ਭੁੱਖਮਰੀ ਕਾਰਣ ਅਫ਼ਗਾਨੀ ਮਾਪੇ ਬੱਚਿਆਂ ਦੇ ਅੰਗ ਤਕ ਵੇਚਣ ਲਈ ਮਜ਼ਬੂਰ 

ਭੁੱਖਮਰੀ ਕਾਰਣ ਅਫ਼ਗਾਨੀ ਮਾਪੇ ਬੱਚਿਆਂ ਦੇ ਅੰਗ ਤਕ ਵੇਚਣ ਲਈ ਮਜ਼ਬੂਰ 

ਅੰਮ੍ਰਿਤਸਰ ਟਾਈਮਜ਼

ਬਰਲਿਨ  : ਸੰਯੁਕਤ ਰਾਸ਼ਟਰ ਦੇ ਵਿਸ਼ਵ ਖ਼ੁਰਾਕ ਪ੍ਰੋਗਰਾਮ (ਡਬਲਯੂਐੱਫਪੀ) ਮੁਖੀ ਡੇਵਿਡ ਬੀਸਲੀ ਨੇ ਅਫ਼ਗਾਨਿਸਤਾਨ ਚ ਮਨੁੱਖੀ ਸੰਕਟ ਤੇ ਆਪਣੀ ਚਿੰਤਾ ਦੁਹਰਾਉਂਦੇ ਹੋਏ ਕਿਹਾ ਕਿ ਜਿਊਂਦੇ ਰਹਿਣ ਲਈ ਅਫ਼ਗਾਨੀ ਆਪਣੇ ਬੱਚਿਆਂ ਤੇ ਆਪਣੀ ਕਿਡਨੀ ਤਕ ਵੇਚਣ ਲਈ ਮਜਬੂਰ ਹਨ। ਅਫ਼ਗਾਨਿਸਤਾਨ ਸੋਕਾ, ਮਹਾਮਾਰੀ, ਆਰਥਿਕ ਤੰਗੀ ਤੇ ਸਾਲਾਂ ਤੋਂ ਜੰਗ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ। ਲਗਪਗ 2.3 ਕਰੋੜ ਲੋਕ ਗੰਭੀਰ ਖ਼ੁਰਾਕੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸ਼ੰਕਾ ਹੈ ਕਿ ਦੇਸ਼ ਦੀ 97 ਫ਼ੀਸਦੀ ਆਬਾਦੀ ਇਸ ਸਾਲ ਗ਼ਰੀਬੀ ਰੇਖਾ ਤੋਂ ਹੇਠਾਂ ਆ ਸਕਦੀ ਹੈ।ਬੀਸਲੀ ਨੇ ਜਰਮਨ ਪ੍ਰਸਾਰਕ ਡਾਇਚੇ ਵੇਲੇ (ਡੀਡਬਲਯੂ) ਨੂੰ ਦੱਸਿਆ, ‘ ਅਫ਼ਗਾਨਿਸਤਾਨ ਪਹਿਲਾਂ ਤੋਂ ਹੀ ਦੁਨੀਆ ਦੇ ਸਭ ਤੋਂ ਗ਼ਰੀਬ ਦੇਸ਼ਾਂ ਵਿਚੋਂ ਇਕ ਸੀ। ਹੁਣ ਅਸੀਂ ਜੋ ਦੇਖ ਰਹੇ ਹਾਂ, ਉਹ ਤਬਾਹਕਾਰੀ ਹੈ। ਦੇਸ਼ ਦੀ ਕਰੀਬ ਚਾਰ ਕਰੋੜ ਆਬਾਦੀ ਚੋਂ 2.3 ਕਰੋੜ ਲੋਕ ਭੁੱਖਮਰੀ ਦੀ ਕਗਾਰ ਤੇ ਹਨ।ਉਨ੍ਹਾਂ ਅਫ਼ਗਾਨਿਸਤਾਨ ਦੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ, ‘ਇਕ ਬੀਬੀ ਨੇ ਦੱਸਿਆ ਸੀ ਕਿ ਉਸ ਨੂੰ ਆਪਣੀ ਬੇਟੀ ਦੂਜੇ ਪਰਿਵਾਰ ਨੂੰ ਇਸ ਲਈ ਵੇਚਣੀ ਪਈ, ਤਾਂਕਿ ਮਾਸੂਮ ਨੂੰ ਚੰਗਾ ਖਾਣਾ ਨਸੀਬ ਹੋ ਸਕੇ।       

 ਹੇਰਾਤ ਸੂਬਾ ਨਿਵਾਸੀ ਇਕ ਵਿਅਕਤੀ ਨੂੰ ਆਪਣੀ ਕਿਡਨੀ ਇਸ ਲਈ ਵੇਚਣੀ ਪਈ, ਤਾਂਕਿ ਉਸ ਦੇ ਪਰਿਵਾਰ ਨੂੰ ਭੋਜਨ ਮਿਲ ਸਕੇ। ਡਬਲਯੂਐੱਫਪੀ ਮੁਖੀ ਨੇ ਦੁਨੀਆ ਦੇ ਅਮੀਰ ਲੋਕਾਂ ਨੂੰ ਅਫ਼ਗਾਨੀਆਂ ਦੀ ਮਦਦ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਕੋਵਿਡ ਦੀ ਇਸ ਮਹਾਮਾਰੀ ਦਰਮਿਆਨ ਦੁਨੀਆ ਭਰ ਦੇ ਅਰਬਪਤੀਆਂ ਨੇ ਬਹੁਤ ਜ਼ਿਆਦਾ ਕਮਾਈ ਕੀਤੀ। ਸਾਨੂੰ ਇਸ ਅਣਕਿਆਸੀ ਸਮੱਸਿਆ ਦੇ ਹੱਲ ਲਈ ਸਿਰਫ਼ ਉਨ੍ਹਾਂ ਦੀ ਇਕ ਦਿਨ ਦੀ ਕਮਾਈ ਦੀ ਲੋੜ ਹੈ। ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ ਟ੍ਰਸ ਨੇ ਕਿਹਾ, ‘ਅਸੀਂ ਅਫ਼ਗਾਨੀਆਂ ਨੂੰ ਮਨੁੱਖੀ ਸੰਕਟ ਵਿਚੋਂ ਕੱਢਣ ਲਈ ਯਤਨਸ਼ੀਲ ਹਾਂ ਤੇ ਉਨ੍ਹਾਂ ਲਈ ਵਾਧੂ ਮਦਦ ਵੀ ਭੇਜ ਰਹੇ ਹਾਂ।ਕਿਡਨੀ ਵਿਕਰੀ ਸਬੰਧੀ ਰਿਪੋਰਟ ਤੇ ਉਨ੍ਹਾਂ ਕਿਹਾ, ‘ਆਰਥਿਕ ਪਾਬੰਦੀਆਂ ਹਟਾਉਣ ਤੇ ਰੋਕੇ ਗਏ ਉਨ੍ਹਾਂ ਦੇ ਅਰਬਾਂ ਡਾਲਰ ਨੂੰ ਜਾਰੀ ਕਰਨ ਨਾਲ ਅਫ਼ਗਾਨਿਸਤਾਨ ਨੂੰ ਇਸ ਸੰਕਟ ਨਾਲ ਨਜਿੱਠਣ ਵਿਚ ਮਦਦ ਮਿਲੇਗੀ।ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਅਫ਼ਗਾਨਿਸਤਾਨ ਦੇ ਮਨੁੱਖੀ ਸੰਕਟ ਨੂੰ ਲੈ ਕੇ ਨਾਰਵੇ ਰਾਜਧਾਨੀ ਓਸਲੋ ਵਿਚ ਤਾਲਿਬਾਨੀ ਵਫ਼ਦ ਤੇ ਅਮਰੀਕਾ ਤੇ ਯੂਰਪੀ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਗੱਲਬਾਤ ਹੋਈ ਹੈ। ਸਾਰਿਆਂ ਨੇ ਸੰਕਟਗ੍ਰਸਤ ਅਫ਼ਗਾਨੀਆਂ ਦੀ ਮਦਦ ਦੀ ਵਚਨਬੱਧਤਾ ਦੁਹਰਾਈ ਹੈ।