ਮਾਨਸਿਕ ਗੁਲਾਮੀ ਦਾ ਸ਼ਿਕਾਰ ਪੰਜਾਬਣਾਂ

  ਮਾਨਸਿਕ ਗੁਲਾਮੀ ਦਾ ਸ਼ਿਕਾਰ ਪੰਜਾਬਣਾਂ

 ਔਰਤ ਜਿੰਨਾ ਮਰਜ਼ੀ ਆਜ਼ਾਦੀ ਦਾ ਦਿਖਾਵਾ ਕਰਦੀ ਹੋਵੇ...

 

ਇਕ ਔਰਤ ਜਿੰਨਾ ਮਰਜ਼ੀ ਆਜ਼ਾਦੀ ਦਾ ਦਿਖਾਵਾ ਕਰਦੀ ਹੋਵੇ ਪਰ ਅਸਲ ਵਿੱਚ ਉਸ ਦੀ ਇਹ ਆਜ਼ਾਦੀ  ਬਾਹਰੀ ਵਿਖਾਵੇ ਪਨ ਤੋਂ ਇਲਾਵਾ ਕੁਝ ਨਹੀਂ ਹੁੰਦੀ,  ਕਿਉਂਕੀ ਅੰਦਰੋਂ ਤਾਂ ਉਹ ਇਕ ਗੁਲਾਮੀ ਭਰਿਆ ਜੀਵਨ ਹੀ ਬਤੀਤ ਕਰਦੀ ਹੈ  ਅੱਜ ਵੀ ਉਸ ਦੀ ਮਾਨਸਿਕਤਾ ਵਿਚ ਗੁਲਾਮੀ ਭਰੀ ਹੋਈ ਹੈ, ਜਿਸ ਦੀ ਪ੍ਰਤੱਖ ਉਦਾਹਰਣ  ਅਮਰੀਕਾ ਵਿੱਚ  ਰਹਿੰਦੀ ਮਨਦੀਪ ਕੌਰ ਸੀ ਜਿਸ ਦੀ ਇਸ ਅੰਧਵਿਸ਼ਵਾਸੀ ਸਮਾਜ ਨੇ ਬਲੀ ਲੈ ਲਈ ਹੈ  । ਬੇਸ਼ੱਕ ਉਹ ਇਕ ਅਜਿਹੇ ਦੇਸ਼ ਵਿਚ ਰਹਿ ਰਹੀ ਸੀ ਜਿੱਥੇ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਹਨ ਤੇ  ਔਰਤਾਂ ਉਤੇ ਕਿਸੇ ਵੀ ਤਰ੍ਹਾਂ ਦਾ ਅੱਤਿਆਚਾਰ  ਹੁੰਦਾ ਨਜ਼ਰ ਨਹੀਂ ਆਉਂਦਾ । ਜੇਕਰ ਕਿਸੇ ਔਰਤ ਉਤੇ ਕੋਈ ਅੱਤਿਆਚਾਰ ਹੁੰਦਾ ਹੈ ਤਾਂ  ਅਜਿਹੇ ਮੁਲਕ ਦੀਆਂ ਸਰਕਾਰਾਂ ਅਪਰਾਧੀ ਨੂੰ ਸਖ਼ਤ ਸਜ਼ਾਵਾਂ ਦਿੰਦੀਆਂ ਹਨ । ਪਰ ਮਨਦੀਪ ਕੌਰ ਨਾਲ ਵਾਪਰੀ  ਇਹ ਦਰਦਨਾਕ ਘਟਨਾ  ਇਸ ਗੱਲ ਦੀ ਹਾਮੀ ਭਰਦੀ ਹੈ ਕਿ ਜਦੋਂ ਤਕ ਔਰਤ  ਆਪਣੀ ਮਾਨਸਿਕ ਆਜ਼ਾਦੀ ਦਾ ਨਿੱਘ ਨਹੀਂ ਮਾਣਦੀ ਉਸ ਦੇ ਲਈ  ਦਿਖਾਵੇ ਦੀ ਆਜ਼ਾਦੀ ਕੋਈ ਮਾਇਨੇ ਨਹੀਂ ਰੱਖਦੀ ਹੈ ।

ਪੰਜਾਬਣਾਂ ਦੀ ਸੋਚ ਵਿਚ ਜੋ ਗੁਲਾਮੀ ਦੀਆਂ ਜ਼ੰਜੀਰਾਂ ਬੰਨ੍ਹੀਆਂ ਹੋਈਆਂ ਹਨ ਉਹ ਉਨ੍ਹਾਂ ਨੂੰ ਕਦੇ ਵੀ ਆਜ਼ਾਦ ਨਹੀਂ ਹੋਣ ਦਿੰਦੀਆਂ ਬੇਸ਼ੱਕ ਉਹ ਕਿਸੇ ਵੀ ਮੁਲਕ ਦਾ ਹਿੱਸਾ ਬਣ ਜਾਣ । ਸਾਡਾ ਸਮਾਜ ਅੱਜ ਵੀ ਔਰਤ ਤੋਂ ਵੱਧ ਮਰਦ ਨੂੰ ਪ੍ਰਮੁੱਖਤਾ ਦਿੰਦਾ ਹੈ । ਜੇਕਰ ਔਰਤ ਕੰਮਕਾਜੀ ਵੀ ਹੋਵੇ ਤਦ ਵੀ ਉਸ ਨੂੰ ਘਰ ਦੀ ਚਾਰਦੀਵਾਰੀ ਅੰਦਰ ਪਰਿਵਾਰਕ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ । ਜਦਕਿ ਮਰਦ ਨੂੰ ਸਮਝਿਆ ਜਾਂਦਾ ਹੈ ਕਿ ਉਹ ਘਰ ਦਾ ਮੁਖੀਆ ਹੈ ਜੋ ਸਿਰਫ਼ ਔਰਤ ਉੱਤੇ ਹੁਕਮ ਚਲਾਉਣਾ ਜਾਣਦਾ ਹੈ । ਅਜਿਹੀ ਸੋਚ ਦੇ ਮਾਲਕ ਲੋਕ ਕਦੇ ਵੀ ਔਰਤ ਨੂੰ ਮਾਨਸਿਕ ਤੌਰ ਤੇ ਆਜ਼ਾਦ ਨਹੀਂ ਕਰ ਸਕਦੇ ।

ਦਿਨ ਪ੍ਰਤੀ ਦਿਨ ਵਾਪਰਦੀਆਂ ਅਜਿਹੀਆਂ ਘਟਨਾਵਾਂ ਕੁਝ ਕੁ ਸਮੇਂ ਲਈ ਲੋਕਾਂ ਉੱਤੇ ਗਹਿਰਾ ਪ੍ਰਭਾਵ ਤਾਂ ਪਾ ਸਕਦੀਆਂ ਹਨ ਪਰ ਇਨ੍ਹਾਂ ਮਸਲਿਆਂ ਉਤੇ ਕੋਈ ਵੀ ਖੁੱਲ੍ਹ ਕੇ ਗੱਲ ਨਹੀਂ ਕਰਦਾ । ਜੇਕਰ ਅੱਜ ਗੱਲ ਮਨਦੀਪ ਕੌਰ ਦੀ ਕੀਤੀ ਜਾਵੇ ਤਾਂ ਇਹ ਕਹਿਣ ਵਿਚ ਕੋਈ ਅਤਿ ਕਥਨੀ ਨਹੀਂ ਕੀ ਉਸ ਦੀ ਆਤਮ ਹੱਤਿਆ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਉਸ ਦੇ ਬੱਚਿਆਂ ਨੂੰ ਪਿਆ ਹੈ ਜਿਨ੍ਹਾਂ ਦੇ ਕੋਲੋਂ ਮਾਂ ਦਾ ਸਾਇਆ ਹੀ ਉੱਠ ਗਿਆ ਹੈ। ਪਰਿਵਾਰਿਕ ਰਿਸ਼ਤਿਆਂ ਦੀ ਦਲਦਲ ਵਿਚ ਫਸੀ ਮਨਦੀਪ ਕੌਰ ਦੀ ਇਹ ਆਤਮਹੱਤਿਆ  ਇਸ ਗੱਲ ਨੂੰ ਵੀ ਉਜਾਗਰ ਕਰ ਗਈ ਹੈ ਕਿ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੁੰਦੀ ਹੈ। ਮਾਂ, ਪਿਉ, ਭੈਣ ਅਤੇ ਭਰਾ  ਦਾ ਰਿਸ਼ਤਾ ਹੀ ਇੱਕ ਅਜਿਹਾ ਰਿਸ਼ਤਾ ਹੈ ਜਿਸ ਦੇ ਨਿੱਘ ਵਿੱਚ ਅਸੀਂ ਦੁਨੀਆਂ ਦੇ ਰੰਗ ਮਾਣ ਸਕਦੇ ਹਾਂ । ਇਨ੍ਹਾਂ ਤੋਂ ਇਲਾਵਾ ਜੋ ਰਿਸ਼ਤੇ ਸੰਸਾਰਿਕ ਰੂਪ ਵਿਚ ਔਰਤ ਨਾਲ ਜੁੜਦੇ ਹਨ ਉਹ ਕੇਵਲ ਤੇ ਕੇਵਲ ਜ਼ਰੂਰਤਾਂ ਦੇ ਰਿਸ਼ਤੇ ਹਨ ਜਿਨ੍ਹਾਂ ਵਿੱਚ ਪਿਆਰ ਨਾਲੋਂ ਤਕਰਾਰ ਵੱਧ ਹੁੰਦੀ ਹੈ। ਤੇ ਜਦੋਂ ਇਹ ਤਕਰਾਰਾਂ ਹੱਦੋਂ ਵੱਧ ਜਾਣ ਤਾਂ ਕਲੇਸ਼ ਅਤੇ ਲੜਾਈ ਦਾ ਰੂਪ ਧਾਰਨ ਕਰ ਜਾਂਦੀਆਂ ਹਨ ।

ਸਾਡੇ  ਪੰਜਾਬੀ ਭਾਈਚਾਰੇ ਦੇ ਕੁਝ ਕੁ ਨੀਵੀਂ ਸੋਚ ਰੱਖਣ ਵਾਲੇ ਲੋਕਾਂ  ਨੇ ਬਾਹਰਲੇ ਮੁਲਕਾਂ ਵਿੱਚ  ਤਰੱਕੀਆਂ ਤੇ ਬਹੁਤ ਜ਼ਿਆਦਾ ਕਰ ਲਈਆਂ ਹਨ ਪਰ ਆਪਣੀ ਮਾਨਸਿਕਤਾ ਵਿੱਚ ਅੰਧ ਵਿਸ਼ਵਾਸ  ਨੂੰ ਕੱਢ ਨਹੀਂ ਸਕੇ । ਜਿਸ ਦੇ ਕਾਰਨ ਚੰਗੇ ਰੱਜੇ ਪੁੱਜੇ  ਘਰਾਂ ਵਿੱਚ ਵੀ  ਧੀ ਜੰਮਣ ਉੱਤੇ  ਰੋਸ ਪ੍ਰਗਟਾਇਆ ਜਾਂਦਾ ਹੈ । ਇਨ੍ਹਾਂ ਗੱਲਾਂ ਦਾ ਖੁਲਾਸਾ  ਬਹੁਤ ਪਹਿਲਾਂ ਕੈਨੇਡਾ ਦੇ ਇਕ ਪ੍ਰਸਿੱਧ ਅਖਬਾਰ ਨੇ ਕਰ ਦਿੱਤਾ ਸੀ  ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਭਾਰਤੀ ਲੋਕ ਦੋ ਧੀਆਂ ਤੋਂ ਬਾਅਦ  ਤੀਜਾ ਬੱਚਾ ਪੁੱਤਰ ਹੀ ਚਾਹੁੰਦੇ ਹਨ । ਤੇ ਉਸ ਅਖ਼ਬਾਰ ਵਿਚ ਵਰਲਡ ਸਿੱਖ ਐਸੋਸੀਏਸ਼ਨ ਆਫ ਕੈਨੇਡਾ ਦੇ ਕਾਨੂੰਨੀ ਸਲਾਹਕਾਰ ਅਤੇ ਕਾਰਜਕਾਰੀ ਕਾਰਜਕਾਰੀ ਨਿਰਦੇਸ਼ਕ ਬਲਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਇਹ ਗਿਣਤੀ ਹੈਰਾਨੀਜਨਕ ਨਹੀਂ ਹੈ। "ਭਾਰਤੀ ਸੰਸਕ੍ਰਿਤੀ ਵਿੱਚ ਬਿਨਾਂ ਸ਼ੱਕ ਮਰਦ ਬੱਚਿਆਂ ਨੂੰ ਤਰਜੀਹ ਦਿੱਤੀ ਗਈ ਹੈ, ਇਹ ਭਾਰਤ ਵਿੱਚ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਮੁੱਦਾ ਹੈ, ਇਸ ਲਈ ਇਹ ਮੇਰੇ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇੱਥੇ ਪ੍ਰਵਾਸੀ ਔਰਤਾਂ ਵਿੱਚ ਰੁਝਾਨ ਦਿਖਾਈ ਦੇ ਰਿਹਾ ਹੈ।" ਅਜਿਹੀ ਸੋਚ ਰੱਖਣ ਵਾਲੇ ਲੋਕ ਆਰਥਿਕ ਪੱਖੋਂ ਤਾਂ ਅਮੀਰ ਹੋ ਸਕਦੇ ਹਨ ਪਰ ਪੁਰਾਣੀ ਸੋਚ ਦਾ ਕੀੜਾ ਉਹਨਾਂ ਦੇ ਦਿਮਾਗ 'ਚੋ ਕਦੇ ਨਹੀਂ ਨਿਕਲ ਸਕਦਾ। ਅਜਿਹੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਦਾ ਇਕੋ ਇਕ ਤਰੀਕਾ ਹੈ ਕੀ ਧੀਆਂ ਵਾਲੇ ਆਪਣੀਆਂ ਧੀਆਂ ਨੂੰ ਏਨਾ ਕੁ ਗਿਆਨ ਦਾ ਧਾਰਨੀ ਬਣਾ ਦੇਣ ਕੀ ਉਹ ਬੇਗਾਨੇ ਘਰ ਜਾ ਕੇ ਵੀ ਆਪਣੇ ਹੱਕਾਂ ਦੀ ਰਾਖੀ ਖ਼ੁਦ ਕਰ ਸਕੇ। ਦਹੇਜ ਦੇਣ ਤੋਂ ਚੰਗਾ ਹੈ ਕਿ ਉਹ ਆਪਣੀਆਂ ਬੱਚੀਆਂ ਨੂੰ ਪੜ੍ਹਾ ਲਿਖਾ ਕੇ ਇਸ ਕਾਬਲ ਬਣਾ ਦੇਣ ਕੀ ਉਸ ਨੂੰ ਕਿਸੇ ਦੂਜੇ ਉਤੇ ਨਿਰਭਰ ਨਾ ਰਹਿਣਾ ਪਵੇ । ਆਪਣੀ ਜ਼ਿੰਦਗੀ ਨੂੰ ਸਕੂਨ ਨਾਲ ਗੁਜ਼ਾਰਦੀ ਹੋਈ ਆਪਣੇ ਬੱਚਿਆਂ ਨੂੰ ਸਹੀ ਪਰਵਰਿਸ਼ ਦੇਵੇ । ਤਾਂ ਜੋ ਆਉਣ ਵਾਲਾ ਸਮਾਜ ਚੰਗਾ ਬਣ ਸਕੇ ਅਤੇ  ਇਸ ਮਾਨਸਿਕ ਗੁਲਾਮੀ ਤੋਂ ਅਜ਼ਾਦ ਹੋ ਸਕੇ  ।

 

       ਸਰਬਜੀਤ ਕੌਰ ਸਰਬ