ਜੋਅ ਬਾਇਡੇਨ ਅਤੇ ਕਮਲਾ ਹੈਰਿਸ ਦਾ ਜਿੱਤ ਦੇ ਐਲਾਨ ਮਗਰੋਂ ਪਹਿਲਾ ਸੰਬੋਧਨ

ਜੋਅ ਬਾਇਡੇਨ ਅਤੇ ਕਮਲਾ ਹੈਰਿਸ ਦਾ ਜਿੱਤ ਦੇ ਐਲਾਨ ਮਗਰੋਂ ਪਹਿਲਾ ਸੰਬੋਧਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿਚ ਜਿੱਤ ਦੇ ਐਲਾਨ ਮਗਰੋਂ ਡੈਮੋਕਰੈਟ ਉਮੀਦਵਾਰ ਜੋ ਬਾਇਡੇਨ ਅਤੇ ਕਮਲਾ ਹੈਰਿਸ ਲੋਕਾਂ ਦੇ ਰੂਬਰੂ ਹੋਏ ਅਤੇ ਦੁਨੀਆ ਨੂੰ ਸੰਬੋਧਨ ਕੀਤਾ। ਜੋ ਬਾਇਡੇਨ ਪਹਿਲਾਂ ਅਮਰੀਕਾ ਦੇ ਉਪ-ਰਾਸ਼ਟਰਪਤੀ ਰਹਿ ਚੁੱਕੇ ਹਨ ਅਤੇ ਹੁਣ ਉਹ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ ਅਤੇ ਉਹਨਾਂ ਦੀ ਸਹਿਯੋਗੀ ਕਲਮਲਾ ਹੈਰਿਸ ਅਮਰੀਕੀ ਇਤਿਹਾਸ ਦੀ ਪਹਿਲੀ ਬੀਬੀ ਹੈ ਜੋ ਉਪ ਰਾਸ਼ਟਰਪਤੀ ਬਣਨ ਜਾ ਰਹੀ ਹੈ। ਇਸ ਤੋਂ ਵੀ ਵੱਡੀ ਪ੍ਰਾਪਤੀ ਇਹ ਸਮਝੀ ਜਾ ਰਹੀ ਹੈ ਕਿ ਉਹ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਅਜਿਹੀ ਔਰਤ ਹੈ ਜਿਸਦੀ ਚਮੜੀ ਦਾ ਰੰਗ ਗੋਰਾ ਨਹੀਂ ਹੈ ਅਤੇ ਉਹ ਏਸ਼ੀਆਈ ਪਿਛੋਕੜ ਨਾਲ ਸਬੰਧਤ ਹੈ।

ਆਪਣੇ ਸੰਬੋਧਨ ਦੌਰਾਨ ਜੋ ਬਾਇਡੇਨ ਨੇ ਲੋਕਾਂ ਨੂੰ ਜਿੱਤ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਸਪਸ਼ਟ ਜਿੱਤ ਦਵਾਈ ਹੈ ਜੋ ਸਾਡੀ ਸਭ ਦੀ ਜਿੱਤ ਹੈ। 

ਬਾਇਡੇਨ ਨੇ ਕਿਹਾ ਕਿ ਲੋਕਾਂ ਵੱਲੋਂ ਉਹਨਾਂ ਵਿਚ ਦਿਖਾਏ ਇਸ ਵੱਡੇ ਭਰੋਸੇ ਲਈ ਉਹ ਲੋਕਾਂ ਦੇ ਸ਼ੁਕਰਗੁਜ਼ਾਰ ਹਨ। ਬਾਇਡੇਨ ਨੇ ਕਿਹਾ, "ਮੈਂ ਸੋਂਹ ਖਾਂਦਾ ਹਾਂ ਕਿ ਅਜਿਹਾ ਰਾਸ਼ਟਰਪਤੀ ਬਣਾਂਗਾ ਜੋ ਵੰਡ ਪਾਉਣ ਲਈ ਨਹੀਂ ਲੋਕਾਂ ਨੂੰ ਇਕਜੁੱਟ ਕਰਨ ਲਈ ਕੰਮ ਕਰੇਗਾ; ਜੋ ਸੂਬਿਆਂ ਨੂੰ ਨੀਲੇ ਅਤੇ ਲਾਲ ਰੰਗ ਵਜੋਂ ਨਹੀਂ ਦੇਖੇਗਾ, ਸਿਰਫ ਸੰਯੁਕਤ ਰਾਜਾਂ (ਯੂਨਾਈਟਿਡ ਸਟੇਟਸ) ਵਜੋਂ ਦੇਖੇਗਾ। ਮੈਂ ਪੂਰੇ ਦਿਲ ਨਾਲ ਤੁਹਾਡਾ ਭਰੋਸਾ ਜਿੱਤਣ ਲਈ ਕੰਮ ਕਰਾਂਗਾ।"

ਉਹਨਾਂ ਕਿਹਾ, "ਮੈਂ ਇਸ ਅਹੁਦੇ 'ਤੇ ਅਮਰੀਕਾ ਦੀ ਰੂਹ ਨੂੰ ਬਹਾਲ ਕਰਨ ਲਈ ਆਇਆ ਹਾਂ, ਦੇਸ਼ ਦੀ ਰੀੜ ਦੀ ਹੱਡੀ ਮੱਧ ਵਰਗ ਨੂੰ ਮੁੜ ਮਜ਼ਬੂਤ ਕਰਨ ਲਈ ਅਤੇ ਅਮਰੀਕਾ ਦੀ ਪੂਰੇ ਵਿਸ਼ਵ ਵਿਚ ਮੁੜ ਇੱਜ਼ਤ ਬਹਾਲ ਕਰਨ ਤੇ ਇਥੇ ਆਪਣੇ ਘਰ ਵਿਚ ਸਭ ਨੂੰ ਇਕਜੁੱਟ ਕਰਨ ਲਈ ਆਇਆ ਹਾਂ।"

ਸਬੰਧਿਤ ਖ਼ਬਰ: ਡਿੱਗਦੇ ਢਹਿੰਦੇ ਬੁੱਢੇ ਨੇ ਸਰਪੰਚ ਨੂੰ ਢਾਅ ਈ ਲਿਆ

ਬਾਇਡੇਨ ਨੇ ਅਫਰੀਕੀ ਅਮਰੀਕੀ ਲੋਕਾਂ ਦਾ ਖਾਸ ਜ਼ਿਕਰ ਕਰਦਿਆਂ ਉਹਨਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਫਰੀਕੀ ਅਮਰੀਕੀ ਲੋਕਾਂ ਵੱਲੋਂ ਜੋ ਬਾਇਡੇਨ ਨੂੰ ਬਹੁਤ ਵੱਡਾ ਸਮਰਥਨ ਦਿੱਤਾ ਗਿਆ ਹੈ ਜੋ ਉਹਨਾਂ ਦੀ ਜਿੱਤ ਦਾ ਸਭ ਤੋਂ ਵੱਡਾ ਕਾਰਨ ਵੀ ਬਣਿਆ ਹੈ।

ਬਾਇਡੇਨ ਨੇ ਆਪਣੇ ਸੰਬੋਧਨ ਦੌਰਾਨ ਟਰੰਪ ਦੇ ਸਮਰਥਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਇਕ ਦੂਜੇ ਨੂੰ ਮੌਕਾ ਦੇਣਾ ਚਾਹੀਦਾ ਹੈ। ਬਾਇਡੇਨ ਨੇ ਕਿਹਾ ਕਿ ਤਲਖੀ ਵਾਲਾ ਮਾਹੌਲ ਛੱਡ ਕੇ ਸਾਨੂੰ ਇਕ ਦੂਜੇ ਨਾਲ ਮਿਲਣਾ ਚਾਹੀਦਾ ਹੈ, ਇਕ ਦੂਜੇ ਨੂੰ ਸੁਣਨਾ ਚਾਹੀਦਾ ਹੈ ਤੇ ਆਪਣੇ ਵਿਰੋਧੀਆਂ ਨੂੰ ਦੁਸ਼ਮਣ ਵਾਂਗ ਨਹੀਂ ਦੇਖਣਾ ਚਾਹੀਦਾ।

ਬਾਇਡੇਨ ਨੇ ਕਿਹਾ ਕਿ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਉਹ ਉਹਨਾਂ ਲਈ ਵੀ ਉਸੇ ਤਰ੍ਹਾਂ ਕੰਮ ਕਰਨਗੇ ਜਿਵੇਂ ਉਹਨਾਂ ਲਈ ਕਰਨਗੇ ਜਿਹਨਾਂ ਵੋਟਾਂ ਪਾਈਆਂ।

ਬਾਇਡੇਨ ਨੇ ਕਿਹਾ ਕਿ ਸਭ ਤੋਂ ਪਹਿਲਾ ਕੰਮ ਕੋਰੋਨਾਵਾਇਰਸ ਨੂੰ ਕਾਬੂ ਵਿਚ ਕਰਨਾ ਹੈ। ਉਹਨਾਂ ਕਿਹਾ ਕਿ ਇਸ ਨੂੰ ਕਾਬੂ ਕਰਕੇ ਹੀ ਜ਼ਿੰਦਗੀ ਦੀ ਗੱਡੀ ਮੁੜ ਲੀਹ 'ਤੇ ਲਿਆਂਦੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਉਹ ਸੋਮਵਾਰ ਵਾਲੇ ਦਿਨ ਵਿਗਿਆਨੀਆਂ ਅਤੇ ਮਾਹਿਰਾਂ ਦੀ ਸੂਚੀ ਜਾਰੀ ਕਰਨਗੇ ਜੋ ਕੋਰੋਨਾਵਾਇਰਸ ਨੂੰ ਖਤਮ ਕਰਨ ਲਈ ਕੰਮ ਕਰਨਗੇ। 

ਉਪਰ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਮਰੀਕਾ ਦੇ ਲੋਕਾਂ ਨੇ ਇਸ ਚੋਣ ਵਿਚ ਆਸ, ਇਕਜੁਟਤਾ, ਸਿਆਣਪ, ਵਿਗਿਆਨ ਅਤੇ ਸੱਚਾਈ ਨੂੰ ਚੁਣਿਆ ਹੈ।" 

ਹੈਰਿਸ ਨੇ ਆਪਣੇ ਸੰਬੋਧਨ ਦੌਰਾਨ ਡੈਮੋਕਰੈਟਸ ਦੀ ਜਿੱਤ ਵਿਚ ਔਰਤਾਂ ਦੀ ਹਿੱਸੇਦਾਰੀ ਦਾ ਖਾਸ ਜ਼ਿਕਰ ਕੀਤਾ। ਹੈਰਿਸ ਨੇ ਕਿਹਾ ਕਿ ਉਹ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਔਰਤ ਬਣਨ ਜਾ ਰਹੀ ਹੈ ਪਰ ਉਹ ਆਖਰੀ ਨਹੀਂ ਹੋਵੇਗੀ।