ਲੰਡਨ: ਨਹਿਰ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ

ਲੰਡਨ: ਨਹਿਰ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਕਿਸੇ ਜਾਨਵਰ ਦਾ ਬੱਚਾ ਵੀ ਮਰ ਜਾਵੇ ਤਾਂ ਉਹ ਵੀ ਖੂਨ ਦੇ ਅੱਥਰੂ ਰੋਂਦਾ ਹੈ। ਕੁੱਤੀ ਆਪਣੇ ਕਤੂਰੇ ਦੇ ਮਰਨ 'ਤੇ ਖੁਦ ਟੋਆ ਪੁੱਟ ਕੇ ਦਫਨਾਉਣ ਤੱਕ ਦਾ ਕਾਰਜ ਕਰਦੀ ਹੈ। ਜਾਨਵਰਾਂ ਦੇ ਮੁਕਾਬਲੇ ਸਰਵੋਤਮ ਬੁੱਧੀ ਦਾ ਮਾਲਕ ਮੰਨਿਆ ਜਾਂਦਾ ਮਨੁੱਖ ਅਜੇ ਵੀ ਬੌਣਾ ਜਾਪਦਾ ਹੈ। ਮਨੁੱਖ ਦੇ ਬੌਣੇਪਣ ਦੀ ਗਵਾਹੀ ਭਰਦੀ ਘਟਨਾ ਬਰਤਾਨੀਆ ਦੀ ਰਾਜਧਾਨੀ ਲੰਡਨ 'ਚ ਵਾਪਰੀ ਹੈ। ਲੰਡਨ ਦੇ ਉੱਤਰ-ਪੱਛਮ ਵਿੱਚ ਗ੍ਰੈਂਡ ਯੂਨੀਅਨ ਨਹਿਰ ਵਿੱਚ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਇਸ ਬਾਰੇ ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਅਤੇ ਪੈਰਾ ਮੈਡੀਕਲ ਡਾਕਟਰਾਂ ਨੂੰ ਐਤਵਾਰ ਦੁਪਹਿਰ ਤਕਰੀਬਨ 1.20 ਵਜੇ ਪੁਰਾਣੀ ਓਕ ਲੇਨ ਨੇੜੇ ਪਾਣੀ ਵਿੱਚੋਂ ਮਿਲੀ ਇੱਕ ਬੱਚੇ ਦੀ ਲਾਸ਼ ਲਈ ਬੁਲਾਇਆ ਗਿਆ। ਜਿਸ ਉਪਰੰਤ ਸਿਹਤ ਮਾਹਿਰਾਂ ਵੱਲੋਂ ਬੱਚੇ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਦੇ ਸੰਬੰਧ ਵਿੱਚ ਰਾਇਲ ਪਾਰਕ ਦੀ ਇੱਕ ਉਦਯੋਗਿਕ ਜਾਇਦਾਦ ਦੇ ਨੇੜਲੇ ਇਲਾਕੇ ਵਿੱਚ ਦਰਜਨਾਂ ਪੁਲਿਸ, ਐਂਬੂਲੈਂਸ ਅਤੇ ਅੱਗ ਬੁਝਾਊ ਵਾਹਨਾਂ ਨੇ ਕਾਰਵਾਈ ਕੀਤੀ। ਇਸਦੇ ਇਲਾਵਾ ਖੇਤਰ ਦੀਆਂ ਕਈ ਸੜਕਾਂ ਅਤੇ ਮਾਰਗਾਂ ਦੀ ਪੁਲਿਸ ਦੁਆਰਾ ਘੇਰਾਬੰਦੀ ਵੀ ਕੀਤੀ ਗਈ। ਲੰਡਨ ਐਂਬੂਲੈਂਸ ਸਰਵਿਸ ਦੇ ਬੁਲਾਰੇ ਨੇ ਬੱਚੇ ਦੀ ਲਾਸ਼ ਮਿਲਣ ਦੀ ਘਟਨਾ ਨੂੰ ਦੁਖਦਾਈ ਦੱਸਦਿਆਂ ਅਫਸੋਸ ਪ੍ਰਗਟ ਕੀਤਾ ਹੈ। ਪੁਲਿਸ ਦੁਆਰਾ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।