ਸਵਿਸ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਭਾਰਤ ਨੂੰ ਪ੍ਰਾਪਤ ਹੋਈ  ਚੌਥੀ ਸੂਚੀ

ਸਵਿਸ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਭਾਰਤ ਨੂੰ ਪ੍ਰਾਪਤ ਹੋਈ  ਚੌਥੀ ਸੂਚੀ

*ਟੈਕਸ ਚੋਰੀ, ਹਵਾਲਾ ਰਾਸ਼ੀ ਅਤੇ ਅੱਤਵਾਦ ਫੰਡਿੰਗ ਸਮੇਤ ਹੋਰਨਾਂ ਮਾਮਲਿਆਂ 'ਵਿਚ ਜਾਂਚ ਲਈ ਵਰਤੇ ਜਾਣਗੇ ਅੰਕੜੇ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-ਭਾਰਤ ਨੂੰ ਆਪਣੇ ਨਾਗਰਿਕਾਂ ਅਤੇ ਸੰਗਠਨਾਂ ਦੇ ਸਵਿਸ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਚੌਥੀ ਸੂਚੀ ਪ੍ਰਾਪਤ ਹੋ ਗਈ ਹੈ। ਭਾਰਤ ਨੂੰ ਇਹ ਜਾਣਕਾਰੀ ਸਾਲਾਨਾ ਆਟੋਮੈਟਿਕ ਸੂਚਨਾ ਵਟਾਂਦਰੇ ਦੇ ਤਹਿਤ ਮਿਲੀ ਹੈ। ਸਵਿਟਜ਼ਰਲੈਂਡ ਨੇ ਇਸ ਤਹਿਤ 101 ਦੇਸ਼ਾਂ ਦੇ ਲਗਭਗ 34 ਲੱਖ ਵਿੱਤੀ ਖਾਤਿਆਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਭਾਰਤ ਨਾਲ ਸਾਂਝੇ ਕੀਤੇ ਗਏ ਨਵੇਂ ਵੇਰਵੇ ਸੈਂਕੜੇ ਵਿੱਤੀ ਖਾਤਿਆਂ ਨਾਲ ਸੰਬੰਧਿਤ ਹਨ। ਇਨ੍ਹਾਂ 'ਵਿਚ ਵਿਅਕਤੀਆਂ, ਕਾਰਪੋਰੇਟਾਂ ਤੇ ਟਰੱਸਟਾਂ ਨਾਲ ਜੁੜੇ ਖਾਤਿਆਂ ਦੇ ਮਾਮਲੇ ਸ਼ਾਮਿਲ ਹਨ। ਇਨ੍ਹਾਂ ਅੰਕੜਿਆਂ ਦੀ ਵਰਤੋਂ ਟੈਕਸ ਚੋਰੀ, ਹਵਾਲਾ ਰਾਸ਼ੀ ਅਤੇ ਅੱਤਵਾਦ ਫੰਡਿੰਗ ਸਮੇਤ ਹੋਰਨਾਂ ਗਲਤ ਕੰਮਾਂ ਦੀ ਜਾਂਚ 'ਵਿਚ ਵੱਡੇ ਪੈਮਾਨੇ 'ਤੇ ਕੀਤੀ ਜਾਵੇਗੀ। ਹਾਲਾਂਕਿ ਅਧਿਕਾਰੀਆਂ ਨੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਦੀ ਭੇਦ ਰੱਖਣ ਦੀ ਸ਼ਰਤ ਅਤੇ ਅੱਗੇ ਦੀ ਜਾਂਚ 'ਤੇ ਪੈਣ ਵਾਲੇ ਪ੍ਰਭਾਵ ਦਾ ਹਵਾਲਾ ਦਿੰਦਿਆਂ ਹੋਇਆਂ ਵਧੇਰੇ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ। ਸੰਘੀ ਕਰ ਪ੍ਰਸ਼ਾਸਨ (ਐਫ. ਟੀ. ਏ.) ਨੇ ਆਪਣੇ ਬਿਆਨ 'ਵਿਚ ਕਿਹਾ ਕਿ ਇਸ ਸਾਲ ਸੂਚਨਾਵਾਂ ਦੇ ਆਦਾਨ-ਪ੍ਰਦਾਨ ਨਾਲ ਸੰਬੰਧਿਤ ਸੂਚੀ 'ਚ ਪੰਜ ਨਵੇਂ ਦੇਸ਼ ਜੋੜੇ ਗਏ ਹਨ। ਇਨ੍ਹਾਂ ਦੇਸ਼ਾਂ 'ਚ ਅਲਬਾਨੀਆ, ਬਰੁਨੇਈ ਦਾਰੁਸਲਾਮ, ਨਾਈਜੀਰੀਆ, ਪੇਰੂ ਤੇ ਤੁਰਕੀ ਸ਼ਾਮਿਲ ਹਨ। ਸਾਂਝੇ ਕੀਤੇ ਗਏ ਵਿੱਤੀ ਖਾਤਿਆਂ ਦੀ ਗਿਣਤੀ 'ਚ ਲਗਭਗ ਇਕ ਲੱਖ ਦਾ ਵਾਧਾ ਹੋਇਆ ਹੈ। ਨਾਂਅ ਨਾ ਛਾਪਣ ਦੀ ਸ਼ਰਤ 'ਤੇ ਅਧਿਕਾਰੀਆਂ ਨੇ ਕਿਹਾ ਕਿ ਵੇਰਵੇ ਜ਼ਿਆਦਾਤਾਰ ਕਾਰੋਬਾਰੀਆਂ ਨਾਲ ਸੰਬੰਧਿਤ ਹਨ, ਇਨ੍ਹਾਂ 'ਵਿਚ ਪ੍ਰਵਾਸੀ ਭਾਰਤੀ ਵੀ ਸ਼ਾਮਿਲ ਹਨ, ਜੋ ਹੁਣ ਕਈ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਦੇ ਨਾਲ-ਨਾਲ ਅਮਰੀਕਾ, ਬ੍ਰਿਟੇਨ ਅਤੇ ਇਥੋਂ ਤੱਕ ਕਿ ਕੁਝ ਅਫਰੀਕੀ ਅਤੇ ਦੱਖਣੀ ਅਮਰੀਕੀ ਦੇਸ਼ਾਂ 'ਵਿਚ ਵੀ ਵਸ ਗਏ ਹਨ।