ਅਫਗਾਨਿਸਤਾਨ ’ਚ ਤਾਲਿਬਾਨ ਨੇ ਕੀਤਾ ਅੰਤਰਿਮ ਸਰਕਾਰ ਦਾ ਐਲਾਨ, ਮੁੱਲਾ ਹਸਨ ਅਖੁੰਦ ਹੋਣਗੇ ਪੀਐੱਮ

ਅਫਗਾਨਿਸਤਾਨ ’ਚ ਤਾਲਿਬਾਨ ਨੇ ਕੀਤਾ ਅੰਤਰਿਮ ਸਰਕਾਰ ਦਾ ਐਲਾਨ, ਮੁੱਲਾ ਹਸਨ ਅਖੁੰਦ ਹੋਣਗੇ ਪੀਐੱਮ

*33 ਮੰਤਰੀਆਂ ਦੀ ਕੈਬਨਿਟ  ਵਿਚ ਕੋਈ ਬੀਬੀ ਨਹੀਂ ਹੋਵੇਗੀ

*ਸੰਯੁਕਤ ਰਾਸ਼ਟਰ ਦੁਆਰਾ  ਦੀ ਅੱਤਵਾਦੀ ਸੂਚੀ 'ਚ ਸ਼ਾਮਲ ਹਨ ਤਾਲਿਬਾਨ ਸਰਕਾਰ ਦੇ ਸਾਰੇ ਟਾਪ ਦੇ ਮੰਤਰੀਆਂ ਦੇ ਨਾਂ

ਅੰਮ੍ਰਿਤਸਰ ਟਾਈਮਜ਼ ਬਿਉਰੋ

ਕਾਬੁਲ : 15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕਰਨ ਦੇ 20 ਦਿਨਾਂ ਬਾਅਦ ਤਾਲਿਬਾਨ ਨੇ ਅੰਤਰਿਮ ਸਰਕਾਰ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਇਸ ਦਰਮਿਆਨ ਵੱਡਾ ਬਦਲਾਅ ਇਹ ਹੋਇਆ ਹੈ ਕਿ ਪਹਿਲੇ ਖ਼ਬਰ ਸੀ ਕਿ ਮੁੱਲਾ ਬਰਾਦਰ ਤਾਲਿਬਾਨ ਦੀ ਸਰਕਾਰ ਦਾ ਚਿਹਰਾ ਹੋਣਗੇ, ਪਰ ਹੁਣ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਅਫਗਾਨਿਸਤਾਨ ਦੀ ਕਮਾਨ ਮਿਲੀ ਹੈ। ਰਿਪੋਰਟਰਸ ਮੁਤਾਬਕ, ਉਨ੍ਹਾਂ ਨੂੰ ਪੀਐੱਮ ਬਣਾਇਆ ਗਿਆ ਹੈ। 33 ਮੰਤਰੀਆਂ ਦੀ ਕੈਬਨਿਟ ਹੋਵੇਗੀ, ਜਿਸ ਵਿਚ ਕੋਈ ਬੀਬੀ ਨਹੀਂ ਹੋਵੇਗੀ। ਮੁੱਲਾ ਬਰਾਦਰ ਨੂੰ ਹਸਨ ਅਖੁੰਦ ਦੇ ਡਿਪਟੀ ਪੀਐੱਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉੱਥੇ ਹੱਕਾਨੀ ਨੈੱਟਵਰਕ ਦੇ ਸਿਰਾਜ ਹੱਕਾਨੀ ਨੂੰ ਵੀ ਅੰਦਰੂਨੀ ਮੰਤਰਾਲਾ ਦਿੱਤਾ ਗਿੇਆ ਹੈ। ਮੁੱਲਾ ਯਾਕੂਬ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਖੈਰਉੱਲਾਹ ਖੈਰਖਵਾ ਨੂੰ ਸੂਚਨਾ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਅਬਦੁਲ ਹਕੀਮ ਨੂੰ ਨਿਆਂ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ। ਸ਼ੇਰ ਅੱਬਾਸ ਸਟਾਨਿਕਜਈ ਨੂੰ ਡਿਪਟੀ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਉੱਥੇ ਜਬਿਉੱਲਾਹ ਮੁਜਾਹਿਦ ਨੂੰ ਸੂਚਨਾ ਮੰਤਰਾਲੇ ਵਿਚ ਡਿਪਟੀ ਮੰਤਰੀ ਦੀ ਕਮਾਨ ਦਿੱਤੀ ਗਈ ਹੈ। ਇਥੇ ਜਿਕਰਯੋਗ ਹੈ ਕਿ  ਦੁਨੀਆ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਉਨ੍ਹਾਂ ਦੇਸ਼ਾਂ ਦੇ ਪ੍ਰਤੀਨਿਧ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਦੁਆਰਾ ਹਿੰਸਾ ਫੈਲਾਉਣ ਦੇ ਲਈ ਤਾਲਿਬਾਨ ਦੇ ਮੈਂਬਰਾਂ 'ਤੇ ਪਾਬੰਦੀ ਲਗਾਈ ਹੈ, ਹੁਣ ਉਨ੍ਹਾਂ ਜਿਹਾਦੀਆਂ ਦੇ ਨਾਲ ਵਿਰੋਧੀ ਦੇ ਤੌਰ 'ਤੇ ਗੱਲ ਕਰਨਗੇ।ਤਾਲਿਬਾਨ ਦੁਆਰਾ ਘੋਸ਼ਿਤ ਕੀਤੀ ਗਈ ਅੰਤਰਿਮ ਸਰਕਾਰ ਵਿੱਚ, ਪੀਐਮ ਅਖੁੰਦ, ਦੋਵੇਂ ਉਪ ਪ੍ਰਧਾਨ ਮੰਤਰੀ ਮੁੱਲਾ ਬਰਾਦਰ ਅਤੇ ਅਬਦੁਲ ਸਲਾਮ ਹਨਫੀ, ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ, ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਸੰਯੁਕਤ ਰਾਸ਼ਟਰ ਦੇ ਪਾਬੰਦੀਸ਼ੁਦਾ ਅੱਤਵਾਦੀ ਹਨ। ਸਿਰਾਜੁਦੀਨ ਹੱਕਾਨੀ ਬਾਰੇ ਜਾਣਕਾਰੀ ਦੇਣ ਲਈ ਅਮਰੀਕੀ ਸਰਕਾਰ ਵੱਲੋਂ ਇਨਾਮ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਤਾਲਿਬਾਨ ਸਰਕਾਰ ਵਿੱਚ ਬਹੁਤ ਸਾਰੇ ਅੱਤਵਾਦੀਆਂ ਦੀ ਸ਼ਮੂਲੀਅਤ ਕਾਰਨ ਅੱਤਵਾਦ ਵਿਰੁੱਧ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਚਲਾਈ ਗਈ ਮੁਹਿੰਮ ਬਾਰੇ ਵੀ ਗੰਭੀਰ ਪ੍ਰਸ਼ਨ ਉੱਠੇ ਹਨ।

ਉਨ੍ਹਾਂ ਸਾਰਿਆਂ ਨੂੰ ਜਿਹਾਦੀ ਘੋਸ਼ਿਤ ਕਰਨ ਵਿੱਚ ਅਮਰੀਕਾ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ, ਪਰ ਬਹੁਤ ਜਲਦੀ ਹੀ ਅਮਰੀਕੀ ਵਿਦੇਸ਼ ਮੰਤਰੀ ਨੂੰ ਉਨ੍ਹਾਂ ਦੀ ਆਪਣੀ ਸਰਕਾਰ ਦੁਆਰਾ ਘੋਸ਼ਿਤ ਕੀਤੇ ਗਏ ਜਿਹਾਦੀਆਂ ਨਾਲ ਗੱਲ ਕਰਦੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਤਾਲਿਬਾਨ ਨੇਤਾਵਾਂ 'ਤੇ ਅਮਰੀਕੀ ਸਰਕਾਰ ਨੇ ਆਪਣੀ ਵੱਲੋਂ ਇੱਕ ਵੱਖਰਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸਪੱਸ਼ਟ ਹੈ ਕਿ ਅਮਰੀਕਾ ਨੂੰ ਇਸ ਵਿੱਚ ਰਿਆਇਤਾਂ ਦੇਣੀਆਂ ਪੈਣਗੀਆਂ। ਇੰਨਾ ਹੀ ਨਹੀਂ, ਉਹ ਦੋਵੇਂ ਹੁਣ ਸੰਯੁਕਤ ਰਾਸ਼ਟਰ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰ ਸਕਦੇ ਹਨ ਜਿਸ ਨੇ ਅਖੁੰਦ ਅਤੇ ਮੁਤਕੀ ਨੂੰ ਅੰਤਰਰਾਸ਼ਟਰੀ ਜਿਹਾਦੀ ਐਲਾਨਣ ਵਾਲਾ ਮਤਾ ਪਾਸ ਕੀਤਾ ਸੀ। ਪਾਕਿਸਤਾਨ ਇਸ ਬਦਲਾਅ ਨੂੰ ਆਪਣੇ ਤਰੀਕੇ ਨਾਲ ਵੀ ਵਰਤ ਸਕਦਾ ਹੈ। ਇਸ ਸਮੇਂ ਲਸ਼ਕਰ ਮੁਖੀ ਹਾਫਿਜ਼ ਸਈਦ ਅਤੇ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਵੀ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ। ਪਾਕਿਸਤਾਨ 'ਚ ਉਨ੍ਹਾਂ 'ਤੇ ਕੋਈ ਖਾਸ ਕੰਟਰੋਲ ਨਹੀਂ ਹੈ ਅਤੇ ਉਹ ਖੁੱਲ੍ਹੇਆਮ ਭਾਰਤ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ। ਜੇ ਪਾਬੰਦੀਸ਼ੁਦਾ ਤਾਲਿਬਾਨ ਅੱਤਵਾਦੀਆਂ ਨੂੰ ਅੰਤਰਰਾਸ਼ਟਰੀ ਮਾਨਤਾ ਮਿਲ ਜਾਂਦੀ ਹੈ, ਤਾਂ ਪਾਕਿਸਤਾਨ ਇਸ ਵਿੱਚ ਰਹਿਣ ਵਾਲੇ ਹੋਰ ਪਾਬੰਦੀਸ਼ੁਦਾ ਅੱਤਵਾਦੀਆਂ ਦੇ ਬਾਰੇ ਵਧੇਰੇ ਸਖ਼ਤ ਹੋ ਸਕਦਾ ਹੈ।

ਪਾਬੰਦੀਸ਼ੁਦਾ ਤਾਲਿਬਾਨੀਆਂ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ 21 ਨੂੰ ਹੋਵੇਗੀ

ਤਾਲਿਬਾਨ ਸਰਕਾਰ ਵਿੱਚ ਸ਼ਾਮਲ ਪਾਬੰਦੀਸ਼ੁਦਾ ਜਿਹਾਦੀਆਂ ਦੇ ਭਵਿੱਖ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਦੀ ਇੱਕ ਮਹੱਤਵਪੂਰਨ ਮੀਟਿੰਗ ਇਸ ਮਹੀਨੇ ਦੀ 21 ਤਰੀਕ ਨੂੰ ਹੋਣ ਜਾ ਰਹੀ ਹੈ। ਜਦੋਂ ਤੋਂ ਅਮਰੀਕਾ ਨੇ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਸ਼ੁਰੂ ਕੀਤੀ ਹੈ, ਇਨ੍ਹਾਂ ਵਿੱਚੋਂ ਕਈ ਤਾਲਿਬਾਨ ਨੇਤਾਵਾਂ ਨੂੰ ਸਮੇਂ-ਸਮੇਂ 'ਤੇ ਉਨ੍ਹਾਂ ਦੀਆਂ ਯਾਤਰਾ ਪਾਬੰਦੀਆਂ 'ਤੇ ਛੋਟ ਦਿੱਤੀ ਗਈ ਹੈ। ਇਹ ਛੋਟ ਇਸ ਲਈ ਦਿੱਤੀ ਗਈ ਸੀ ਤਾਂ ਜੋ ਦੋਹਾ ਅਤੇ ਹੋਰ ਦੇਸ਼ਾਂ ਵਿੱਚ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਸਕੇ। 21 ਸਤੰਬਰ ਦੀ ਮੀਟਿੰਗ ਵਿੱਚ, ਸਿਰਫ਼ ਇਸ ਬਾਰੇ ਫੈਸਲਾ ਲਿਆ ਜਾਣਾ ਹੈ ਕਿ ਉਨ੍ਹਾਂ ਨੂੰ ਯਾਤਰਾ ਵਿੱਚ ਜਾਰੀ ਕੀਤੀ ਗਈ ਛੋਟ ਵਿੱਚ ਵਾਧਾ ਕਰਨਾ ਹੈ ਜਾਂ ਨਹੀਂ। ਭਾਰਤ ਅਤੇ ਅਮਰੀਕਾ ਇਸ ਬਾਰੇ ਆਪਸ ਵਿੱਚ ਅਤੇ ਦੂਜੇ ਦੇਸ਼ਾਂ ਦੇ ਨਾਲ ਵੀ ਚਰਚਾ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਦੇਸ਼ ਤਾਲਿਬਾਨ ਸਰਕਾਰ ਦੇ ਰਵੱਈਏ ਦਾ ਅਧਿਐਨ ਕਰਨ ਤੋਂ ਬਾਅਦ ਹੀ ਦਿੱਤੀ ਗਈ ਛੋਟ ਨੂੰ ਵਧਾਉਣ ਦਾ ਫੈਸਲਾ ਕਰਨਗੇ।

 ਅੰਮ੍ਰਿਤਸਰ ਟਾਈਮਜ ਅਨੁਸਾਰ ਜੇਕਰ ਭਾਰਤ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਰੱਖਿਆ ਮੰਤਰੀ ਮੁਹੰਮਦ ਯਾਕੂਬ ਅਤੇ ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ ਦੋਵਾਂ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਯਾਕੂਬ ਅਤੇ ਹੱਕਾਨੀ ਦੋਵਾਂ ਨੂੰ ਸਖ਼ਤੀ ਨਾਲ ਭਾਰਤ ਵਿਰੋਧੀ ਮੰਨਿਆ ਜਾਂਦਾ ਹੈ। ਇਸ ਦੇ ਪਿੱਛੇ ਦਾ ਕਾਰਨ ਉਨ੍ਹਾਂ ਦੀ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਬਹੁਤ ਨੇੜਲਾ ਰਿਸ਼ਤਾ ਹੈ ਅਤੇ ਉਨ੍ਹਾਂ ਦੀ ਵਿਚਾਰਧਾਰਾ ਵੀ ਕੱਟੜ ਹੈ। ਉਹ ਦੋਵੇਂ ਅਫ਼ਗਾਨਿਸਤਾਨ ਦੇ ਪੱਕੇ ਵਕੀਲ ਹਨ ਜਿਨ੍ਹਾਂ ਵਿੱਚ ਨਾ ਤਾਂ ਔਰਤਾਂ ਅਤੇ ਨਾ ਹੀ ਘੱਟ ਗਿਣਤੀਆਂ ਦੀ ਕੋਈ ਭੂਮਿਕਾ ਹੈ। ਇਹੀ ਨਹੀਂ, ਯਾਕੂਬ ਦੇ ਜੈਸ਼ ਦੇ ਨੇਤਾ ਮਸੂਦ ਅਜ਼ਹਰ ਨਾਲ ਬਹੁਤ ਨੇੜਲੇ ਸੰਬੰਧ ਮੰਨੇ ਜਾਂਦੇ ਹਨ ਅਤੇ ਇਨ੍ਹਾਂ ਦੋਵਾਂ ਦੇ ਗਠਜੋੜ ਨੇ ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਵਿੱਚ ਭਾਰਤ ਦੇ ਮਿਸ਼ਨਾਂ 'ਤੇ ਕਈ ਜਿਹਾਦੀ ਹਮਲੇ ਕੀਤੇ ਸਨ।