ਕਰਤਾਰਪੁਰ ਸਾਹਿਬ: ਗੁਰੂ ਨਾਨਕ ਦੇ ਘਰ ਦੀ ਮਿੱਟੀ ਉੱਪਰ ਭਾਰਤੀ ਏਜੰਸੀਆਂ ਦੀ ਤਿੱਖੀ ਨਜ਼ਰ! (ਵਿਸ਼ੇਸ਼ ਰਿਪੋਰਟ)

ਕਰਤਾਰਪੁਰ ਸਾਹਿਬ: ਗੁਰੂ ਨਾਨਕ ਦੇ ਘਰ ਦੀ ਮਿੱਟੀ ਉੱਪਰ ਭਾਰਤੀ ਏਜੰਸੀਆਂ ਦੀ ਤਿੱਖੀ ਨਜ਼ਰ! (ਵਿਸ਼ੇਸ਼ ਰਿਪੋਰਟ)

ਚੰਡੀਗੜ੍ਹ, (ਅੰਮ੍ਰਿਤਸਰ ਟਾਈਮਜ਼ ਬਿਊਰੋ): 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿਚ ਜੋ ਸੰਗਤਾਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਦਰਸ਼ਨ ਕਰਕੇ ਪਰਤ ਰਹੀਆਂ ਹਨ ਉਹ ਆਪਣੇ ਆਪ ਨੂੰ ਵਡਭਾਗੇ ਸਮਝ ਰਹੇ ਹਨ। ਸੰਗਤਾਂ ਗੁਰੂ ਬਾਬਾ ਨਾਨਕ ਦੀ ਚਰਨ ਛੋਹ ਧਰਤੀ ਦੀ ਮਿੱਟੀ ਲੈ ਕੇ ਆ ਰਹੀਆਂ ਹਨ। ਪਰ ਭਾਰਤ-ਪਾਕਿਸਤਾਨ ਦੀਆਂ ਸਰਹੱਦਾਂ ਹੋਣ ਕਾਰਨ ਇਥੇ ਤਾਇਨਾਤ ਸਰਕਾਰੀ ਅਫਸਰ ਇਸ ਮਿੱਟੀ ਉ¤ਪਰ ਵੀ ਕਰੜੀ ਨਜ਼ਰ ਰੱਖ ਰਹੇ ਹਨ। ਉਹਨਾਂ ਨੂੰ ਇਸ ਮਿੱਟੀ ਦੀ ਸ਼ਰਧਾ ਤੋਂ ਵੀ ਡਰ ਲਗ ਰਿਹਾ ਹੈ। ਕਸਟਮ ਅਫਸਰ ਉਨ੍ਹਾਂ ਨੂੰ ਪੁੱਛ ਲੈਂਦੇ ਹਨ ਕਿ ਕਿਤੇ ਉਹ ਮਿੱਟੀ ਤਾਂ ਨਹੀਂ ਲੈ ਕੇ ਆਏ। ਕਸਟਮ ਅਫਸਰ ਮਿੱਟੀ ਨੂੰ ਵਾਰ-ਵਾਰ ਹੱਥ ਲਾ ਕੇ ਮਲਦੇ ਹਨ, ਫਿਰ ਉਹ ਕਈ ਵਾਰ ਸੁੰਘਦੇ ਹਨ ਪਰ ਉਹ ਸੰਗਤਾਂ ਵੱਲੋਂ ਮਿੱਟੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦਿੰਦੇ। ਜ਼ਿਆਦਾਤਰ ਸੰਗਤਾਂ ਮਿੱਟੀ ਉਸ ਥਾਂ ਤੋਂ ਲਿਆਉਂਦੀਆਂ ਹਨ ਜਿਥੇ ਗੁਰੂ ਨਾਨਕ ਪਾਤਸ਼ਾਹ ਦੀ ਮਜ਼ਾਰ ਬਣਾਈ ਗਈ ਹੈ ਤੇ ਨਾਲ ਹੀ ਉਹ ਖੂਹ ਹੈ ਜਿਥੋਂ ਗੁਰੂ ਨਾਨਕ ਪਾਤਸ਼ਾਹ ਖੇਤਾਂ ਨੂੰ ਪਾਣੀ ਲਾਉਂਦੇ ਸਨ। ਕਈ ਸੰਗਤਾਂ ਖੇਤਾਂ ਵਿਚੋਂ ਵੀ ਮਿੱਟੀ ਲਿਆਉਂਦੀਆਂ ਹਨ।

ਸੰਗਤਾਂ ਦੀ ਗਿਣਤੀ ਕਿਉਂ ਘਟੀ?
ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਕਰਤਾਰਪੁਰ ਦੇ ਲਾਂਘੇ ਨੂੰ ਲੈ ਕੇ ਇਕ ਦੂਜੇ ਵਿਰੁੱਧ ਇਲਜ਼ਾਮਬਾਜ਼ੀ ਵਿਚ ਰੁੱਝ ਗਏ ਹਨ। 20 ਡਾਲਰ ਦੀ ਫ਼ੀਸ ਦਾ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾਂ ਭਾਰਤ ਸਰਕਾਰ ਤੇ ਦਿੱਲੀ ਗੁਰਦਵਾਰਾ ਕਮੇਟੀ ਪਾਕਿਸਤਾਨ ਨੂੰ ਪਿੱਟ ਰਹੇ ਸਨ ਕਿ ਏਨਾ ਵੱਡਾ ਖ਼ਰਚਾ ਸੰਗਤਾਂ ਉਤੇ ਕਿਉਂ ਪਾਇਆ ਜਾ ਰਿਹਾ ਹੈ? ਫਿਰ ਪਾਕਿਸਤਾਨ ਨੂੰ ਅੱਗੇ ਆ ਕੇ ਦਸਣਾ ਪਿਆ ਕਿ ਇਹ ਖ਼ਰਚਾ ਜ਼ਰੂਰੀ ਕਿਉਂ ਹੈ? ਪਹਿਲਾਂ ਤਾਂ ਇਸ 1600 ਰੁਪਏ ਦੇ ਖ਼ਰਚੇ ਦਾ ਸੱਚ ਸਮਝ ਲੈਣਾ ਚਾਹੀਦਾ ਹੈ। ਇਹ ਦਰਬਾਰ ਸਾਹਿਬ ਕਰਤਾਰਪੁਰ ਜਾਣ ਦਾ ਖ਼ਰਚਾ ਨਹੀਂ ਹੈ, ਇਹ ਇਕ ਦੇਸ਼ ਤੋਂ ਦੂਜੇ ਦੇਸ਼ ਦੀ ਸਰਹੱਦ ਪਾਰ ਕਰਨ ਦਾ ਖ਼ਰਚਾ ਹੈ।

ਭਾਵੇਂ ਤੁਹਾਡੇ ਪਾਸਪੋਰਟ ਉਤੇ ਠੱਪਾ ਨਹੀਂ ਲਗਦਾ, ਤੁਹਾਨੂੰ ਇਸ ਦੇ ਪੈਸੇ ਨਹੀਂ ਦੇਣੇ ਪੈਂਦੇ, ਤੁਹਾਡੇ ਸਰਹੱਦ ਪਾਰ ਕਰਨ ਤੋਂ ਬਾਅਦ ਸੁਰੱਖਿਆ ਨੂੰ ਮੱਦੇਨਜ਼ਰ ਰਖਦੇ ਹੋਏ ਇਮੀਗਰੇਸ਼ਨ ਕੇਂਦਰ ਤਾਂ ਬਣਾਉਣਾ ਹੀ ਪਵੇਗਾ ਅਤੇ ਇਹ ਉਸ ਦਾ ਹੀ ਖ਼ਰਚਾ ਹੈ। ਸਰਹੱਦ ਪਾਰ ਕਰਦੀਆਂ ਸੰਗਤਾਂ ਦੀ ਸਹੂਲਤ ਲਈ ਏ.ਸੀ. ਬੱਸਾਂ ਖੜੀਆਂ ਹੁੰਦੀਆਂ ਹਨ, ਕਿਸੇ ਨੇ ਸੰਗਤਾਂ ਤੋਂ ਪੈਸੇ ਨਹੀਂ ਲੈਣੇ। ਸੜਕ ਦੀ ਤਿਆਰੀ ਇਸ ਤਰ੍ਹਾਂ ਦੀ ਹੈ ਕਿ ਤੁਹਾਨੂੰ ਇਕ ਵੀ ਝਟਕਾ ਨਹੀਂ ਲਗਦਾ। ਗੁਰੂ ਘਰ ਵਿਚ ਵੀ ਲੰਗਰ ਆਦਿ ਦੀ ਸੇਵਾ ਪੂਰੀ ਸ਼ਰਧਾ ਨਾਲ ਕੀਤੀ ਜਾ ਰਹੀ ਹੈ। ਪਰਕਰਮਾ ਬਣਾਉਣ ਦਾ ਸਾਰਾ ਕੰਮ ਪਾਕਿਸਤਾਨੀ ਫ਼ੌਜ ਨੇ ਕੀਤਾ ਹੈ ਅਤੇ ਉਸ ਵਾਸਤੇ ਵੀ ਪੈਸੇ ਨਹੀਂ ਮੰਗੇ ਗਏ।

ਪੰਥਕ ਮਾਹਿਰਾਂ ਦਾ ਕਹਿਣਾ ਹੈ ਕਿ 1600 ਰੁਪਏ ਕੀ ਬਹੁਤ ਜ਼ਿਆਦਾ ਹਨ। ਜੇ ਅੱਜ ਕਿਸੇ ਈਸਾਈ ਨੇ ਰੋਮ ਵਿਚ ਅਪਣੇ ਪੋਪ ਨੂੰ ਵੇਖਣ ਜਾਣਾ ਹੈ ਤਾਂ ਉਸ ਨੂੰ ਚੰਗਾ ਖ਼ਰਚਾ ਕਰਨਾ ਹੀ ਪੈਂਦਾ ਹੈ। ਮੱਕਾ ਤੋਂ ਮਹਿੰਗਾ ਦਰਸ਼ਨ ਸ਼ਾਇਦ ਹੀ ਕਿਧਰੇ ਹੋਵੇ। ਭਾਰਤ ਤੋਂ ਹੱਜ 'ਤੇ ਜਾਣ ਲਈ ਇਕ ਲੱਖ ਅੱਸੀ ਹਜ਼ਾਰ ਦਾ ਖ਼ਰਚਾ ਕਰਨਾ ਪੈਂਦਾ ਹੈ ਜਿਸ ਲਈ ਭਾਰਤ ਕਰੋੜਾਂ ਦੀ ਸਬਸਿਡੀ ਦੇਂਦਾ ਰਿਹਾ ਹੈ।

ਜਦੋਂ ਤੋਂ ਪਟਰੌਲ ਦੀਆਂ ਕੀਮਤਾਂ ਵਿਚ ਕਮੀ ਆਈ ਹੈ, ਸਾਊਦੀ ਅਰਬ ਨੇ ਮੱਕਾ ਜਾਣ ਦੇ ਵੀਜ਼ਾ ਦੀ ਕੀਮਤ 6 ਗੁਣਾ ਵਧਾ ਕੇ ਆਪਣੀ ਆਮਦਨ ਵਿਚ ਪਿਆ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਇਕ ਵਾਰੀ ਜਾਣ ਦਾ ਵੀਜ਼ਾ 533 ਡਾਲਰ ਹੈ ਅਤੇ ਅੱਜ ਭਾਰਤੀ ਆਗੂ ਵੀਹ ਡਾਲਰ ਉ¤ਪਰ ਅਗਿਆਨਤਾ ਵਸ ਟਿੱਪਣੀਆਂ ਕਰ ਰਹੇ ਹਨ।

ਪੰਜਾਬ ਸਰਕਾਰ ਨੇ ਆਪਣੇ ਖ਼ਾਲੀ ਖ਼ਜ਼ਾਨੇ ਦੀ ਹਾਲਤ ਵੇਖ ਕੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਹੈ ਕਿ ਉਹ 20 ਡਾਲਰ ਦੀ ਫ਼ੀਸ ਆਪਣੇ ਕੋਲੋਂ ਅਦਾ ਕਰ ਦੇਣ। ਸ਼੍ਰੋਮਣੀ ਕਮੇਟੀ ਨੇ ਜਵਾਬ ਦਿਤਾ ਹੈ ਕਿ ਇਹ ਤਾਂ 300 ਕਰੋੜ ਬਣਦਾ ਹੈ ਅਤੇ ਸਾਡੇ ਕੋਲ ਏਨਾ ਪੈਸਾ ਕਿਥੇ ਹੈ? 300 ਕਰੋੜ ਉਸ ਹਾਲਤ ਵਿਚ ਹੀ ਬਣਦਾ ਹੈ ਅਤੇ ਜੇ ਰੋਜ਼ 10,000 ਲੋਕ ਉਥੇ ਜਾਣ। ਅੱਜ ਤਾਂ ਰੋਜ਼ 500 ਬੰਦੇ ਵੀ ਨਹੀਂ ਜਾ ਰਹੇ ਅਤੇ ਇਹ ਲੋਕ 5000 ਦੀ ਲੜਾਈ ਲੜ ਰਹੇ ਹਨ। ਰਹੀ ਗੱਲ ਸ਼੍ਰੋਮਣੀ ਕਮੇਟੀ ਦੇ ਛੋਟੇ ਬਜਟ ਦੀ, ਉਨ੍ਹਾਂ ਦਾ ਬਜਟ 1600 ਕਰੋੜ ਦਾ ਇਸ ਸਾਲ ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ ਇਹ ਬਿਆਨ ਦਿਤਾ ਗਿਆ ਹੈ ਕਿ ਇਹ ਬਜਟ ਸਿਖਿਆ ਕਾਰਜਾਂ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ।

ਉਹ ਸ਼ਾਇਦ ਆਪ ਭੁਲ ਗਏ ਹਨ ਕਿ 1600 ਕਰੋੜ ਵਿਚੋਂ 700 ਕਰੋੜ ਗੁਰੂ ਘਰਾਂ ਦੀ ਸੰਭਾਲ (ਜਿਸ ਵਿਚ ਸਾਰੇ ਸੇਵਾਦਾਰਾਂ ਦੀਆਂ ਤਨਖ਼ਾਹਾਂ, ਪਟਰੌਲ, ਗੱਡੀਆਂ ਦੇ ਖ਼ਰਚੇ ਵੀ ਸ਼ਾਮਲ ਹਨ), 84 ਕਰੋੜ ਧਰਮ ਪ੍ਰਚਾਰ ਵਾਸਤੇ ਅਤੇ ਸਿਰਫ਼ 37.40 ਕਰੋੜ ਸਿਖਿਆ ਕਾਰਜਾਂ ਵਾਸਤੇ ਹੁੰਦਾ ਹੈ। ਜਿਸ ਤਰ੍ਹਾਂ ਪੰਜਾਬ ਵਿਚ ਸਿਖਿਆ ਅਤੇ ਧਰਮ ਦੇ ਹਾਲ ਸਾਹਮਣੇ ਆ ਰਹੇ ਹਨ, ਸਾਫ਼ ਹੈ ਕਿ ਇਹ ਬਜਟ ਅਜੇ ਸਿੱਖਾਂ ਦੀਆਂ ਜ਼ਰੂਰਤਾਂ ਵੀ ਨਹੀਂ ਪੂਰੀਆਂ ਕਰ ਪਾ ਰਿਹਾ ਜਾਂ ਉਨ੍ਹਾਂ ਦੀ ਲੋੜ ਸਮਝ ਹੀ ਨਹੀਂ ਪਾ ਰਿਹਾ।

ਜੇ ਮੁਸਲਮਾਨ ਆਪਣੇ ਮੱਕਾ ਜਾਣ ਵਾਸਤੇ 533 ਡਾਲਰ ਦੀ ਫ਼ੀਸ ਭਰ ਸਕਦੇ ਹਨ ਤਾਂ ਸਾਡੇ ਵੱਡੇ ਦਿਲ ਵਾਲੇ ਸਿੱਖ ਵੀ 20 ਡਾਲਰ ਦਾ ਪ੍ਰਬੰਧ ਕਰ ਲੈਣਗੇ। ਅੱਜ ਸਭ ਤੋਂ ਵੱਡੀ ਮੁਸ਼ਕਲ ਇਹ ਆ ਰਹੀ ਹੈ ਕਿ ਸੰਗਤਾਂ ਨੂੰ ਕਰਤਾਰਪੁਰ ਜਾਣ ਦੀ ਇਜਾਜ਼ਤ ਲੈਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਸ਼੍ਰੋਮਣੀ ਕਮੇਟੀ ਅਤੇ ਸਰਕਾਰ ਨੂੰ ਉਸ ਵਿਚ ਮਦਦ ਕਰਨ ਦੀ ਜ਼ਰੂਰਤ ਹੈ ਪਰ ਇਕ ਦੂਜੇ ’ਤੇ ਇਲਜ਼ਾਮ ਲਗਾ ਕੇ ਸੰਗਤਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੱਢ ਰਹੇ।

ਸ਼੍ਰੋਮਣੀ ਕਮੇਟੀ ਇਸ ਸਬੰਧ ਵਿੱਚ ਸੰਗਤਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਗੁਰਦੁਆਰਿਆਂ ਵਿੱਚ ਹੈਲਪ ਕਾਊਂਟਰ ਤਾਂ ਖੋਲ੍ਹ ਰਹੀ ਹੈ ਤਾਂ ਜੋ ਸੰਗਤਾਂ ਨੂੰ ਮਨਜੂਰੀ ਲੈਣ ਲਈ ਫਾਰਮ ਭਰਨ ਵਿੱਚ ਸਹਾਇਤਾ ਮਿਲ ਸਕੇ। ਪਰ ਸੰਗਤਾਂ ਦੀ ਫੀਸ ਭਰਨ ਦੀ ਜ਼ਿੰਮੇਵਾਰੀ ਕੋਈ ਨਹੀਂ ਲੈ ਰਿਹਾ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਦੀ ਗਿਣਤੀ ਘੱਟ ਹੋਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੂੰ ਗਰੀਬ ਸ਼ਰਧਾਲੂਆਂ, ਘੱਟੋ-ਘੱਟ ਪੀਲੇ ਕਾਰਡ ਧਾਰਕਾਂ ਦੀ ਪ੍ਰਤੀ ਯਾਤਰੀ 20 ਡਾਲਰ ਫ਼ੀਸ ਆਪਣੇ ਖ਼ਜ਼ਾਨੇ ਵਿੱਚੋਂ ਭਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੂੰ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੀ ਸੰਗਤ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਦੀ ਅਪੀਲ ਕੀਤੀ। ਪਾਸਪੋਰਟ ਦੀ ਬਜਾਏ ਸ਼ਨਾਖ਼ਤ ਦੇ ਸਬੂਤ ਵਜੋਂ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਦਸਤਾਵੇਜ਼ ਨੂੰ ਪ੍ਰਵਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਘੱਟ ਗਿਣਤੀ ਇਸ ਕਰਕੇ ਹੈ ਕਿ ਬਹੁਤੇ ਲੋਕਾਂ ਕੋਲ ਪਾਸਪੋਰਟ ਨਹੀਂ ਅਤੇ ਗਰੀਬ ਸ਼ਰਧਾਲੂ 20 ਡਾਲਰ ਦੀ ਫ਼ੀਸ ਨਹੀਂ ਖਰਚ ਸਕਦੇ ਹਨ।

ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਜਾਣ ਦੀ ਤਾਂਘ ਰੱਖਣ ਨੌਜਵਾਨ ਵੀ ਪਾਕਿਸਤਾਨ ਜਾਣ ਤੋਂ ਕੰਨੀ ਕਤਰਾ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਦੌਰੇ ਮਗਰੋਂ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਜਾਣ ਵਿੱਚ ਦਿੱਕਤ ਆ ਸਕਦੀ ਹੈ। ਕਰਤਾਰਪੁਰ ਲਾਂਘੇ ਦੇ 9 ਨਵੰਬਰ ਨੂੰ ਕੀਤੇ ਗਏ ਰਸਮੀ ਉਦਘਾਟਨ ਤੋਂ ਬਾਅਦ ਹੁਣ ਤੱਕ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਜਾਣ ਵਾਲੀਆਂ ਸੰਗਤਾਂ ਦੀ ਗਿਣਤੀ ਸਿਰਫ 4.7 ਫ਼ੀਸਦੀ ਹੀ ਰਹੀ ਹੈ। ਜਦਕਿ ਇਨ੍ਹਾਂ ਦਿਨਾਂ ਦੌਰਾਨ 30 ਹਜ਼ਾਰ ਸੰਗਤਾਂ ਦੇ ਪਾਕਿਸਤਾਨ ਜਾਣ ਦਾ ਟੀਚਾ ਮਿੱਥਿਆ ਗਿਆ ਸੀ।

ਪਰਵਾਸੀ ਸਿੱਖ ਸ਼ਰਧਾਲੂਆਂ ਲਈ ਨਿਤਰਿਆ
ਕਰਤਾਪੁਰ ਲਾਂਘੇ ਰਾਹੀਂ ਜਾਣ ਵਾਲੇ ਲੋੜਵੰਦ ਸ਼ਰਧਾਲੂਆਂ ਦੀ 20 ਡਾਲਰ ਫੀਸ ਦਾ ਖਰਚਾ ਚੁੱਕਣ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਸਿੰਗ ਫਸਾਏ ਹੋਏ ਹਨ ਪਰ ਦੁਬਈ ਦੇ ਉ¤ਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ ਨੇ ਇਹ ਸੇਵਾ ਆਪਣੇ ਜ਼ਿੰਮੇ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੋ ਪੜਾਵਾਂ ਤਹਿਤ 550-550 ਲੋੜਵੰਦ ਸੰਗਤਾਂ ਨੂੰ ਆਪਣੇ ਖਰਚ ’ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਵਾਉਣ ਦਾ ਐਲਾਨ ਕੀਤਾ ਹੈ। ਡਾ. ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫ਼ੈਸਲੇ ਅਨੁਸਾਰ ਪਹਿਲੇ ਪੜਾਅ ਤਹਿਤ 1 ਦਸੰਬਰ 2019 ਤੋਂ ਲੈ ਕੇ 31 ਮਈ 2020 ਤੱਕ 550 ਜਦ ਕਿ ਦੂਜੇ ਪੜਾਅ ਵਿਚ 1 ਜੂਨ ਤੋਂ ਲੈ ਕੇ 30 ਨਵੰਬਰ ਤੱਕ ਵੀ 550 ਲੋੜਵੰਦ ਸੰਗਤਾਂ ਨੂੰ ਆਪਣੇ ਖਰਚੇ ’ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ।

ਓ.ਸੀ.ਆਈ. ਕਾਰਡ ਹੋਲਡਰ ਕਰ ਸਕਦੇ ਹਨ ਕਰਤਕਾਰਪੁਰ ਯਾਤਰਾ
ਵੈ¤ਬਸਾਈਟ ’ਤੇ ਪਾਏ ਰਜਿਸਟ੍ਰੇਸ਼ਨ ਫਾਰਮ ਵਿਚ 2 ਤਰ੍ਹਾਂ ਦੇ ਭਾਰਤੀ ਨਾਗਰਿਕ ਹੀ ਕਰਤਾਰਪੁਰ ਸਾਹਿਬ ਜਾ ਸਕਦੇ ਹਨ, ਜਿਨ੍ਹਾਂ ਵਿਚ ਜੋ ਇੱਥੇ ਰਹਿਣ ਵਾਲੇ, ਜਾਂ ਉਹ ਵਿਦੇਸ਼ੀ ਭਾਰਤੀ, ਜਿਨ੍ਹਾਂ ਕੋਲ ਓ.ਸੀ.ਆਈ. ਕਾਰਡ ਵੀ ਹਨ। ਇਹ ਓ.ਸੀ.ਆਈ. ਕਾਰਡ ਵਿਦੇਸ਼ ਰਹਿੰਦੇ ਭਾਰਤੀ, ਜਿਸ ਕੋਲ ਉ¤ਥੋਂ ਦੀ ਨਾਗਰਿਕਤਾ ਹੈ, ਨੂੰ ਇਕ ਪ੍ਰਕਿਰਿਆ ਰਾਹੀਂ ਭਾਰਤ ਵਲੋਂ ਜਾਰੀ ਕੀਤਾ ਜਾਂਦਾ ਹੈ, ਬਹੁਤੇ ਭਾਰਤੀ ਓ.ਸੀ.ਆਈ. ਕਾਰਡ ਦੀ ਵਰਤੋਂ ਨਹੀਂ ਕਰਦੇ ਤੇ ਉਹ ਵੀਜ਼ਾ ਲਗਵਾ ਕੇ ਹੀ ਭਾਰਤ ਪਹੁੰਚਣ ਨੂੰ ਤਰਜੀਹ ਦਿੰਦੇ ਹਨ, ਪਰ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਵੀ ਇਸ ਪ੍ਰਕਿਰਿਆ ਰਾਹੀਂ ਲੰਘਣਗੀਆਂ ਅਤੇ ਉਨ੍ਹਾਂ ਨੇ ਭਾਰਤੀ ਰਾਜਦੂਤ ਘਰਾਂ ਵਿਚ ਵੱਡੀ ਸੰਖਿਆ ਵਿਚ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪ੍ਰਵਾਸੀ ਸਿੱਖ ਸੰਗਤਾਂ ਓ.ਸੀ.ਆਈ. ਕਾਰਡ ਨਹੀਂ ਲੈਣਾ ਚਾਹੁੰਦੀਆਂ। ਇਹ ਇਕ ਔਖੀ ਅਤੇ ਲੰਮੀ ਪ੍ਰਕਿਰਿਆ ਹੈ। ਜੇਕਰ ਇਹ ਭਾਰਤ ਵਿਚ ਬਣਾਉਣਾ ਹੋਵੇ ਤਾਂ ਇਸ ਦੀ ਫੀਸ 15 ਹਜ਼ਾਰ ਰੁਪਏ ਅਦਾ ਕਰਨੀ ਪੈਂਦੀ ਹੈ, ਅਮਰੀਕੀ ਡਾਲਰ ਦੇ ਰੂਪ ਵਿਚ ਕਰੀਬ 300 ਡਾਲਰ ਅਦਾ ਕਰਨੇ ਪੈਂਦੇ ਹਨ। ਅਰਜ਼ੀਕਰਤਾ ਨੂੰ , ਜਿਸ ਦੇਸ਼ ਵਿਚ ਉਹ ਰਹਿ ਰਿਹਾ ਦੀ ਨਾਗਰਿਕਤਾ ਦੇ ਦਸਤਾਵੇਜ਼ਾਂ ਦੇ ਨਾਲ-ਨਾਲ ਭਾਰਤ ਵਿਚ ਪਰਿਵਾਰਕ ਸਬੰਧਾਂ ਦੇ ਦਸਤਾਵੇਜ਼ ਵੀ ਨਾਲ ਲਗਾਉਣੇ ਪੈਂਦੇ ਹਨ।

ਬਹੁ-ਗਿਣਤੀ ਪ੍ਰਵਾਸੀ ਪੰਜਾਬੀਆਂ ਦੇ ਲੰਬੇ ਸਮੇਂ ਤੋਂ ਵਿਦੇਸ਼ ਵਿਚ ਰਹਿਣ ਕਰਕੇ ਭਾਰਤੀ ਦਸਤਾਵੇਜ਼ਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਓ.ਸੀ.ਆਈ. ਕਾਰਡ ਬਣਾਉਣ ਵਿਚ ਭਾਰੀ ਦਿੱਕਤ ਆਉਂਦੀ ਹੈ। ਦੱਸ ਦਈਏ ਕੇ ਓ.ਸੀ.ਆਈ. ਸਾਰਥਿਕ ਸਹੂਲਤ ਹੈ, ਜਿਸ ਤਹਿਤ ਧਾਰਕ ਦੇ ਵਿਦੇਸ਼ੀ ਪਾਸਪੋਰਟ ਵਿਚ ਭਾਰਤ ਦੇ ਵੀਜ਼ੇ ਦਾ (ਉਮਰ ਭਰ ਯੋਗ ਰਹਿਣ ਵਾਲਾ) ਸਟਿੱਕਰ ਲਗਾਇਆ ਜਾਂਦਾ ਹੈ ਤੇ ਨਾਲ ਇਕ ਕਾਰਡ ਜਾਰੀ ਕੀਤਾ ਜਾਂਦਾ ਹੈ, ਜਿਸ ਨੂੰ ਓ.ਸੀ.ਆਈ. ਕਾਰਡ ਕਿਹਾ ਜਾਂਦਾ ਹੈ। ਜਦੋਂ ਵਿਦੇਸ਼ੀ ਭਾਰਤੀ ਆਪਣਾ ਨਵਾਂ ਪਾਸਪੋਰਟ ਬਣਾਉਂਦੇ ਹਨ ਤਾਂ ਉਨ੍ਹਾਂ ਨੂੰ ਫਿਰ ਓ.ਸੀ.ਆਈ. ਕਾਰਡ ਬਣਾਉਣਾ ਜ਼ਰੂਰੀ ਹੁੰਦਾ ਹੈ। 21 ਤੋਂ 50 ਸਾਲ ਦੀ ਉਮਰ ਵਿਚਕਾਰ ਪਾਸਪੋਰਟ ਨਵਾਂ ਕਰਵਾਉਣ ਨਾਲ ਹਰੇਕ ਵਾਰ ਓ.ਸੀ.ਆਈ. ਕਾਰਡ ਨਵਾਂ ਬਣਾਉਣ ਦੀ ਲੋੜ ਨਹੀਂ। 50 ਸਾਲ ਦੀ ਉਮਰ ਤੋਂ ਬਾਅਦ ਜਦੋਂ ਵੀ ਵਿਦੇਸ਼ੀ ਪਾਸਪੋਰਟ ਨਵਾਂ ਬਣੇਗਾ ਤਾਂ ਓ.ਸੀ.ਆਈ. ਕਾਰਡ ਵੀ ਦੁਬਾਰਾ ਅਪਲਾਈ ਕਰਨਾ ਜ਼ਰੂਰੀ ਹੈ। 50 ਸਾਲਾ ਦੀ ਉਮਰ ਤੋਂ ਬਾਅਦ ਬਣਾਇਆ ਓ. ਸੀ. ਆਈ. ਕਾਰਡ ਉਮਰ ਭਰ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਭਾਵੇਂ ਕਿ ਉਨ੍ਹਾਂ ਨੂੰ ਓ. ਸੀ. ਆਈ. ਕਾਰਡ ਬਣਾਉਣ ਦੀ ਲੋੜ ਨਹੀਂ, ਪ੍ਰੰਤੂ ਜਿਸ ਪਾਸਪੋਰਟ ਦੇ ਆਧਾਰ ’ਤੇ ਓ.ਸੀ.ਆਈ. ਕਾਰਡ ਮਿਲਿਆ ਹੋਵੇ, ਉਹ ਪੁਰਾਣਾ ਪਾਸਪੋਰਟ ਸੰਭਾਲ ਕੇ ਰੱਖਣਾ ਜ਼ਰੂਰੀ ਹੈ। ਭਾਰਤ ਵਿਚ ਦਾਖ਼ਲੇ ਸਮੇਂ ਭਾਰਤੀ ਇਮੀਗ੍ਰੇਸ਼ਨ ਅਫ਼ਸਰ ਨੂੰ ਉਹ ਪੁਰਾਣਾ ਪਾਸਪੋਰਟ ਓ.ਸੀ.ਆਈ. ਕਾਰਡ ਦੇ ਨਾਲ ਵਿਖਾਉਣਾ ਪਵੇਗਾ। ਇਸ ਤਰ੍ਹਾਂ ਇਸ ਪ੍ਰਕਿਰਿਆ ਤੋਂ ਬਚਣ ਲਈ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਜਦੋਂ ਵੀ ਭਾਰਤ ਵਿਚ ਆਉਂਦੇ ਹਨ ਤਾਂ ਉਹ ਵੀਜ਼ਾ ਲਵਾ ਕੇ ਆਉਣ ਨੂੰ ਹੀ ਤਰਜੀਹ ਦਿੰਦੇ ਹਨ। ਉਨ੍ਹਾਂ ਦੀ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਮੰਗ ਹੈ ਕਿ ਇਸ ਪ੍ਰਕਿਰਿਆ ਵਿਚੋਂ ਉਨ੍ਹਾਂ ਨੂੰ ਕੱਢਿਆ ਜਾਵੇ ਤੇ ਕੋਈ ਹੋਰ ਸੌਖਾ ਰਾਹ ਅਪਨਾ ਕੇ ਗੁਰਧਾਮਾਂ ਦੇ ਦਰਸ਼ਨ ਕਰਵਾਏ ਜਾਣ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।