ਸਿੱਖ ਕਤਲੇਆਮ ਮਾਮਲੇ 'ਚ ਟਾਈਟਲਰ ਵਲੋਂ ਵਕੀਲ ਪੇਸ਼ ਨਾ ਹੋਣ ਕਰਕੇ ਅਦਾਲਤੀ ਸੁਣਵਾਈ 12 ਨਵੰਬਰ ਨੂੰ ਹੋਵੇਗੀ 

ਸਿੱਖ ਕਤਲੇਆਮ ਮਾਮਲੇ 'ਚ ਟਾਈਟਲਰ ਵਲੋਂ ਵਕੀਲ ਪੇਸ਼ ਨਾ ਹੋਣ ਕਰਕੇ ਅਦਾਲਤੀ ਸੁਣਵਾਈ 12 ਨਵੰਬਰ ਨੂੰ ਹੋਵੇਗੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 5 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਦਿੱਲੀ ਦੇ ਪੁਲਬੰਗਸ਼ ਗੁਰਦੁਆਰਾ ਹਿੰਸਾ ਮਾਮਲੇ ਵਿੱਚ ਜਗਦੀਸ਼ ਟਾਈਟਲਰ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਹੋਏ ਅਤੇ ਨਾਲ ਹੀ ਇਸ ਮਾਮਲੇ ਦੀ ਸ਼ਿਕਾਇਤਕਰਤਾ ਲਖਵਿੰਦਰ ਕੌਰ ਵੀ ਬੀਬੀ ਨਿਰਪ੍ਰੀਤ ਕੌਰ ਦੇ ਨਾਲ ਅਦਾਲਤ ਅੰਦਰ ਪੇਸ਼ ਹੋਈ ਪਰ ਸ਼ਿਕਾਇਤਕਰਤਾ ਲਖਵਿੰਦਰ ਕੌਰ ਦੀ ਜਿਰ੍ਹਾ ਨਹੀਂ ਹੋ ਸਕੀ।
ਅਦਾਲਤ ਅੰਦਰ ਹੋਣ ਵਾਲੀ ਸੁਣਵਾਈ ਦੌਰਾਨ ਟਾਈਟਲਰ ਵੱਲੋਂ ਵਕੀਲ ਬਿਮਾਰ ਹੋਣ ਕਰਕੇ ਪੇਸ਼ ਨਹੀਂ ਹੋ ਸਕੇ ਜਿਸ ਕਰਕੇ ਅਦਾਲਤ ਵਲੋਂ ਮਾਮਲੇ ਦੀ ਅਗਲੀ ਸੁਣਵਾਈ 12 ਨਵੰਬਰ ਨੂੰ ਕਰਣ ਦੇ ਆਦੇਸ਼ ਦਿੱਤੇ ਗਏ।  ਜਿਕਰਯੋਗ ਹੈ ਕਿ ਸ਼ਿਕਾਇਤਕਰਤਾ ਲਖਵਿੰਦਰ ਕੌਰ ਨੇ ਇਸ ਮਾਮਲੇ ਵਿੱਚ 3 ਅਕਤੂਬਰ ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ। ਲਖਵਿੰਦਰ ਕੌਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਪੁਲਬੰਗਸ਼ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸੁਰਿੰਦਰ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਪਤੀ ਬਾਦਲ ਸਿੰਘ ਦਾ ਗੁਰਦੁਆਰਾ ਪੁਲਬੰਗਸ਼ ਨੇੜੇ ਭੀੜ ਨੇ ਕਤਲ ਕਰ ਦਿੱਤਾ ਹੈ ਜਿਸ ਦੀ ਅਗਵਾਈ ਜਗਦੀਸ਼ ਟਾਈਟਲਰ ਕਰ ਰਿਹਾ ਸੀ ।
ਅਦਾਲਤ ਨੇ 30 ਅਗਸਤ ਨੂੰ ਟਾਈਟਲਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 147, 149, 153ਏ, 188, 109, 295, 380, 302 ਤਹਿਤ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਸੀ। ਜਗਦੀਸ਼ ਟਾਈਟਲਰ ਨੇ 13 ਸਤੰਬਰ ਨੂੰ ਰੌਜ਼ ਐਵੇਨਿਊ ਅਦਾਲਤ 'ਚ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਟਾਈਟਲਰ ਨੇ ਰਾਉਸ ਐਵੇਨਿਊ ਦੀ ਤਰਫੋਂ ਦੋਸ਼ ਤੈਅ ਕਰਨ ਦੇ ਹੁਕਮ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ, ਜੋ ਅਜੇ ਵਿਚਾਰ ਅਧੀਨ ਹੈ। 
ਇਥੇ ਦਸਣਯੋਗ ਹੈ ਕਿ ਟਾਈਟਲਰ ਵਲੋਂ ਆਪਣਾ ਵਕੀਲ ਬਦਲ ਕੇ ਸਿੱਖ ਕਤਲੇਆਮ ਵਿਚ ਨਾਮਜਦ ਅਤੇ ਜੇਲ੍ਹ ਅੰਦਰ ਬੰਦ ਸੱਜਣ ਕੁਮਾਰ ਦਾ ਵਕੀਲ ਅਨਿਲ ਸ਼ਰਮਾ ਕੀਤਾ ਗਿਆ ਹੈ ਜਿਸ ਨਾਲ ਇਹ ਕਿਹਾ ਜਾ ਰਿਹਾ ਹੈ ਕਾਂਗਰਸ ਪਾਰਟੀ ਇੰਨ੍ਹਾ ਨਾਮਜਦ ਦੋਸ਼ੀਆਂ ਨੂੰ ਮਦਦ ਕਰ ਰਹੀ ਹੈ।  ਅਦਾਲਤ ਅੰਦਰ ਲਖਵਿੰਦਰ ਕੌਰ ਦੇ ਨਾਲ ਬੀਬੀ ਨਿਰਪ੍ਰੀਤ ਕੌਰ ਅਤੇ ਵਕੀਲ ਐਚ ਐਸ ਫੂਲਕਾ ਪੇਸ਼ ਹੋਏ ਸਨ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 12 ਨਵੰਬਰ ਨੂੰ ਹੋਵੇਗੀ।