ਜੇਐਨਯੂ ਹਿੰਸਾ ਲਈ ਏਬੀਵੀਪੀ ਨਾਲ ਸਬੰਧਿਤ ਵਿਦਿਆਰਥੀ ਦਾ ਇਕਬਾਲੀਆ ਬਿਆਨ; ਪਰ ਪੁਲਿਸ ਲਈ ਖੱਬੇਪੱਖੀ ਜ਼ਿੰਮੇਵਾਰ 

ਜੇਐਨਯੂ ਹਿੰਸਾ ਲਈ ਏਬੀਵੀਪੀ ਨਾਲ ਸਬੰਧਿਤ ਵਿਦਿਆਰਥੀ ਦਾ ਇਕਬਾਲੀਆ ਬਿਆਨ; ਪਰ ਪੁਲਿਸ ਲਈ ਖੱਬੇਪੱਖੀ ਜ਼ਿੰਮੇਵਾਰ 

ਨਵੀਂ ਦਿੱਲੀ: ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਐਤਵਾਰ ਸ਼ਾਮ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਪੁਲਿਸ ਨੇ ਕੁੱਟਮਾਰ ਦੀ ਸ਼ਿਕਾਰ ਹੋਈ ਜੇਐਨਯੂ ਵਿਦਿਆਰਥੀ ਕਾਉਂਸਲ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ ੯ ਵਿਦਿਆਰਥੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਹਿੰਸਾ ਪਿੱਛੇ ਮੁੱਖ ਤੌਰ 'ਤੇ ਖੱਬੇਪੱਖੀ ਜਥੇਬੰਦੀਆਂ ਨਾਲ ਸਬੰਧਿਤ ਵਿਦਆਰਥੀਆਂ ਦਾ ਹੱਥ ਸੀ। ਜਦਕਿ ਪੁਲਿਸ ਦੇ ਇਸ ਦਾਅਵੇ ਦੇ ਬਿਲਕੁਲ ਉਲਟ ਇੰਡੀਆ ਟੂਡੇ ਅਦਾਰੇ ਵੱਲੋਂ ਇੱਕ ਪੜਤਾਲੀਆ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਫਰੈਂਚ ਵਿਭਾਗ ਦਾ ਇੱਕ ਵਿਦਿਆਰਥੀ ਅਕਸ਼ਤ ਅਵਸਥੀ ਖੁਦ ਮੰਨ ਰਿਹਾ ਹੈ ਕਿ ਉਹ ਏਬੀਵੀਪੀ ਦਾ ਕਾਰਕੁੰਨ ਹੈ ਅਤੇ ਉਸਨੇ ਹੀ ਕੁੱਟਮਾਰ ਕਰਨ ਵਾਲੇ ਗੁੰਡਿਆਂ ਨੂੰ ਇਕੱਤਰ ਕੀਤਾ ਸੀ। ਇਸ ਭੀੜ ਵਿੱਚ ਯੂਨੀਵਰਸਿਟੀ ਦੇ ਅੰਦਰੋਂ ਅਤੇ ਬਾਹਰੋਂ ਲੋਕ ਸ਼ਾਮਲ ਸਨ। 
ਇੰਡੀਆ ਟੂਡੇ ਦੇ ਖੂਫੀਆ ਪੱਤਰਕਾਰ ਨੂੰੰ ਜਦੋਂ ਅਵਸਥੀ ਕੁੱਟਮਾਰ ਕਰਦੇ ਦੀ ਅਪਾਣੀ ਵੀਡੀਓ ਵਖਾ ਰਿਹਾ ਸੀ ਤਾਂ ਪੱਤਰਕਾਰ ਵੱਲੋਂ ਉਸਨੂੰ ਪੁੱਛਿਆ ਗਿਆ ਕਿ ਇਹ ਤੁਹਾਡੇ ਹੱਥ ਵਿਚ ਕੀ ਹੈ ਤਾਂ ਉਸਨੇ ਕਿਹਾ ਕਿ ਇਹ ਡੰਡਾ ਉਸਨੇ ਪੇਰੀਅਰ ਹੋਸਟਲ ਨੇੜੇ ਲੱਗੇ ਝੰਡੇ ਵਿਚੋਂ ਕੱਢਿਆ ਸੀ। 


ਅਕਸ਼ਤ ਅਵਸਥੀ

ਪੱਤਰਕਾਰ ਉਸਨੂੰ ਪੁੱਛਦਾ ਹੈ, "ਤੁਸੀਂ ਕਿਸੇ ਨੂੰ ਮਾਰਿਆ ਵੀ?"

ਅਵਸਥੀ ਕਹਿੰਦਾ ਹੈ ਕਿ ਉਹ ਕਾਨਪੁਰ ਨਾਲ ਸਬੰਧਿਤ ਹੈ ਜਿੱਥੇ ਹਰ ਗਲੀ ਵਿੱਚ ਗੁੰਡੇ ਰਹਿੰਦੇ ਹਨ।

ਅਵਸਥੀ ਨੇ ਇਸ ਹਿੰਸਾ 'ਚ ਸ਼ਾਮਲ ਏਬੀਵੀਪੀ ਦੇ ਹੋਰ ਆਗੂਆਂ ਦੇ ਨਾਂ ਵੀ ਇਸ ਵੀਡੀਓ 'ਚ ਲਏ ਹਨ। ਅਵਸਥੀ ਇਹ ਵੀ ਕਹਿੰਦਾ ਹੈ ਕਿ ਮੌਕੇ 'ਤੇ ਮੋਜੂਦ ਪੁਲਿਸ ਅਫਸਰ ਨੇ ਵੀ ਉਹਨਾਂ ਨੂੰ ਕੁੱਟਮਾਰ ਕਰਨ ਲਈ ਉਤਸ਼ਾਹਿਤ ਕੀਤਾ। ਪਰ ਪੁਲਿਸ ਵੱਲੋਂ ਆਪਣੀ ਜਾਂਚ ਵਿੱਚ ਇਸ ਹਿੰਸਾ ਦਾ ਸਾਰਾ ਦੋਸ਼ ਖੱਬੇਪੱਖੀ ਜਥੇਬੰਦੀਆਂ 'ਤੇ ਮੜ੍ਹ ਦਿੱਤਾ ਗਿਆ ਹੈ। 

ਵਿਦਿਆਰਥੀ ਕੋਂਸਲ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਕਿਹਾ ਹੈ ਕਿ ਉਸ ਕੋਲ ਸਬੂਤ ਹਨ ਜਿਹਨਾਂ ਨਾਲ ਉਸਦੀ ਬੇਗੁਨਾਹੀ ਸਾਬਤ ਹੁੰਦੀ ਹੈ। ਉਸਦਾ ਕਹਿਣਾ ਹੈ ਕਿ ਉਸਨੂੰ ਦੇਸ਼ ਦੇ ਕਾਨੂੰਨ ਵਿੱਚ ਪੂਰਾ ਭਰੋਸਾ ਹੈ ਕਿ ਉਸਨੂੰ ਇਨਸਾਫ ਮਿਲੇਗਾ। ਉਸਨੇ ਨਾਲ ਹੀ ਦਿੱਲੀ ਪੁਲਿਸ 'ਤੇ ਪੱਖਪਾਤੀ ਹੋਣ ਦਾ ਵੀ ਦੋਸ਼ ਲਾਇਆ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।