ਅਮਰੀਕਾ ਵਿਚ ਧੋਖਾਧੜੀ ਦੇ ਮਾਮਲਿਆਂ 'ਚ ਭਾਰਤੀਆਂ ਨੇ ਨਾਮਣਾ ਖੱਟਿਆ

ਅਮਰੀਕਾ ਵਿਚ ਧੋਖਾਧੜੀ ਦੇ ਮਾਮਲਿਆਂ 'ਚ ਭਾਰਤੀਆਂ ਨੇ ਨਾਮਣਾ ਖੱਟਿਆ

ਵਾਸ਼ਿੰਗਟਨ: ਅਮਰੀਕੀ ਅਦਾਲਤ ਨੇ 31 ਸਾਲਾ ਭਾਰਤੀ ਨਾਗਰਿਕ ਨੂੰ ਪ੍ਰਮੁੱਖ ਕਾਲ ਸੈਂਟਰ ਘੁਟਾਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਅੱਠ ਸਾਲ ਨੌਂ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਭਾਰਤੀ ਨਾਗਰਿਕ ਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਉਹਦੇ ਹੋਰਨਾਂ ਭਾਈਵਾਲਾਂ ’ਤੇ ਟੈਕਸ ਅਧਿਕਾਰੀਆਂ ਦੇ ਨਾਂ ’ਤੇ ਅਮਰੀਕੀ ਨਾਗਰਿਕਾਂ ਨਾਲ ਠੱਗੀ ਮਾਰਨ ਦਾ ਦੋਸ਼ ਸੀ। ਫਲੋਰੀਡਾ ਦੀ ਅਦਾਲਤ ਨੇ ਨਿਸ਼ਿਤ ਕੁਮਾਰ ਪਟੇਲ ਨੂੰ ਇਸ ਸਾਲ 9 ਜਨਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਅਦਾਲਤ ਨੇ ਮੁਜਰਮ ਨੂੰ ਦੋ ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਅਦਾ ਕਰਨ ਲਈ ਵੀ ਕਿਹਾ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪਟੇਲ ਨੇ ਅਮਰੀਕਾ ਆਧਾਰਿਤ ਹੋਰਨਾਂ ਸਾਜ਼ਿਸ਼ਘਾੜਿਆਂ ਤੇ ਭਾਰਤ ਆਧਾਰਿਤ ਕਾਲ ਸੈਂਟਰਾਂ ਨਾਲ ਮਿਲ ਕੇ ਆਈਆਰਐਸ (ਇੰਟਰਨਲ ਰੈਵੇਨਿਊ ਸੇਵਾ) ਦੇ ਅਧਿਕਾਰੀਆਂ ਦੇ ਨਾਂ ’ਤੇ ਸਾਲ 2014 ਤੋਂ 2016 ਦੇ ਅਰਸੇ ਦੌਰਾਨ ਅਮਰੀਕੀ ਨਾਗਰਿਕਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਜਬਰੀ ਪੈਸੇ ਬਟੋਰੇ। ਆਈਆਰਐਸ ਅਮਰੀਕਾ ਦੀ ਸੰਘੀ ਸਰਕਾਰ ਦਾ ਅਹਿਮ ਵਿਭਾਗ ਹੈ।

ਐੱਚ-1ਬੀ ਵੀਜ਼ਾ ਧੋਖਾਧੜੀ ਦੇ ਦੋਸ਼ ’ਚ ਤਿੰਨ ਭਾਰਤੀ ਨਾਮਜ਼ਦ
ਵਾਸ਼ਿੰਗਟਨ: ਇਥੇ ਭਾਰਤੀ ਮੂਲ ਦੇ ਤਿੰਨ ਸਲਾਹਕਾਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੀਜ਼ਾ ਧੋਖਾਧੜੀ ਦੇ ਦੋਸ਼ ਆਇਦ ਕੀਤੇ ਗਏ ਹਨ। ਕਿਸ਼ੋਰ ਦੱਤਾਪੁਰਮ, ਕੁਮਾਰ ਅਸਵਾਪਤੀ ਤੇ ਸੰਤੋਸ਼ ਗਿਰੀ ’ਤੋ ਦੋਸ਼ ਹੈ ਕਿ ਉਨ੍ਹਾਂ ਅਜਿਹੀਆਂ ਨੌਕਰੀਆਂ ਲਈ ਐਚ-1ਬੀ ਅਰਜ਼ੀਆਂ ਇਕੱਤਰ ਕੀਤੀਆਂ, ਜਿਨ੍ਹਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ।  ਮੁਲਜ਼ਮਾਂ ਨੂੰ ਹਾਲ ਦੀ ਘੜੀ ਜ਼ਮਾਨਤ ਮਿਲ ਗਈ ਹੈ ਤੇ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। 

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਮੁਲਜ਼ਮ ਨੈਨੋਸੀਮੈਂਟਿਕਸਸ ਇੰਕ ਨਾਂ ਦੀ ਸਲਾਹਕਾਰ ਫਰਮ ਚਲਾਉਂਦੇ ਹਨ, ਜੋ ਹੋਰਨਾਂ ਕੰਪਨੀਆਂ ਨੂੰ ਕਾਮੇ ਮੁਹੱਈਆ ਕਰਵਾਉਂਦੀ ਹੈ। ਕੰਪਨੀ ਨੇ ਫਰਜ਼ੀ ਐੱਚ-1ਬੀ ਅਰਜ਼ੀਆਂ ਜਮ੍ਹਾਂ ਕਰਵਾਈਆਂ ਤਾਂ ਕਿ ਉਹ ਹੋਰਨਾਂ ਕਸਟਮਰਾਂ (ਕੰਪਨੀਆਂ) ਲਈ ਵਰਕਰਾਂ ਦੇ ਪੂਲ ਨੂੰ ਤਿਆਰ ਰੱਖ ਸਕੇ। ਐੱਚ-1ਬੀ ਵੀਜ਼ਾ ਪੇਸ਼ੇਵਰ ਜਾਂ ਉੱਚ ਯੋਗਤਾ ਵਾਲੇ ਪਰਵਾਸੀਆਂ ਨੂੰ ਦਿੱਤਾ ਜਾਂਦਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ