ਦਿੱਲੀ ਦੀ ਪੀੜਿਤ ਸਿੱਖ ਬੀਬੀ ਨੂੰ ਅਧਿਕਾਰੀਆਂ ਤੋਂ ਨਿਆਂ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੀ ਪੂਰੀ ਤਾਕਤ ਮਹਿਸੂਸ ਕਰਵਾਨੀ ਚਾਹੀਦੀ ਹੈ: ਤਨ ਢੇਸੀ

ਦਿੱਲੀ ਦੀ ਪੀੜਿਤ ਸਿੱਖ ਬੀਬੀ ਨੂੰ ਅਧਿਕਾਰੀਆਂ ਤੋਂ ਨਿਆਂ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੀ ਪੂਰੀ ਤਾਕਤ ਮਹਿਸੂਸ ਕਰਵਾਨੀ ਚਾਹੀਦੀ ਹੈ: ਤਨ ਢੇਸੀ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਸ਼ਹਾਦਰਾ ਇਲਾਕੇ ਵਿਚ 26 ਜਨਵਰੀ ਨੂੰ ਇਕ ਸਿੱਖ ਬੀਬੀ ਨਾਲ ਕੀਤੇ ਗਏ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਵਾਕਿਆਤ ਬਾਰੇ ਬਰਤਾਨੀਆਂ ਦੇ ਸਿੱਖ ਐਮ.ਪੀ ਤਨਮਨਜੀਤ ਸਿੰਘ ਢੇਸੀ ਨੇ ਆਪਣਾ ਪ੍ਰਤੀਕਰਮ ਦੇਂਦਿਆਂ ਕਿਹਾ ਕਿ “ਦਿੱਲੀ ਤੋਂ ਇੱਕ ਸਿੱਖ ਔਰਤ ਨਾਲ ਇਸ ਤਰ੍ਹਾਂ ਦੇ ਘਿਣਾਉਣੇ ਤਰੀਕੇ ਨਾਲ ਦੁਰਵਿਵਹਾਰ ਕੀਤੇ ਜਾਣ ਦੇ ਹੈਰਾਨ ਕਰਨ ਵਾਲੇ ਦ੍ਰਿਸ਼ਾਂ ਦੀ ਫੁਟੇਜ ਦੇਖ ਕੇ ਮੈਂ ਹੈਰਾਨ ਰਹਿ ਗਿਆ ਹਾਂ।  ਉਸ ਨੂੰ ਅਧਿਕਾਰੀਆਂ ਤੋਂ ਨਿਆਂ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੀ ਪੂਰੀ ਤਾਕਤ ਮਹਿਸੂਸ ਕਰਵਾਨੀ ਚਾਹੀਦੀ ਹੈ।"

ਜਿਕਰਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਇਕ ਲੜਕੀ ਨਾਲ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਵਾਕਿਆਤ ਹੋਈ ਸੀ।  ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੀ ਵੀਡੀਓ ਵੀ ਦੋਸ਼ੀਆ ਵਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਸੀ ।  ਵੀਡੀਓ 'ਚ ਦੇਖਿਆ ਜਾ ਰਿਹਾ ਸੀ ਕਿ ਲੜਕੀ ਨੂੰ ਲੋਕਾਂ 'ਚ ਜ਼ਲੀਲ ਕੀਤਾ ਜਾ ਰਿਹਾ ਹੈ।  ਉਸ ਨੂੰ ਮਾਰਿਆ-ਕੁੱਟਿਆ ਜਾ ਰਿਹਾ ਹੈ।  ਇੰਨਾ ਹੀ ਨਹੀਂ ਲੜਕੀ ਨੂੰ ਗੰਜਾ ਬਣਾ ਕੇ ਉਸ ਦਾ ਮੂੰਹ ਕਾਲਾ ਕਰਕੇ ਚੱਪਲਾਂ ਦੀ ਮਾਲਾ ਪਾ ਕੇ ਪੂਰੇ ਬਾਜ਼ਾਰ ਵਿਚ ਘੁੰਮਾਇਆ ਗਿਆ।  ਮਾਮਲੇ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।