ਯੂਕਰੇਨ ਨੇ ਪੂਰਬੀ ਖੇਤਰ ਵਿਚ ਰੂਸ ’ਤੇ ਕੀਤੇ ਜਵਾਬੀ ਹੱਲੇ

ਯੂਕਰੇਨ ਨੇ ਪੂਰਬੀ ਖੇਤਰ ਵਿਚ ਰੂਸ ’ਤੇ ਕੀਤੇ ਜਵਾਬੀ ਹੱਲੇ

ਮਾਮਲਾ ਯੂਕਰੇਨ ਰੂਸ ਜੰਗ ਦਾ

ਡੋਨਬਾਸ ਖੇਤਰ ਵਿਚ ਰੂਸ ਦੀ ਮੁਹਿੰਮ ਨੂੰ ਝਟਕਾ; ਹਸਪਤਾਲ ’ਤੇ ਹਮਲੇ ਵਿਚ ਦੋ ਮੌਤਾਂ

ਅੰਮ੍ਰਿਤਸਰ ਟਾਈਮਜ਼

ਕੀਵ: ਯੂਕਰੇਨ ਨੇ  ਜੰਗ ਦੇ ਪੂਰਬੀ ਮੋਰਚੇ ’ਤੇ ਰੂਸ ’ਤੇ ਮੋੜਵਾਂ ਹੱਲਾ ਬੋਲਿਆ ਹੈ। ਯੂਕਰੇਨ ਮੁਤਾਬਕ ਖਾਰਕੀਵ ਨੇੜੇ ਲੜਾਈ ਉਨ੍ਹਾਂ ਵੱਲੋਂ ਕੀਤਾ ਮੋੜਵਾਂ ਹਮਲਾ ਹੈ। ਕੁਝ ਪੱਛਮੀ ਫ਼ੌਜੀ ਏਜੰਸੀਆਂ ਦਾ ਕਹਿਣਾ ਹੈ ਕਿ ਮਾਸਕੋ ਨੇ ਡੋਨਬਾਸ ਖੇਤਰ ਵਿਚ ਆਪਣਾ ਹਮਲਾ ਰੋਕ ਦਿੱਤਾ ਹੈ। ਮੁਲਕ ਦੇ ਦੱਖਣ ਵਿਚ ਖੇਰਸਨ ਇਲਾਕੇ ਵਿਚ ਵੀ ਜ਼ੋਰਦਾਰ ਜੰਗ ਹੋ ਰਹੀ ਹੈ। ਰੂਸੀ ਮਿਜ਼ਾਈਲਾਂ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਨਾਟੋ ਦੇ ਸਕੱਤਰ-ਜਨਰਲ ਜੇਨਸ ਸਟੋਲਟਨਬਰਗ ਨੇ ਕਿਹਾ ਕਿ ਰੂਸ ਦਾ ਹਮਲਾ ਡੋਨਬਾਸ ਵਿਚ ਰੁਕ ਗਿਆ ਹੈ ਤੇ ਯੂਕਰੇਨ ਜੰਗ ਜਿੱਤ ਸਕਦਾ ਹੈ। ਜੰਗ ਵਿਚ ਹੁਣ ਤੱਕ ਰੂਸ ਦਾ ਕਾਫ਼ੀ ਨੁਕਸਾਨ ਹੋਇਆ ਹੈ ਤੇ ਵੱਡੀ ਗਿਣਤੀ ਸੈਨਿਕ ਮਾਰੇ ਗਏ ਹਨ। ਯੂਕਰੇਨ ਦੇ ਇਕ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਪੂਰਬ ਦੇ ਲੁਹਾਂਸਕ ਖਿੱਤੇ ਵਿਚ ਰਾਤ ਵੇਲੇ ਹੋਏ ਹਮਲਿਆਂ ਵਿਚ ਇਕ ਹਸਪਤਾਲ ਘਿਰ ਗਿਆ ਤੇ ਦੋ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਨੌਂ ਜਣੇ ਫੱਟੜ ਹੋ ਗਏ। ਹਮਲਿਆਂ ਵਿਚ ਦੋ ਹੋਰ ਕਸਬੇ ਵੀ ਨਿਸ਼ਾਨਾ ਬਣੇ ਹਨ।  ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਰੱਖਿਆ ਬਲਾਂ ਦੇ ਮੁਖੀ ਨੂੰ ਵੀ ਬਦਲ ਦਿੱਤਾ ਹੈ। ਜ਼ਿਕਰਯੋਗ ਹੈ ਕਿ ‘ਨਾਟੋ’ ਦਾ ਵਿਸਤਾਰ ਰੋਕਣ ਵਿਚ ਵੀ ਰੂਸ ਨੂੰ ਝਟਕੇ ਲੱਗ ਰਹੇ ਹਨ। ਫਿਨਲੈਂਡ ਨੇ ਕਿਹਾ ਸੀ ਕਿ ਇਸ ਫ਼ੌਜੀ ਗੱਠਜੋੜ ਵਿਚ ਸ਼ਾਮਲ ਹੋਣ ਲਈ ਉਹ ਕਾਰਵਾਈ ਸ਼ੁਰੂ ਕਰ ਰਿਹਾ ਹੈ। ਸਵੀਡਨ ਦੀ ਸੱਤਾਧਾਰੀ ਧਿਰ ਵੀ ਨਾਟੋ ਦਾ ਹਿੱਸਾ ਬਣਨ ਦੀ ਇਛੁੱਕ ਹੈ। ਇਨ੍ਹਾਂ ਮੁਲਕ ਨੇ ਪਹਿਲਾਂ ਦਹਾਕਿਆਂ ਬੱਧੀ ਅਜਿਹੇ ਧੜਿਆਂ ਤੋਂ ਦੂਰੀ ਬਣਾਈ ਰੱਖੀ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਨੂੰ ਫਰਵਰੀ ਤੋਂ ਲੈ ਕੇ ਹੁਣ ਤੱਕ ਕਾਫ਼ੀ ਸਫ਼ਲਤਾ ਮਿਲੀ ਹੈ। ਬਰਤਾਨੀਆ ਦੀ ਫ਼ੌਜੀ ਇਟੈਲੀਜੈਂਸ ਦਾ ਕਹਿਣਾ ਹੈ  ਕਿ ਰੂਸ ਫਰਵਰੀ ਤੋਂ ਤਾਇਨਾਤ   ਆਪਣੀ ਥਲ ਸੈਨਾ ਦਾ ਕਰੀਬ ਤੀਜਾ ਹਿੱਸਾ ਗੁਆ ਚੁੱਕਾ ਹੈ।