ਰਾਜਸਥਾਨ ਨਹਿਰ 'ਚ ਮਿਲੀ ਲਾਸ਼ ਦੀ ਸ਼ਨਾਖਤ ਨਹੀਂ ਕਰ ਸਕਿਆ ਜਸਪਾਲ ਸਿੰਘ ਦਾ ਪਰਿਵਾਰ

ਰਾਜਸਥਾਨ ਨਹਿਰ 'ਚ ਮਿਲੀ ਲਾਸ਼ ਦੀ ਸ਼ਨਾਖਤ ਨਹੀਂ ਕਰ ਸਕਿਆ ਜਸਪਾਲ ਸਿੰਘ ਦਾ ਪਰਿਵਾਰ
ਜਸਪਾਲ ਸਿੰਘ

ਹਨੂੰਮਾਨਗੜ੍ਹ: ਫਰੀਦਕੋਟ ਪੁਲਿਸ ਦੇ ਸੀਆਈਏ ਕੇਂਦਰ ਵਿੱਚ ਹਿਰਾਸਤ ਦੌਰਾਨ ਮੌਤ ਮਗਰੋਂ ਖੁਰਦ ਬੁਰਦ ਕੀਤੇ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਲੈਣ ਲਈ ਜਿੱਥੇ ਉਸਦਾ ਪਰਿਵਾਰ ਲੋਕਾਂ ਨਾਲ ਬੀਤੇ 10 ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਐੱਸਐੱਸਪੀ ਦਫਤਰ ਬਾਹਰ ਧਰਨੇ 'ਤੇ ਬੈਠੇ ਹਨ ਉੱਥੇ ਬੀਤੇ ਕੱਲ੍ਹ ਪੁਲੀਸ ਨੇ ਪੰਜਾਬ ਤੇ ਰਾਜਸਥਾਨ ਦੀ ਹੱਦ 'ਤੇ ਰਾਜਸਥਾਨ ਫੀਡਰ ਨਹਿਰ ਵਿੱਚੋਂ ਜਸਪਾਲ ਦੀ ਲਾਸ਼ ਮਿਲਣ ਦਾ ਦਾਅਵਾ ਕੀਤਾ ਸੀ, ਪਰ ਇਸ ਦਾਅਵੇ ਦੇ ਪੁਖਤਾ ਹੋਣ 'ਤੇ ਸਵਾਲ ਖੜੇ ਹੋ ਗਏ ਹਨ।

23 ਮਈ ਤੋਂ ਲਾਸ਼ ਦੀ ਭਾਲ ਵਿੱਚ ਲੱਗੀ ਪੁਲੀਸ ਨੇ ਦੇਰ ਸ਼ਾਮ ਦਾਅਵਾ ਕੀਤਾ ਸੀ ਕਿ ਰਾਜਸਥਾਨ ਫੀਡਰ ਦੀ ਤਲਾਸ਼ੀ ਦੌਰਾਨ ਪਿੰਡ ਮਸੀਤਾਂ ਨੇੜੇ ਹਨੂੰਮਾਨਗੜ੍ਹ ਕੋਲੋਂ ਇੱਕ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਤੇ ਕਿਹਾ ਗਿਆ ਸੀ ਕਿ ਮੁੱਢਲੀ ਸ਼ਨਾਖਤ ਤੋਂ ਇਹ ਲਾਸ਼ ਜਸਪਾਲ ਸਿੰਘ ਦੀ ਲੱਗਦੀ ਹੈ। ਪਰ ਸ਼ਨਾਖਤ ਕਰਨ ਗਏ ਜਸਪਾਲ ਦੇ ਪਰਿਵਾਰ ਨੇ ਕਿਹਾ ਹੈ ਕਿ ਉਹਨਾਂ ਨੂੰ ਇਹ ਲਾਸ਼ ਜਸਪਾਲ ਸਿੰਘ ਦੀ ਨਹੀਂ ਲੱਗਦੀ ਕਿਉਂਕਿ ਲਾਸ਼ ਬਿਲਕੁੱਲ ਸੜ ਚੁੱਕੀ ਹੈ ਤੇ ਉਸਦਾ ਸਿਰ ਵੱਡਾ ਹੈ ਜੋ ਜਸਪਾਲ ਦਾ ਨਹੀਂ ਲੱਗ ਰਿਹਾ।

ਪਰਿਵਾਰ ਵੱਲੋਂ ਸ਼ਨਾਖਤ ਨਾ ਕੀਤੇ ਜਾਣ ਦੀ ਸੂਰਤ ਵਿੱਚ ਹੁਣ ਲਾਸ਼ ਦਾ ਡੀਐੱਨਏ ਟੈਸਟ ਕੀਤੇ ਜਾਣ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਇਹ ਲਾਸ਼ ਜਸਪਾਲ ਸਿੰਘ ਦੀ ਹੈ ਜਾ ਕਿਸੇ ਹੋਰ ਦੀ।

ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਅਤੇ ਮੁਕਤਸਰ ਦੇ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇੱਕ ਲਾਸ਼ ਮਿਲੀ ਹੈ ਜੋ ਮੁੱਢਲੇ ਰੂਪ ਵਿੱਚ ਜਸਪਾਲ ਸਿੰਘ ਦੀ ਹੀ ਜਾਪਦੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ