ਡਿੱਗਦੇ ਢਹਿੰਦੇ ਬੁੱਢੇ ਨੇ ਸਰਪੰਚ ਨੂੰ ਢਾਅ ਈ ਲਿਆ

ਡਿੱਗਦੇ ਢਹਿੰਦੇ ਬੁੱਢੇ ਨੇ ਸਰਪੰਚ ਨੂੰ ਢਾਅ ਈ ਲਿਆ

(ਬਾਈਡਨ 284 ਵੋਟਾਂ ਲੈ ਕੇ ਜੇਤੂ ਪਰ 306 ਮਿਲਣ ਦੀ ਆਸ)

ਵਾਸ਼ਿੰਗਟਨ ਡੀ. ਸੀ.: ਸਾਰੀ ਦੁਨੀਆਂ ਦੀਆਂ ਅੱਖਾਂ ਇਸ ਵੇਲੇ ਅਮਰੀਕਾ ਦੀ ਰਾਸ਼ਟਰਪਤੀ ਚੋਣ ਵੱਲ ਹਨ ਜਿਸਨੇ ਦੁਨੀਆਂ ਦੀ ਸਿਆਸਤ ਅਤੇ ਅੰਦਰੂਨੀ ਮਸਲਿਆਂ ਨੂੰ ਪ੍ਰਭਾਵਿਤ ਕਰਨਾ ਹੈ। ਚਾਹੇ ਰਾਸ਼ਟਰਪਤੀ ਟਰੰਪ ਨੇ ਚੋਣਾਂ ਵਾਲੀ ਰਾਤ ਨੂੰ ਆਪਣੇ ਆਪ ਨੂੰ ਜੇਤੂ ਕਰਾਰ ਦੇ ਦਿੱਤਾ ਸੀ ਪਰ ਅਸਲ ਪੈਨਸਲਵੇਨੀਆ ਦੀਆਂ ਵੋਟਾਂ ਮਿਲਣ ਨਾਲ ਜੋ ਬਾਈਡਨ 284 ਵੋਟਾਂ ਲੈ ਕੇ ਜੇਤੂ ਹੋ ਗਿਆ ਹੈ। ਜੇ ਬਾਈਡਨ ਜੋਰਜੀਆ ਅਤੇ ਨਵਾਡਾ ਵੀ ਜਿੱਤ ਜਾਂਦਾ ਹੈ ਤਾਂ ਉਸ ਕੋਲ 306 ਇਲੈਕਟਰਲ ਸੀਟਾਂ ਹੋ ਜਾਣਗੀਆਂ, ਅਮਰੀਕਾ ਦਾ ਰਾਸ਼ਟਰਪਤੀ ਬਨਣ ਲਈ 270 ਸੀਟਾਂ ਦੀ ਜ਼ਰੂਰਤ ਹੁੰਦੀ ਹੈ। ਇਸ ਵੇਲੇ ਜੋ ਬਾਈਡਨ ਨਵਾਡਾ ਵਿੱਚ 22657, ਜੋਰਜੀਆ ਵਿੱਚ 7248 ਤੇ ਅੱਗੇ ਚੱਲ ਰਿਹਾ ਹੈ।

ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਤਕਰੀਬਨ 15 ਕਰੋੜ ਵੋਟਾਂ ਪਈਆਂ ਹਨ ਜੋ ਕਿ ਹੁਣ ਤੱਕ ਦੀਆਂ ਸੱਭ ਤੋਂ ਰਿਕਾਰਡ ਤੋੜ ਹਨ।ਰਾਸ਼ਟਰਪਤੀ ਟਰੰਪ ਨੇ ਚੋਣਾਂ ਵਿੱਚ ਹੋਈ ਹੇਰਾ-ਫੇਰੀ ਦਾ ਮੁੱਦਾ ਕਈ ਮਹੀਨਿਆਂ ਤੋਂ ਪਾ ਰਿਹਾ ਹੈ ਅਤੇ ਉਸਨੇ ਆਪਣੇ ਵੋਟਰਾਂ ਨੂੰ ਡਾਕ ਦੀ ਬਜਾਏ ਆਪ ਜਾ ਕੇ 4 ਨਵੰਬਰ ਨੂੰ ਵੋਟ ਪਾਉਣ ਨੂੰ ਕਿਹਾ ਸੀ। ਆਪ ਜਾ ਕੇ ਵੋਟ ਪਾਉਣ ਨਾਲ-ਨਾਲ ਹੀ ਗਿਣੀ ਜਾਂਦੀ ਹੈ ਅਤੇ ਡਾਕਵਾਲ਼ੀਆਂ ਬਾਅਦ ਵਿੱਚ ਗਿਣੀਆਂ ਜਾਂਦੀਆਂ ਹਨ। ਜੋ ਬਾਈਡਨ ਨੇ ਲੋਕਾਂ ਨੂੰ ਡਾਕ ਰਾਹੀਂ ਪਾਉਣ ਨੂੰ ਤਰਜ਼ੀਹ ਦਿੱਤੀ ਸੀ ਕਿਉਂ ਕਿ ਡੈਮੋਕਰੈਟਿਕ ਵੋਟਰ ਵੋਟ ਪਾਉਣ ਵਿੱਚ ਸੁਸਤ ਗਿਣਿਆ ਜਾਂਦਾ ਹੈ। ਪਿਛਲੀਆਂ ਚੋਣਾਂ ਵਿੱਚ ਹਿਲਰੀ ਕਲਿੰਟਨ ਦੇ ਹਾਰ ਜਾਣ ਦਾ ਵੱਡਾ ਕਾਰਣ ਡੈਮੋਕਰੈਟਿਕ ਵੋਟਰਾਂ ਵੱਲੋਂ ਘੱਟ ਉਤਸ਼ਾਹ ਦਿਖਾਉਣਾ ਹੀ ਸੀ। ਇਹੀ ਕਾਰਣ ਹੈ ਕਿ ਪਹਿਲਾਂ ਟਰੰਪ ਗਿਣਤੀ ਵਿੱਚ ਅੱਗੇ ਸੀ ਪਰ ਜਦੋਂ ਡਾਕਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਜੋ ਬਾਈਡਨ ਅੱਗੇ ਲੰਘ ਗਿਆ ਜੋ ਕਿ ਯਕੀਨੀ ਸੀ ਪਰ ਟਰੰਪ ਲੋਕਾਂ ਖ਼ਾਸ ਕਰ ਰਿਪਲਿਕਨ ਵੋਟਰਾਂ ਦੇ ਦਿਮਾਗ ਵਿੱਚ ਚੋਣਾਂ ਵਿੱਚ ਹੋਈ ਹੇਰਾ-ਫੇਰੀ ਦਾ ਸ਼ੱਕ ਖੜਾ ਕਰਣ ਵਿੱਚ ਕਾਮਯਾਬ ਰਿਹਾ। ਅਸਲ ਵਿੱਚ ਅਮਰੀਕਾ ਵਰਗੇ ਮੁਲਕ ਵਿੱਚ ਇਸਤਰਾਂ ਦੀ ਹੇਰਾ-ਫੇਰੀ ਸੰਭਵ ਨਹੀਂ।ਟਰੰਪ ਨੇ ਲੋਕਾਂ ਵਿੱਚ ਹਾਰ ਨਹੀਂ ਮੰਨੀ ਪਰ ਅੰਦਰੋਂ ਉਹ ਹਾਰ ਮੰਨੀ ਬੈਠਾ ਹੈ ਜਿਸਦੇ ਸੰਕੇਤ ਉਸ ਵੱਲੋਂ ਸੁਪਰੀਮ ਕੋਰਟ ਜਾਣ ਜਾਂ 2024 ਵਿੱਚ ਦੁਬਾਰਾ ਚੋਣ ਲੜਨ ਦੇ ਇਸ਼ਾਰਿਆਂ ਤੋਂ ਮਿਲਦੇ ਹਨ।