ ਜਾਰੀ ਰੱਖ ਰਿਹਾ ਹੈ। ਪਰਵਾਸੀ ਲੋਕਾਂ, ਮੀਡੀਆ, ਭ੍ਰਿਸ਼ਟ ਅਫ਼ਸਰਸ਼ਾਹੀ ਅਤੇ ਯੂਨੀਵਰਸਿਟੀ ਕੈਂਪਸਾਂ ਨੂੰ ਨਿਸ਼ਾਨੇ ’ਤੇ ਰੱਖ ਰਿਹਾ ਹੈ। ਕਾਰਪੋਰੇਸ਼ਨਾਂ ਦੇ ਮੇਅਰਾਂ, ਕਾਰਜਕਾਰੀ ਅਧਿਕਾਰੀਆਂ, ਸੂਬਾਈ ਅਤੇ ਫੈਡਰਲ ਸਿਸਟਮ, ਰਾਜ ਦੀਆਂ ਮਹੱਤਵਪੂਰਨ ਸੰਸਥਾਵਾਂ ਨਿਸ਼ਾਨੇ ’ਤੇ ਲੈਣ ਲਈ ਪਾਰਲੀਮੈਂਟ ਮੈਂਬਰਾਂ, ਮੰਤਰੀਆਂ, ਵਿਧਾਇਕਾਂ, ਯੂਨੀਵਰਸਿਟੀਆਂ ਦੇ ਉੱਪ-ਕੁਲਪਤੀਆਂ, ਕੰਪਨੀਆਂ ਦੇ ਮੁਖੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ ਸੰਗਠਨਾਂ, ਤੋੜ-ਫੋੜ ਕਰਨ ਵਾਲੇ ਗੁਰੱਪਾਂ ਅੰਦਰ ਘੁਸਪੈਠ ਕਰ ਰਿਹਾ ਹੈ। ਚੀਨ ਦੀ ਸ਼ੈਨਜ਼ੂਹੈਨ ਜ਼ੈਨਹੂਆ ਡਾਟਾ ਤਕਨਾਲੋਜੀ ਕੰਪਨੀ ਨੇ 2.4 ਮਿਲੀਅਨ ਵਿਸ਼ੇਸ਼ ਲੋਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੋਈ ਹੈ।

ਆਸਟ੍ਰੇਲੀਅਨ ਸਾਈਬਰ ਸੁਰੱਖਿਆ ਫਰਮ ਅਨੁਸਾਰ ਇਸ ਵਿਚ 52000 ਅਮਰੀਕੀ, 35000 ਆਸਟ੍ਰੇਲੀਅਨ, 9700 ਬਿ੍ਟਿਸ਼ ਅਤੇ 5000 ਕੈਨੇਡੀਅਨ ਸ਼ਾਮਲ ਹਨ। ਚੀਨ ਭਾਵੇਂ ਇਸ ਤੋਂ ਇਨਕਾਰ ਕਰਦਾ ਹੈ ਪਰ ਮਾਈਕਲ ਸ਼ੂਬਿ੍ਜ, ਡਾਇਰੈਕਰ ਆਸਟ੍ਰੇਲੀਅਨ ਸੁਰੱਖਿਆ, ਯੁੱਧ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਦਾ ਕਹਿਣਾ ਹੈ, ਚੀਨ ਦੇ ਇਨਕਾਰ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਚੀਨੀ ਕਾਨੂੰਨ ਦੇਸ਼ ਦੀਆਂ ਕੰਪਨੀਆਂ ਨੂੰ ਮਜਬੂਰ ਕਰਦਾ ਹੈ ਕਿ ਉਹ ਚੀਨੀ ਸੁਰੱਖਿਆ ਅਤੇ ਗੁਪਤਚਰ ਏਜੰਸੀਆਂ ਦਾ ਸਹਿਯੋਗ ਕਰਨ ਪਰ ਜਨਤਕ ਤੌਰ ’ਤੇ ਅਜਿਹਾ ਕਰਨ ਤੋਂ ਇਨਕਾਰੀ ਹੋ ਜਾਣ।

ਚੀਨ ਦੀ ਦੋਗਲੀ ਅਸੀਮਤ ਜੰਗ ਇਕ ਅਜਿਹੀ ਅਸਿੱਧੀ ਜੰਗ ਹੈ ਜਿਸ ਰਾਹੀਂ ਉਹ ਗੈਰ-ਰਵਾਇਤੀ ਜੁਗਤਾਂ ਰਾਹੀਂ ਸਿੱਧੀ ਜੰਗ ਛੇੜੇ ਬਗੈਰ ਆਪਣੇ ਇਰਾਦਿਆਂ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ। ਸੰਨ 1949 ਵਿਚ ਚੀਨੀ ਇਨਕਲਾਬ ਤੋਂ ਛੇਤੀ ਬਾਅਦ ਚੀਨੀ ਕਮਿਊਨਿਸਟ ਪਾਰਟੀ ਨੇ ਆਪਣਾ ਗਲੋਬਲ ਏਜੰਡਾ ਜਾਰੀ ਕਰਦੇ ਰਾਸ਼ਟਰ ਨੂੰ ਇਕ ਵਿਸ਼ਵ-ਵਿਆਪੀ ਮਹਾਸ਼ਕਤੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ। ਚੀਨੀ ਕਮਿਊਨਿਸਟ ਪਾਰਟੀ ਦੀ ਆਲੋਚਨਾ ਨੂੰ ਚੀਨੀ ਰਾਸ਼ਟਰ ਅਤੇ ਚੀਨੀ ਲੋਕਾਂ ਦੀ ਆਲੋਚਨਾ ਘੋਸ਼ਿਤ ਕਰ ਦਿੱਤਾ ਸੀ।

ਪੰਜਾਹਵਿਆਂ ਵਿਚ ਵਧੀਆ ਕੁਆਲਿਟੀ ਵਾਲੀ ਸਟੀਲ ਦੇ ਉਤਪਾਦਨ ਰਾਹੀਂ ਉਸ ਨੇ 5 ਸਾਲਾਂ ਵਿਚ ਬਿ੍ਰਟੇਨ ਅਤੇ 10 ਸਾਲਾਂ ਵਿਚ ਅਮਰੀਕਾ ਨੂੰ ਮਾਤ ਦੇਣ ਦੇ ਏਜੰਡੇ ’ਤੇ ਕੰਮ ਕਰਨਾ ਆਰੰਭਿਆ ਪਰ ਇਹ ਏਜੰਡਾ ਉਲਟ ਪੈ ਗਿਆ। ਸੰਨ 1959-62 ਦਰਮਿਆਨ ਇਸ ਆਰਥਿਕ ਮੰਦਹਾਲੀ ਨਾਲ ਹੀ ਭਿਆਨਕ ਕਾਲ ਰਾਹੀਂ ਭੁੱਖਮਰੀ ਕਾਰਨ ਚੀਨ ਦੇ 40 ਮਿਲੀਅਨ ਲੋਕ ਮਰ ਗਏ। ਕਲਚਰਲ ਇਨਕਲਾਬ ਰਾਹੀਂ 20 ਮਿਲੀਅਨ ਲੋਕਾਂ ਦਾ ਸਫ਼ਾਇਆ ਕੀਤਾ।

ਪ੍ਰਸਾਰਵਾਦ ਨੀਤੀ ਤਹਿਤ ਤਿੱਬਤ ਨੂੰ ਹੜੱਪਣ ਤੋਂ ਬਾਅਦ ਭਾਰਤ ਨਾਲ ਸੰਨ 1962 ਵਿਚ ਜੰਗ ਛੇੜਦਿਆਂ ਇਸ ਦੇ ਲੱਦਾਖ ਖੇਤਰ ਵਿਚ ਵੱਡੇ ਇਲਾਕੇ ’ਤੇ ਕਬਜ਼ਾ ਕਰ ਲਿਆ। ਅਤਿ ਆਧੁਨਿਕ ਤਕਨੀਕ ਅਤੇ ਹਥਿਆਰਾਂ ਨਾਲ ਲੈਸ ਤਾਕਤਵਰ ਫ਼ੌਜ ਤਿਆਰ ਕਰ ਲਈ। ਕਨਫਿਊਸ਼ੀਅਸ ਸੰਸਥਾਵਾਂ ਅਤੇ ਵਿਦਿਆਰਥੀ ਸੰਗਠਨਾਂ ਰਾਹੀਂ ਦੂਸਰੇ ਦੇਸ਼ਾਂ ਦੇ ਅਕਾਦਮਿਕ ਸਿਸਟਮ ਨੂੰ ਪ੍ਰਭਾਵਿਤ ਕਰ ਕੇ ਉਨ੍ਹਾਂ ਦੀਆਂ ਨਵੀਨਤਮ ਤਕਨੀਕੀ ਈਜਾਦਾਂ ਅਤੇ ਖੋਜ ਪੱਤਰਾਂ ’ਤੇ ਹੱਥ ਸਾਫ਼ ਕੀਤਾ। ਉਨਾਂ ਦੇ ਬਲਬੂਤੇ ਆਪਣੇ ਦੇਸ਼ ਦੀ ਤਰੱਕੀ ਨੂੰ ਤੇਜ਼ੀ ਨਾਲ ਅੱਗੇ ਵਧਾਇਆ। ਇਸ ਨਾਲ ਹੀ ਪੂਰਬੀ ਏਸ਼ੀਆ ਉਪਰੰਤ ਪੂਰੇ ਵਿਸ਼ਵ ਅੰਦਰ ਪ੍ਰਸਾਰਵਾਦੀ ਅਸੀਮਤ ਦੋਗਲੀ ਜੰਗ ਤੇਜ਼ ਕਰ ਦਿੱਤੀ।

ਜਿਸ ਕੈਨੇਡਾ ਨੇ ਸੰਨ 1989 ਵਿਚ ਇਸ ਵੱਲੋਂ ਤਿਆਨਾਨਮੈਨ ਚੌਕ ਬੀਜਿੰਗ ਵਿਚ ਹਜ਼ਾਰਾਂ ਨੌਜਵਾਨਾਂ ਨੂੰ ਬੇਦਰਦੀ ਨਾਲ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਵਿਸ਼ਵ ਭਰ ਵਿਚ ਫੈਲੀ ਨਾਰਾਜ਼ਗੀ ਕਰ ਕੇ ਇਕੱਲਤਾ ਦੇ ਆਲਮ ’ਚੋਂ ਬਾਹਰ ਕੱਢਣ ਲਈ ਸਭ ਤੋਂ ਪਹਿਲਾਂ ਹੱਥ ਵਧਾਇਆ, ਅੱਜ ਇਹ ਉਸ ਵਿਰੁੱਧ ਗੈਰ-ਡਿਪਲੋਮੈਟਿਕ ਹਰਕਤਾਂ ’ਤੇ ਉਤਰਿਆ ਪਿਆ ਹੈ।

ਭਾਰਤ ਨਾਲ ਦੋਗਲੀ ਅਸੀਮਤ ਜੰਗ ਲੱਦਾਖ ਖੇਤਰ ਵਿਚ ਗਲਵਾਨ ਘਾਟੀ, ਅਰੁਣਾਚਲ ਖੇਤਰ ਵਿਚ 4-5 ਕਿਲੋਮੀਟਰ ਸਰਹੱਦ ਅੰਦਰ ਇਕ ਪਿੰਡ ਚੁੱਪ-ਚਪੀਤੇ ਉਸਾਰ ਕੇ, ਨਾਕੂਲਾ (ਸਿੱਕਮ) ਵਿਚ ਘੁਸਪੈਠ ਕਰ ਕੇ, ਪਾਕਿਸਤਾਨ ਨੂੰ ਲਗਾਤਾਰ ਭਾਰਤ ਵਿਰੁੱਧ ਉਕਸਾ ਕੇ, ਮਕਬੂਜ਼ਾ ਕਸ਼ਮੀਰ ਵਿਚ ਪਾਕਿਸਤਾਨ ਦੀ ਮਿਲੀਭੁਗਤ ਨਾਲ ਘੁਸਪੈਠ ਕਰ ਕੇ ਛੇੜ ਰੱਖੀ ਹੈ। ਅਮਰੀਕਾ ਨਾਲ ਮਿਲ ਕੇ ਭਾਰਤ ਵੱਲੋਂ ਤਿੱਬਤ ਦੀ ਆਜ਼ਾਦੀ ਦਾ ਮੁੱਦਾ ਉਠਾਉਣ ’ਤੇ ਚੀਨ ਨੂੰ ਬਹੁਤ ਮਿਰਚਾਂ ਲੱਗੀਆਂ ਹਨ। ਭਾਰਤ ਵੱਲੋਂ ਇਸ ਦੇ ਮਾਲ, ਟਿਕ-ਟਾਕ ਸਮੇਤ ਕਈ ਕੰਪਨੀਆਂ ਦੇ ਬਾਈਕਾਟ ਕਾਰਨ ਇਹ ਉਸ ਵਿਰੁੱਧ ਜ਼ਹਿਰੀਲੇ ਪ੍ਰਚਾਰ ਅਤੇ ਗਲੋਬਲ ਵਿਰੋਧ ’ਤੇ ਉਤਰਿਆ ਪਿਆ ਹੈ।

ਵਿਸ਼ਵ ਅੰਦਰ ਕਈ ਦੇਸ਼ਾਂ ਵਿਚ ਚੀਨ ਵਿਰੁੱਧ ਮੁਸਤੈਦ ਹੋਣ ਕਰ ਕੇ ਕਈ ਥਾਵਾਂ ’ਤੇ ਇਸ ਦੇ ਸਾਇੰਸਦਾਨ, ਤਕਨੀਕੀ ਮਾਹਿਰ ਅਤੇ ਵਪਾਰਕ ਘੁਸਪੈਠੀਏ ਰੰਗੇ ਹੱਥੀਂ ਦਸਤਾਵੇਜ਼ ਚੋਰੀ ਕਰਦੇ ਫੜੇ ਗਏ ਹਨ। ਮਿਸਾਲ ਵਜੋਂ ਅਮਰੀਕਾ ਦੀ ਹਰਵਾਰਡ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿਚ ਜਾਅਲੀ ਫੰਡਿੰਗ ਰਾਹੀਂ ਘੁਸਪੈਠ, 41 ਸਾਲਾ ਹਾਓ ਜੰਗ ਅਮਰੀਕਾ ਦੇ ਵਪਾਰਕ ਭੇਦ ਚੁਰਾਉਂਦਾ ਫੜਿਆ ਜਾਣਾ।

ਸੰਨ 2018 ਵਿਚ ਐੱਫਬੀਆਈ ਦੇ ਡਾਇਰੈਕਟਰ ਕਿ੍ਰਸਟੋਫਰ ਰੇਅ ਨੇ ਤਸਦੀਕ ਕੀਤਾ ਸੀ ਕਿ ਚੀਨ ਵਿਸ਼ਵ ਅੰਦਰ ਸਰਕਾਰਾਂ ਦੇ ਪੂਰੇ ਤੰਤਰ ’ਤੇ ਹੀ ਨਹੀਂ, ਸਮਾਜ ਦੇ ਪੂਰੇ ਤੰਤਰ ਨੂੰ ਆਪਣੇ ਪ੍ਰਭਾਵ ਹੇਠ ਲਿਆਉਣ ਦਾ ਨਿਸ਼ਚਾ ਕਰੀ ਬੈਠਾ ਹੈ। ਇਸ ਨਾਲ ਟੱਕਰਨ ਲਈ ਉਲਟੀ ਚੀਨੀ ਸਮਾਜਿਕ ਤੰਤਰ ਨੂੰ ਪ੍ਰਭਾਵਿਤ ਕਰਨ ਵਾਲੀ ਨੀਤੀ ਅਪਨਾਉਣ ਦੀ ਲੋੜ ਹੈ।

ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਹੁਆਵੇ ਕੰਪਨੀ ਦੀ 5ਜੀ ਸੇਵਾ ’ਤੇ ਰੋਕ ਲਾ ਦਿੱਤੀ ਹੈ, ਬਰਤਾਨੀਆ ਇਸ ’ਤੇ ਰੋਕ ਲਾਉਣ ’ਤੇ ਕੰਮ ਕਰ ਰਿਹਾ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਦਾ ਜ਼ਮੀਨੀ, ਸਮੁੰਦਰੀ, ਵਪਾਰਕ ਪ੍ਰਸਾਰਵਾਦ, ਜ਼ੁਆਂਗ, ਹੁਈ, ਮਾਂਚੋ, ਉਈਗਰ, ਤਿੱਬਤੀ ਘੱਟ ਗਿਣਤੀਆਂ ਵਿਰੁੱਧ ਜ਼ਬਰ ਰੋਕਣ ਲਈ ਆਪਣੇ ਪੱਛਮੀ, ਨਾਟੋ, ਜਾਪਾਨ, ਦੱਖਣੀ ਕੋਰੀਆ ਆਦਿ ਸਹਿਯੋਗੀਆਂ ਨੂੰ ਇਕ ਮੰਚ ’ਤੇ ਆਉਣ ਦਾ ਸੱਦਾ ਦਿੱਤਾ ਹੈ। ਕਮਿਊਨਿਸਟ ਵਿਚਾਰਧਾਰਾ ਦੇ ਨਕਾਬ ਹੇਠ ਇਸ ਦੀ ਨਿਰੰਕੁਸ਼ਤਾ ਭਰੀ ਨਿਰਦਈ ਵਿਸ਼ਵ ਸਰਦਾਰੀ ਨੂੰ ਰੋਕਣਾ ਅਤਿ ਜ਼ਰੂਰੀ ਹੈ। ਇਸ ਲਈ ਵਿਸ਼ਵ ਭਰ ਦੇ ਲੋਕਤੰਤਰੀ ਰਾਸ਼ਟਰਾਂ ਨੂੰ ਅੱਗੇ ਆਉਣ ਦੀ ਲੋੜ ਹੈ।