ਜੋਅ ਬਾਇਡੇਨ ਦਾ ਰਾਸ਼ਟਰਪਤੀ ਬਣਨਾ ਤੈਅ, ਸੁਰੱਖਿਆ ਵਧਾਈ

ਜੋਅ ਬਾਇਡੇਨ ਦਾ ਰਾਸ਼ਟਰਪਤੀ ਬਣਨਾ ਤੈਅ, ਸੁਰੱਖਿਆ ਵਧਾਈ

ਜੋਅ ਬਾਈਡਨ ਨੇ ਕਰੋਨਾ ਵਾਇਰਸ, ਆਰਥਿਕਤਾ ਤੇ ਜਲਵਾਯੂ ਪਰਿਵਰਤਨ ਤੇ ਚਿੰਤਾ ਜਿਤਾਈ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡੇਨ ਦੀ ਜਿੱਤ ਤਕਰੀਬਨ ਤੈਅ ਹੈ। ਪ੍ਰਤੀਨੱਧ ਸਦਨ ਦੀ ਸਪੀਕਰ ਨੈਨਸੀ ਪੋਲੇਸੀ ਨੇ ਕਿਹਾ ਹੈ ਕਿ ਜੋਅ ਬਾਈਡਨ ਦੇਸ਼ ਦੇ ਅਗਲੇ ਰਾਸ਼ਟਰਪਤੀ ਹੋਣਗੇ ਤੇ ਇਸ ਸਬੰਧੀ ਐਲਾਨ ਛੇਤੀ ਹੋ ਜਾਵੇਗਾ। ਅੱਜ ਜੋਅ ਬਾਈਡਨ ਨੇ ਦੇਸ਼ ਨੂੰ ਸੰਬੋਧਿਤ ਹੋਏ ਕਿਹਾ ਕਿ ਰਾਸ਼ਟਰਪਤੀ ਕਿਸੇ ਇੱਕ ਧੜੇ ਦਾ ਨਾਂ ਹੋ ਕਿ ਪੂਰੇ ਅਮਰੀਕਾ ਦਾ ਹੁੰਦਾ ਹੈ, ਅਸੀਂ ਵੋਰੋਧੀ ਹੋ ਸਕਦੇ ਹਾਂ ਦੁਸ਼ਮਣ ਨਹੀਂ ਉਨਾਂ ਵਿਸ਼ੇਸ਼ ਤੌਰ ਤੇ ਕਰੋਨਾ ਵਾਇਰਸ, ਆਰਥਿਕਤਾ ਤੇ ਜਲਵਾਯੂ ਪਰਿਵਰਤਨ ਤੇ ਚਿੰਤਾ ਜਿਤਾਈ ਤੇ ਇਨਾਂ ਤੇ ਧਿਆਨ ਕੇਂਦਰਿਤ ਕਰਨ ਦਾ ਇਸ਼ਾਰਾ ਕੀਤਾ। ਪੂਰੀ ਸੰਭਾਵਨਾ ਹੈ ਕਿ ਉਹ ਜਿੱਤਣ ਲਈ ਲੋੜੀਂਦੀਆਂ 270 ਇਲੈਕਟਰੋਲਰ ਵੋਟਾਂ ਨਾਲੋਂ ਕਾਫੀ ਵਧ ਵੋਟਾਂ ਲੈ ਕੇ ਜਾਣਗੇ। ਇਸ ਸਮੇਂ ਉਹ 264 ਇਲੈਕਟਰੋਲਰ ਵੋਟਾਂ ਜਿੱਤ ਚੁੱਕੇ ਹਨ । ਰਿਪਬਲੀਕਨਾਂ ਦਾ ਗੜ ਪੈਨਸਿਲਵੇਨੀਆ ਵਿਚ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅੱਗੇ ਨਿਕਲ ਗਏ ਹਨ ਤੇ ਇਥੋਂ ਦੀਆਂ 20 ਵੋਟਾਂ ਉਨਾਂ ਵਲੋਂ ਜਿੱਤ ਲੈਣ ਲੈ ਜਾਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਨੇਵਾਡਾ ਜਿਥੇ 6 ਇਲੈਕਟਰੋਲਰ ਵੋਟਾਂ ਹਨ ਤੇ ਐਰੀਜ਼ੋਨਾ ਜਿਥੇ 11 ਇਲੈਕਟਰੋਲਰ ਵੋਟਾਂ ਹਨ, ਵਿਚ ਵੀ ਉਹ ਟਰੰਪ ਤੋਂ ਅਗੇ ਹਨ। ਜਾਰਜੀਆ ਵਿਚ ਬਾਇਡੇਨ ਨੇ 49.4 % ਜਦ ਕਿ ਟਰੰਪ ਨੇ  49.3% ਵੋਟਾਂ ਪ੍ਰਾਪਤ ਕੀਤੀਆਂ ਹਨ। ਇਥੇ 16 ਇਲੈਕਟਰੋਲਰ ਵੋਟਾਂ ਹਨ।  ਰਾਜ ਦੇ ਸਕੱਤਰ ਨੇ ਕਿਹਾ ਹੈ ਕਿ ਵੋਟਾਂ ਦਾ ਫਰਕ ਬਹੁਤ ਘੱਟ ਹੋਣ ਕਾਰਨ ਰਿਪਬਲੀਕਨ ਪਾਰਟੀ ਵੱਲੋਂ ਵੋਟਾਂ ਦੁਬਾਰਾ ਕਰਵਾਏ ਜਾਣ ਦੀ ਮੰਗ ਮੰਨ ਲਈ ਗਈ ਹੈ। ਟਰੰਪ ਨੇ ਹੁਣ ਤੱਕ 214 ਇਲੈਕਟਰੋਲਰ ਵੋਟਾਂ ਪ੍ਰਾਪਤ ਕੀਤੀਆਂ ਹਨ।

ਹੁਣ ਕੋਈ ਬਹੁਤ ਜਿਆਦਾ ਉਲਟ ਫੇਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਦਰਅਸਲ ਹੁਣ ਕੇਵਲ ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਹੀ ਰਹਿ ਗਈ ਹੈ…। ਹੁਣ ਤੱਕ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਵਿਚੋਂ 70% ਤੱਕ ਵੋਟਾਂ ਜੋਅ ਬਾਈਡੇਨ ਨੂੰ ਹੀ ਮਿਲੀਆਂ ਹਨ। ਜੋਅ ਬਾਇਡੇਨ ਵੱਲੋਂ ਵੋਟਾਂ ਤੋਂ ਮਹੀਨਾ ਪਹਿਲਾਂ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਕੋਵਿਡ ਕਾਰਨ ਉਹ ਕੋਈ ਜ਼ੋਖਮ ਨਾ ਉਠਾਉਣ ਤੇ 3 ਨਵੰਬਰ ਤੋਂ ਪਹਿਲਾਂ ਹੀ ਡਾਕ ਰਾਹੀਂ ਜਾਂ ਵੋਟ ਬਕਸਿਆਂ ਵਿਚ ਅਗਾਊਂ ਵੋਟ ਪਾ ਆਉਣ। ਉਨਾਂ ਦੀ ਇਸ ਅਪੀਲ ਦਾ ਵੱਡੀ ਪੱਧਰ ਉਪਰ ਅਸਰ ਹੋਇਆ ਵਿਖਾਈ ਦੇ ਰਿਹਾ ਹੈ। ਦੂਸਰੇ ਪਾਸੇ ਡੋਨਾਲਡ ਟਰੰਪ ਨੇ ਬਾਈਡੇਨ ਦੀ ਇਸ ਅਪੀਲ ਦਾ ਮਜ਼ਾਕ ਉਡਾਇਆ ਸੀ ਤੇ ਵੋਟਾਂ ਵਾਲੇ ਦਿਨ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ।

ਜੋਅ ਬਾਈਡੇਨ ਦੀ ਸੁਰੱਖਿਆ ਕੀਤੀ ਸਖਤ
ਅਮਰੀਕੀ ਪ੍ਰਤੀਨਿੱਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਵੋਟਾਂ ਦੀ ਗਿਣਤੀ ਉਪਰ ਤਸੱਲੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਜੋਅ ਬਾਇਡੇਨ ਦੇ ਰਾਸ਼ਟਰਪਤੀ ਚੁਣੇ ਜਾਣ ਦਾ ਐਲਾਨ ਬਹੁਤ ਛੇਤੀ ਹੋ ਜਾਵੇਗਾ। ਇਸ ਨੂੰ ਵੇਖਦਿਆਂ ਹੋਇਆਂ ਜੋਅ ਬਾਇਡੇਨ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਵਿਲਮਿੰਗਟਨ ਵਿਚ ਰਹਿੰਦੇ ਜੋਅ ਬਾਇਡੇਨ ਦੀ ਰਿਹਾਇਸ਼ ਨੇੜੇ ਰਹਿੰਦੇ ਲੋਕ ਇਲਾਕੇ ਵਿਚ ਹੋ ਰਹੀ ਤਬਦੀਲੀ ਤੋਂ ਖੁਸ਼ ਹਨ। ਇਲਾਕੇ ਵਿਚ ਬਾਇਡੇਨ ਦੀ ਸੁਰੱਖਿਆ ਲਈ ਹੋਰ ਸੁਰੱਖਿਆ ਜਵਾਨ ਭੇਜ ਦਿੱਤੇ ਗਏ ਹਨ।  ਇਸ ਖੇਤਰ ਨੂੰ ਸ਼ੁੱਕਰਵਾਰ ਹੀ "ਨੋ ਫਲਾਇੰਗ ਜੋਨ" ਐਲਾਨ ਦਿੱਤਾ ਗਿਆ ਸੀ। ਇਸ ਖੇਤਰ ਉਪਰੋਂ ਜਹਾਜ਼ ਨਹੀਂ ਲੰਘ ਸਕਣਗੇ।

ਟਰੰਪ ਨੂੰ ਨਮੋਸ਼ੀ ਦਾ ਸਾਹਮਣਾ
ਡੋਨਾਲਡ ਟਰੰਪ ਵੱਲੋਂ ਬਿਨਾਂ ਸਿਰ ਪੈਰ ਦੇ ਵੋਟਾਂ ਵਿਚ ਧੋਖੇ ਦੇ ਲਾਏ ਦੋਸ਼ਾਂ ਕਾਰਨ ਉਨਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਅਮਰੀਕਾ ਦੇ ਕਈ ਟੀ ਵੀ ਚੈਨਲਾਂ ਨੇ ਉਨਾਂ ਦੀ ਪ੍ਰੈਸ ਕਾਨਫਰੰਸ ਦਾ ਪ੍ਰਸਾਰਨਾ ਕਰਨਾ ਜਰੂਰੀ ਨਹੀਂ ਸਮਝਿਆ। ਟੀ.ਵੀ ਚੈਨਲਾਂ ਦੇ ਪੱਤਰਕਾਰਾਂ ਦਾ ਕਹਿਣਾ ਹੈ ਕਿ ਟਰੰਪ ਝੂਠ ਬੋਲ ਰਹੇ ਹਨ। ਉਹ ਬਿਨਾਂ ਸਬੂਤਾਂ ਦੇ ਕੋਈ ਵੀ ਦੋਸ਼ ਲਾ ਦਿੰਦੇ ਹਨ। ਲੰਘੇ ਦਿਨ ਚੈਨਲਾਂ ਨੇ ਟਰੰਪ ਦੀ ਵਾਈਟ ਹਾਊਸ ਵਿਚ ਪ੍ਰੈਸ ਕਾਨਫ਼ਰੰਸ ਦਾ ਲਾਈਵ ਪ੍ਰਸਾਰਨ ਵੀ ਵਿਚਾਲੇ ਹੀ ਬੰਦ ਕਰ ਦਿੱਤਾ ਸੀ।