ਅਮਰੀਕਾ ਦੇ ਕੈਂਟੱਕੀ ਰਾਜ ਵਿਚ ਮੋਹਲੇਧਾਰ ਮੀਂਹ ਕਾਰਨ ਆਇਆ ਹੜ, 8 ਮੌਤਾਂ

ਅਮਰੀਕਾ ਦੇ ਕੈਂਟੱਕੀ ਰਾਜ ਵਿਚ ਮੋਹਲੇਧਾਰ ਮੀਂਹ ਕਾਰਨ ਆਇਆ ਹੜ, 8 ਮੌਤਾਂ
ਕੈਪਸ਼ਨ : ਕੈਂਟੱਕੀ ਰਾਜ ਵਿਚ ਹੜ ਦੇ ਪਾਣੀ ਵਿਚ ਘਿਰੇ ਘਰ

* ਲੋਕਾਂ ਦੇ ਘਰਾਂ ਵਿਚ ਵੜਿਆ ਪਾਣੀ, ਗਵਰਨਰ ਵੱਲੋਂ ਹੰਗਾਮੀ ਹਾਲਾਤ ਦਾ ਐਲਾਨ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 29 ਜੁਲਾਈ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸ਼ੌਰੀ ਰਾਜ ਤੋਂ ਬਾਅਦ ਕੈਂਟੱਕੀ ਰਾਜ ਵਿਚ ਮੋਹਲੇਧਾਰ ਮੀਂਹ ਪੈਣ ਕਾਰਨ ਆਏ ਹੜ ਨਾਲ ਘਟੋ ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ। ਪੂਰੀ ਪੂਰਬੀ ਕੈਂਟੂਕੀ ਹੜ ਦੇ ਪਾਣੀ ਨਾਲ ਘਿਰੀ ਹੋਈ ਹੈ। ਲੋਕ ਉੱਚੀਆਂ ਥਾਵਾਂ 'ਤੇ ਚੜ ਕੇ ਬਿਨਾਂ ਬਿਜਲੀ ਦੇ ਦਿਨ ਕੱਟਣ ਲਈ ਮਜ਼ਬੂਰ ਹਨ। ਮੌਸਮ ਵਿਭਾਗ ਨੇ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਕਾਰਨ ਨੇੜ ਭਵਿੱਖ ਵਿਚ ਹਾਲਾਤ ਸੁਧਰਣ ਦੀ ਸੰਭਾਵਨਾ ਨਹੀਂ ਨਜਰ  ਆ ਰਹੀ।

ਕੈਂਟੂਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਹੈ ਕਿ ਰਾਜ ਦੇ ਇਤਿਹਾਸ ਵਿਚ ਹੜ ਕਾਰਨ ਪਹਿਲੀ ਵਾਰ ਅਜਿਹੇ ਭਿਆਨਕ ਹਾਲਾਤ ਬਣੇ ਹਨ। ਉਨਾਂ ਕਿਹਾ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਮੁੱਢਲੀਆਂ ਰਿਪੋਰਟਾਂ ਵਿਚ 8 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਮਾਰੇ ਗਏ ਲੋਕਾਂ ਵਿਚ ਇਕ 81 ਸਾਲਾ ਔਰਤ ਸ਼ਾਮਿਲ ਹੈ । ਬੇਸ਼ੀਅਰ ਅਨੁਸਾਰ ਜਾਨੀ ਨੁਕਸਾਨ ਤੋਂ ਇਲਾਵਾ ਮਾਲੀ ਨੁਕਸਾਨ ਵੀ ਵੱਡੀ ਪੱਧਰ 'ਤੇ ਹੋਇਆ ਹੈ। ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜਿਨਾਂ ਦਾ ਕੁਝ ਨਹੀਂ ਬਚਿਆ ਹੈ। ਗਵਰਨਰ ਨੇ ਸਮੁੱਚੇ ਰਾਜ ਵਿਚ ਹੰਗਾਮੀ ਹਾਲਾਤ ਦਾ ਐਲਾਨ ਕਰ ਦਿੱਤਾ ਹੈ। ਗਵਰਨਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜਿਥੇ ਵੀ ਸੁਰੱਖਿਅਤ ਜਗਾ ਮਿਲਦੀ ਹੈ ਉਥੇ ਚਲੇ ਜਾਣ। ਚਾਹੇ ਉਹ ਹੋਟਲ ਹੋਵੇ ਜਾਂ ਹੜ ਰਹਿਤ ਖੇਤਰ ਹੋਵੇ। ਕੌਮੀ ਮੌਸਮ ਸੇਵਾ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਹਫਤੇ ਹੋਰ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ ਜਿਸ ਕਾਰਨ ਹਾਲਾਤ ਹੋਰ ਖਰਾਬ ਹੋ ਸਕਦੇ ਹਨ।