ਭਾਰਤ ਵਿਚ ਵਾਪਰ ਰਹੇ ਨੇ ਨਿੱਤ ਨਵੇਂ ਘੁਟਾਲੇ 

ਭਾਰਤ ਵਿਚ ਵਾਪਰ ਰਹੇ ਨੇ ਨਿੱਤ ਨਵੇਂ ਘੁਟਾਲੇ 

*ਪਿਛਲੇ ਸੱਤ ਸਾਲਾਂ ਦੌਰਾਨ ਹਰ ਰੋਜ਼ ਔਸਤਨ 100 ਕਰੋੜ ਰੁਪਏ ਦੀਆਂ ਬੈਂਕ ਧੋਖਾਧੜੀਆਂ ਸਾਹਮਣੇ ਆਈਆਂ 

               ਸਭ ਤੋਂ ਵੱਧ ਘੁਟਾਲੇ ਮਹਾਰਾਸ਼ਟਰ, ਦਿੱਲੀ, ਤੇਲੰਗਾਨਾ, ਗੁਜਰਾਤ ਤੇ ਤਾਮਿਲਨਾਡੂ ਵਿਚ ਸਾਹਮਣੇ ਆਏ   

ਅੰਮ੍ਰਿਤਸਰ ਟਾਈਮਜ਼ ਬਿਊਰੋ                                               

ਨਵੀਂ ਦਿਲੀ:ਭਾਰਤ ਵਿਚ ਨਿੱਤ ਕੋਈ ਨਵਾਂ ਘੁਟਾਲਾ ਸਾਹਮਣੇ ਆ ਜਾਂਦਾ ਹੈ। ਨਿੱਤ ਨਵੇਂ ਰਿਕਾਰਡ ਟੁੱਟ ਰਹੇ ਹਨ। ਇਸ ਆਧੁਨਿਕ ਯੁੱਗ ਵਿਚ ਹੁਣ ਆਨਲਾਈਨ ਤੇ ਬੈਂਕ ਧੋਖਾਧੜੀਆਂ ਵੀ ਵੱਡੇ ਪੱਧਰ ਤੇ ਸਾਹਮਣੇ ਆਉਣ ਲੱਗ ਪਈਆਂ ਹਨ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਪਿਛਲੇ ਸੱਤ ਸਾਲਾਂ ਦੌਰਾਨ ਹਰ ਰੋਜ਼ ਔਸਤਨ 100 ਕਰੋੜ ਰੁਪਏ ਦੀਆਂ ਬੈਂਕ ਧੋਖਾਧੜੀਆਂ ਸਾਹਮਣੇ ਆਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਅਜਿਹੇ ਸਭ ਤੋਂ ਵੱਧ ਘੁਟਾਲੇ ਮਹਾਰਾਸ਼ਟਰ, ਦਿੱਲੀ, ਤੇਲੰਗਾਨਾ, ਗੁਜਰਾਤ ਤੇ ਤਾਮਿਲਨਾਡੂ ਵਿਚ ਸਾਹਮਣੇ ਆਏ ਹਨ। ਇਨ੍ਹਾਂ ਸਿਰਫ਼ ਪੰਜ ਰਾਜਾਂ ਵਿਚ ਹੀ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਬੈਂਕ ਫਰਾਡ ਹੋਏ ਹਨ। ਆਰਬੀਆਈ ਵੱਲੋਂ ਨਿੱਤ ਆਨਲਾਈਨ ਠੱਗਾਂ ਤੋਂ ਸਾਵਧਾਨ ਰਹਿਣ ਅਤੇ ਕਈ ਤਰ੍ਹਾਂ ਦੀਆਂ ਚੌਕਸੀਆਂ ਵਰਤਣ ਲਈ ਵੀ ਕਿਹਾ ਜਾਂਦਾ ਹੈ। ਜੇ ਅਜਿਹੀ ਕੋਈ ਠੱਗੀ ਹੋ ਜਾਂਦੀ ਹੈ ਤਾਂ ਛੇਤੀ ਤੋਂ ਛੇਤੀ ਉਸ ਦੀ ਸ਼ਿਕਾਇਤ ਭਾਰਤੀ ਰਿਜ਼ਰਵ ਬੈਂਕ ਕੋਲ ਕਰਨੀ ਚਾਹੀਦੀ ਹੈ। ਉਸ ਹਾਲਤ ਵਿਚ ਪੀੜਤ ਦੀ ਰਕਮ ਬਚਣ ਦੀ ਵੱਡੀ ਸੰਭਾਵਨਾ ਬਣੀ ਰਹਿੰਦੀ ਹੈ। ਜੇ ਪੀੜਤ ਨੇ ਆਪ ਹੀ ਸਾਰੇ ਪਾਸਵਰਡ ਧੋਖੇਬਾਜ਼ਾਂ ਨੂੰ ਦਿੱਤੇ ਹੋਣ ਤਾਂ ਉਸ ਸੂਰਤ ਵਿਚ ਰਕਮ ਵਾਪਸ ਮਿਲਣ ਦੇ ਆਸਾਰ ਮੱਧਮ ਪੈ ਜਾਂਦੇ ਹਨ। ਆਮ ਤੌਰ ਤੇ ਇਹ ਵੀ ਵੇਖਿਆ ਗਿਆ ਹੈ ਕਿ ਜਦੋਂ ਕਿਸੇ ਅਹਿਮ ਸ਼ਖ਼ਸੀਅਤ ਨਾਲ ਅਜਿਹੀ ਕੋਈ ਧੋਖਾਧੜੀ ਹੁੰਦੀ ਹੈ ਤਦ ਤਾਂ ਸਾਈਬਰ ਕ੍ਰਾਈਮ ਦੇ ਅਧਿਕਾਰੀ ਤੁਰੰਤ ਦੋਸ਼ੀਆਂ ਨੂੰ ਫੜਨ ਲਈ ਪੱਬਾਂ ਭਾਰ ਹੋ ਜਾਂਦੇ ਹਨ ਤੇ ਜਦੋਂ ਆਮ ਵਿਅਕਤੀ ਕਦੇ ਕਿਸੇ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਦੀ ਕਿਤੇ ਸੁਣਵਾਈ ਨਹੀਂ ਹੁੰਦੀ। ਜੇ ਅਜਿਹੇ ਮਾਮਲੇ ਦੀ ਪੈਰਵੀ ਖ਼ੁਦ ਭਾਰਤੀ ਰਿਜ਼ਰਵ ਬੈਂਕ ਕੋਲ ਆਨਲਾਈਨ ਕਰੇ  ਤਾਂ ਉਸ ਦੇ ਵਧੀਆ ਤੇ ਹਾਂ-ਪੱਖੀ ਨਤੀਜੇ ਸਾਹਮਣੇ ਆ ਸਕਦੇ  ਹਨ। ਕਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਵ੍ਹਟਸਐਪ ਜਾਂ ਈਮੇਲ ਸੁਨੇਹਿਆਂ ਦਾ ਜਵਾਬ ਕਦੇ ਨਾ ਦਿਉ ਜਿਨ੍ਹਾਂ ਵਿਚ ਲਿਖਿਆ ਹੁੰਦਾ ਹੈ ਕਿ ਤੁਸੀਂ ਇੰਨੇ ਲੱਖ ਜਾਂ ਕਰੋੜ ਰੁਪਏ ਦੀ ਲਾਟਰੀ ਜਿੱਤ ਲਈ ਹੈ। ਇਹ ਚੈੱਕ ਲੈਣ ਲਈ ਤੁਹਾਨੂੰ ਇੰਨੇ ਰੁਪਏ ਦੇਣੇ ਹੋਣਗੇ।ਕਦੇ ਅਜਿਹੇ ਕਿਸੇ ਸੁਨੇਹੇ ਵਿਚ ਲਿਖਿਆ ਹੁੰਦਾ ਹੈ ਕਿ ਇਕ ਅਫ਼ਰੀਕਨ ਦੇਸ਼ ਵਿਚੋਂ ਮੋਟੀ ਗ਼ੈਰ-ਕਾਨੂੰਨੀ ਰਕਮ ਤੁਹਾਡੇ ਖਾਤੇ ਵਿਚ ਟ੍ਰਾਂਸਫਰ ਹੋਣ ਵਾਲੀ ਹੈ। ਕਦੇ ਸੁਨੇਹਾ ਆਉਂਦਾ ਹੈ ਕਿ ਤੁਹਾਨੂੰ ਵਿਦੇਸ਼ ਵਿਚ ਨੌਕਰੀ ਮਿਲ ਗਈ ਹੈ ਤੇ ਆਫਰ ਲੈਟਰ ਲੈਣ ਲਈ ਇੰਨੀ ਰਕਮ ਜਮ੍ਹਾ ਕਰਵਾਈ ਜਾਵੇ। ਅਜਿਹੇ ਠੱਗ ਇੰਜ ਭੋਲੇ-ਭਾਲੇ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰਨ ਦਾ ਕਾਰੋਬਾਰ ਕਰਦੇ ਹਨ। ਜੇ ਤੁਸੀਂ ਅਜਿਹੇ ਕਿਸੇ ਆਨਲਾਈਨ ਠੱਗ ਨੂੰ ਜਾਣਦੇ ਹੋ ਤਾਂ ਉਸ ਬਾਰੇ ਤੁਰੰਤ ਸਾਈਬਰ ਸੈੱਲ ਕੋਲ ਰਿਪੋਰਟ ਕਰੋ।