ਮਸਤੂਆਣਾ ਸਾਹਿਬ ਦੇ ਭਾਰੀ ਇਕੱਠ ਨੇ ਗਲਤੀਆਂ ਕਰਨ ਵਾਲੇ ਕਿਸਾਨ ਆਗੂਆਂ ਨੂੰ ਵੀ ਸਖਤ ਹੱਥੀਂ ਲਿਆ

ਮਸਤੂਆਣਾ ਸਾਹਿਬ ਦੇ ਭਾਰੀ ਇਕੱਠ ਨੇ ਗਲਤੀਆਂ ਕਰਨ ਵਾਲੇ ਕਿਸਾਨ ਆਗੂਆਂ ਨੂੰ ਵੀ ਸਖਤ ਹੱਥੀਂ ਲਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿੱਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਧਰਨਿਆਂ ਦੇ ਹੱਕ ਵਿੱਚ, ਲੱਖੇ ਸਿਧਾਣੇ ਅਤੇ ਦੀਪ ਸਿੱਧੂ ਵਰਗੇ ਨੌਜਵਾਨ ਆਗੂਆਂ ਦੇ ਪਰਚੇ ਰੱਦ ਕਰਾਉਣ ਲਈ ਅਤੇ ਇਸ ਦੌਰਾਨ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਲਈ, ਲਗਾਤਾਰ ਇਕੱਠ ਅਤੇ ਮਾਰਚ ਕੀਤੇ ਜਾ ਰਹੇ ਹਨ। ਇੱਥੇ ਭਾਰੀ ਗਿਣਤੀ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਹੋ ਰਹੀ ਹੈ।

ਦੂਜੇ ਪਾਸੇ ਇਹ ਇਕੱਠ ਕਿਸਾਨ ਆਗੂਆਂ ਵੱਲੋਂ ਵੱਖ ਕੀਤੇ ਗਏ ਦੀਪ ਸਿੱਧੂ ਅਤੇ ਲੱਖਾ ਸਿਧਾਣਾ, ਜੋ ਅੰਦੋਲਨ ਦੌਰਾਨ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਕਰ ਰਹੇ ਸਨ, ਦੇ ਭਾਰੀ ਸਮਰਥਨ ਦਾ ਸੁਨੇਹਾ ਕਿਸਾਨ ਆਗੂਆਂ ਨੂੰ ਦੇਣ ਲਈ ਵੀ ਕੀਤੇ ਜਾ ਰਹੇ ਹਨ।

ਸੰਯੁਕਤ ਕਿਸਾਨ ਮੋਰਚਾ ਵੀ ਇਸ ਮਸਲੇ ਨੂੰ ਵਾਜਿਬ ਸਮਝਦਿਆਂ, 9 ਮਾਰਚ ਨੂੰ ਸਿੰਘੂ ਬਾਡਰ, ਟੀ.ਡੀ.ਆਈ. ਮਾਲ ਕੋਲ ਸਾਰੀਆਂ ਧਿਰਾਂ ਨਾਲ ਸਾਂਝਾ ਪ੍ਰੋਗਰਾਮ ਅਤੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਰੁਖ ਬਦਲਣ ਦਾ ਇਸ਼ਾਰਾ ਕਰ ਚੁੱਕਿਆ ਹੈ।

14 ਮਾਰਚ ਨੂੰ ਮਸਤੂਆਣਾ ਸਾਹਿਬ ਵਿਖੇ ਹੋਇਆ ਇਕੱਠ ਵੀ ਨੌਜਵਾਨਾਂ ਵੱਲੋਂ ਆਪਣੀ ਆਵਾਜ਼ ਦਰਜ ਕਰਾਉਣ ਦੀ ਇੱਕ ਕੋਸ਼ਿਸ਼ ਵਜੋਂ ਉਲੀਕਿਆ ਗਿਆ। ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ, ਕਿਸਾਨ ਆਗੂ ਸੁਰਜੀਤ ਸਿੰਘ ਫੂਲ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ, ਨੌਜਵਾਨਾਂ ਤੇ ਆਗੂਆਂ ਵਿਚਕਾਰ ਪੈਂਦੇ ਦਿਖ ਰਹੇ ਵਖਰੇਵੇਂ ਨੂੰ ਘੱਟ ਕਰਨ ਲਈ ਹਾਮੀ ਭਰੀ ਗਈ।

ਹਾਲਾਂਕਿ ਮਹਿਰਾਜ ਪਿੰਡ ਵਿੱਚ ਵੀ ਇਸ ਤੋਂ ਪਹਿਲਾਂ ਅਜਿਹਾ ਹੀ ਇਕੱਠ ਹੋਇਆ ਸੀ। ਜਿਸ ਵਿੱਚ ਨੌਜਵਾਨਾਂ ਨੇ ਭਾਰੀ ਇਕੱਠ ਕੀਤਾ, ਪਰ ਉਸ ਸਮੇਂ ਪ੍ਰਭਾਵਸ਼ਾਲੀ ਬੁਲਾਰਿਆਂ ਦੀ ਕਮੀ, ਜਥੇਬੰਦਕ ਢਾਂਚਾ ਨਾ ਹੋਣ ਕਾਰਨ ਅਤੇ ਕਿਸਾਨ ਆਗੂਆਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਰਕੇ ਇਸਨੂੰ ਕੋਈ ਦਿਸ਼ਾ ਨਹੀਂ ਮਿਲ ਸਕੀ।

ਪਰ ਇਸ ਵਾਰ ਸ: ਸੁਖਪ੍ਰੀਤ ਸਿੰਘ ਉਦੋਕੇ, ਸ: ਅਜਮੇਰ ਸਿੰਘ ਵਰਗੇ ਬੁਲਾਰਿਆਂ ਨੇ ਇਸ ਖੱਪੇ ਨੂੰ ਪੂਰਾ ਕੀਤਾ। ਨਾਲ ਹੀ ਨੌਜਵਾਨਾਂ ਦੇ ਇਕੱਠ ਨੂੰ ਸੰਗਠਿਤ ਕਰਕੇ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਲਈ ਨੌਜਵਾਨਾਂ ਦੀਆਂ ਇਕਾਈਆਂ ਬਣਾਉਣ ਦਾ ਐਲਾਨ ਵੀ ਕੀਤਾ ਗਿਆ।

ਡਾ.ਉਦੋਕੇ ਨੇ ਸੰਘਰਸ਼ ਵਿੱਚ ਨੌਜਵਾਨਾਂ ਵੱਲੋਂ ਪਾਏ ਯੋਗਦਾਨ ਦਾ ਹਵਾਲਾ ਦਿੰਦਿਆਂ ਉਹਨਾਂ ਨੂੰ ਕਿਸਾਨ ਆਗੂਆਂ ਵੱਲੋਂ ਗੱਦਾਰ ਕਹੇ ਜਾਣ ਦਾ ਖੰਡਨ ਕੀਤਾ। ਕਈ ਘਟਨਾਵਾਂ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਯਕੀਨ ਦਿਵਾਇਆ ਕਿ ਲਾਲ ਕਿਲ੍ਹੇ ਵਿੱਚ ਨਿਸ਼ਾਨ ਸਾਹਿਬ ਝੁਲਾਉਣ ਦੀ ਘਟਨਾ ਤੋਂ ਵੀ, ਸਿਰਫ ਸਰਕਾਰ ਅਤੇ ਕਿਸਾਨ ਆਗੂਆਂ ਤੋਂ ਬਿਨਾਂ, ਕਿਸੇ ਵੀ ਵਰਗ ਨੂੰ ਕੋਈ ਤਕਲੀਫ ਨਹੀਂ ਹੋਈ ਅਤੇ ਕਿਸਾਨ ਆਗੂਆਂ ਨੂੰ ਇਸ 'ਤੇ ਹਾਂ-ਪੱਖੀ ਰਵੱਈਆ ਅਪਣਾਉਣਾ ਚਾਹੀਦਾ ਸੀ।

ਸ: ਅਜਮੇਰ ਸਿੰਘ ਨੇ ਆਪਣੇ ਦਸ ਮਿੰਟਾਂ ਦੇ ਭਾਸ਼ਣ ਵਿੱਚ ਕਿਹਾ ਕਿ ਗੱਦਾਰਾਂ ਅਤੇ ਸਰਦਾਰਾਂ ਦੇ ਪ੍ਰਮਾਣ ਪੱਤਰ ਚੱਲਦੇ ਸੰਘਰਸ਼ ਵਿੱਚ ਨਹੀਂ ਦਿੱਤੇ ਜਾ ਸਕਦੇ, ਬਲਕਿ ਕੌਣ ਗੱਦਾਰ ਤੇ ਕੌਣ ਸਰਦਾਰ ਹੈ, ਇਸਦਾ ਨਿਤਾਰਾ ਸੰਘਰਸ਼ ਨਿੱਭੜਣ ਤੇ ਲੋਕ ਕਰਨਗੇ। ਉਹਨਾਂ ਨੇ ਨੌਜਵਾਨਾਂ ਦੇ ਜੋਸ਼ ਦੀ ਪੈਰਵਈ ਕਰਦਿਆਂ ਆਖਿਆ ਕਿ ਆਗੂਆਂ ਨੂੰ ਆਪਣੇ ਹੋਸ਼ ਨੂੰ, ਆਪਣੀ ਬੁਜ਼ਦਿਲੀ ਨਹੀਂ ਬਣਨ ਦੇਣਾ ਚਾਹੀਦਾ। ਕਿਉਂਕਿ ਇਤਿਹਾਸ ਜੋਸ਼ ਜਜ਼ਬਿਆਂ ਨਾਲ ਦਿੱਤੀਆਂ ਸ਼ਹੀਦੀਆਂ ਨੂੰ ਯਾਦ ਰੱਖਦਾ, ਸਟੇਜਾਂ ਤੋਂ ਕੀਤੀਆਂ ਬਿਆਨਬਾਜ਼ੀਆਂ ਨੂੰ ਨਹੀਂ। ਇਸ ਲਈ ਉਹਨਾਂ ਨੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਕਬੂਲਣ ਦੀ ਤਾਕੀਦ ਕੀਤੀ।

ਇਸ ਤੋਂ ਇਲਾਵਾ ਮਹਿਰਾਜ ਵਿਖੇ ਇਕੱਠ ਦਾ ਸੱਦਾ ਦੇਣ ਵਾਲੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਵੀ ਲੱਖਾ ਸਿਧਾਣਾ ਅਤੇ ਹੋਰ ਨੌਜਵਾਨਾਂ ਦੇ ਹੱਕ ਵਿੱਚ ਖੜਣ ਦੀ ਗੱਲ ਠੋਸ ਸ਼ਬਦਾਂ ਵਿੱਚ ਕਿਸਾਨ ਆਗੂ ਸ: ਸੁਰਜੀਤ ਫੂਲ ਅੱਗੇ ਰੱਖੀ। ਹਰਜੀਤ ਸਿੰਘ ਢਪਾਲੀ, ਸੁਖਵਿੰਦਰ ਪੀ.ਪੀ., ਨੌਜਵਾਨ ਆਗੂ ਕਨੂੰ ਪ੍ਰਿਆ, ਸਟਾਲਿਨਵੀਰ ਸਿੰਘ, ਜੱਗੀ ਬਾਬਾ, ਜਗਦੀਪ ਰੰਧਾਵਾ ਵਰਗੇ ਨਾਮਵਾਰ ਚਿਹਰਿਆਂ ਨੇ ਵੀ ਆਪਣੀ ਸ਼ਮੂਲੀਅਤ ਦਰਜ ਕਰਾਈ।

ਅਕਾਲ ਡਿਗਰੀ ਕਾਲਜ ਮਸਤੂਆਣਾ ਦੀ ਕਮੇਟੀ ਵੱਲੋਂ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਨੂੰ ਮੰਚ 'ਤੇ ਬੁਲਾ ਕੇ ਸਿਰੋਪਾਉ ਅਤੇ ਦਸ ਹਜ਼ਾਰ ਰੁ: ਭੇਟ ਕੀਤੇ ਗਏ। ਉਹਨਾਂ ਦੇ ਬੱਚਿਆਂ ਦੀ ਪੜਾਈ ਵੀ ਸੰਸਥਾ ਵੱਲੋਂ ਮੁਫ਼ਤ ਕਰਵਾਉਣ ਦਾ ਐਲਾਨ ਕੀਤਾ ਗਿਆ। 

ਸਾਰੇ ਪ੍ਰੋਗਰਾਮ ਦੌਰਾਨ ਜ਼ਰੂਰਤ ਤੋਂ ਜ਼ਿਆਦਾ ਭਾਰੀ ਪੁਲਿਸ ਬਲ ਦੀ ਤੈਨਾਤੀ ਰਹੀ, ਜਿਸ ਦੀ ਮੌਜੂਦਗੀ ਅਤੇ ਤਲਾਸ਼ੀ ਵਰਗੀਆਂ ਕਾਰਵਾਈਆਂ ਨੂੰ ਸਟੇਜ ਤੋਂ ਕਈ ਵਾਰ ਨਿਖੇਧਿਆ ਗਿਆ।

ਜੈਕਾਰਿਆਂ ਦੀ ਗੂੰਜ ਨਾਲ ਸਮਾਪਤ ਹੋਏ ਪ੍ਰੋਗਰਾਮ ਤੋਂ ਬਾਅਦ ਨੌਜਵਾਨਾਂ ਨੂੰ ਕਿਸਾਨਾ ਆਗੂਆਂ ਵੱਲੋਂ ਮੁੜ ਗਲ ਲਾਉਣ ਦੇ ਯਤਨਾਂ ਨੂੰ ਹਾਂ-ਪੱਖੀ ਨਜ਼ਰੀਏ ਨਾਲ ਦੇਖਿਆ ਗਿਆ।