ਝਾਰਖੰਡ ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਰਨਦੀਪ ਸਿੰਘ ਨੂੰ ਕਿਰਪਾਨ ਸਣੇ ਦਸਵੀਂ ਜਮਾਤ ਦੀ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ

ਝਾਰਖੰਡ ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਰਨਦੀਪ ਸਿੰਘ ਨੂੰ ਕਿਰਪਾਨ ਸਣੇ ਦਸਵੀਂ ਜਮਾਤ ਦੀ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ
ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਰਨਦੀਪ ਸਿੰਘ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 17 ਮਈ (ਮਨਪ੍ਰੀਤ ਸਿੰਘ ਖਾਲਸਾ):- ਝਾਰਖੰਡ ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਰਨਦੀਪ ਸਿੰਘ ਨੂੰ ਕਿਰਪਾਨ ਸਣੇ ਦਸਵੀਂ ਜਮਾਤ ਦੀ ਪ੍ਰੀਖਿਆ ਦੇਣ ਤੋਂ ਰੋਕਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕਰਨਦੀਪ ਸਿੰਘ ਡੀ ਏ ਵੀ ਸਕੂਲ ਬੋਕਾਰੋ ਦਾ ਵਿਦਿਆਰਥੀ ਹੈ ਤੇ ਇਸ ਦਾ ਪ੍ਰਿਖਿਆ ਕੇਂਦਰ ਸਰਸਵਤੀ ਸ਼ਿਸ਼ੁ ਮੰਦਿਰ, ਦੁਗਧਾ, ਬੋਕਾਰੋ ਵਿਖੇ ਪਿਆ ਸੀ। ਪਰ ਪ੍ਰਿੰਸੀਪਲ ਸਰਸਵਤੀ ਸ਼ਿਸ਼ੁ ਮੰਦਿਰ ਨੇ ਕਰਨਦੀਪ ਸਿੰਘ ਨੂੰ ਕਿਰਪਾਨ ਸਣੇ ਪ੍ਰਿਖਿਆ ਕੇਂਦਰ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ। ਜਿਸ ਤੋਂ ਬਾਅਦ ਕਰਨਦੀਪ ਸਿੰਘ ਕਿਰਪਾਨ ਲਾਹ ਕੇ ਪ੍ਰਿਖਿਆ ਦੇ ਸਕਿਆ। ਸਥਾਨਕ ਸਿੱਖਾਂ ਨੇ ਇਸ ਮਾਮਲੇ ਨੂੰ ਲੈਕੇ ਪ੍ਰਸ਼ਾਸਨ ਕੋਲ ਆਪਣਾ ਵਿਰੋਧ ਦਰਜ ਕਰਵਾਇਆ ਹੈ। ਗੁਰਦਵਾਰਾ ਸਿੰਘ ਸਭਾ ਮੁੰਗੋ ਦੇ ਪ੍ਰਧਾਨ ਸਰਦਾਰ ਭਗਵਾਨ ਸਿੰਘ ਨੇ ਕਿਹਾ ਕਿ ਅਸੀ ਆਪਣੀ ਕੌਮ ਦੇ ਸਿੱਖਾਂ ਨਾਲ ਹੋਏ ਦੁਰਵਿਵਹਾਰ ਅਤੇ ਬਦਸਲੂਕੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਨਾਲ ਹੀ ਉਨ੍ਹਾਂ ਨੇ ਸਿੱਖਾਂ ਨਾਲ ਵੱਧ ਰਹੀਆਂ ਦੁਰਘਟਨਾਵਾਂ ਤੇ ਡਾਢੀ ਚਿੰਤਾ ਪ੍ਰਗਟ ਕੀਤੀ । ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ 1984 ਸਿੱਖ ਕਤਲੇਆਮ ਦੌਰਾਨ ਸਿੱਖਾਂ ਦੀ ਨਸਲਕੁਸ਼ੀ ਵਾਲੇ ਸ਼ਹਿਰਾਂ ਵਿੱਚ ਦਿੱਲੀ ਤੇ ਕਾਨਪੁਰ ਤੋਂ ਬਾਅਦ ਬੋਕਾਰੋ ਵੀ ਸ਼ਾਮਿਲ ਸੀ ।

ਜਾਗੋ ਪਾਰਟੀ ਦੇ ਬੁਲਾਰੇ ਭਾਈ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਬਹੁਤ ਦੁੱਖ ਦਾ ਵਿਸ਼ਾ ਹੈ ਕਿ ਬਾਰ ਬਾਰ ਸਿੱਖਾਂ ਦੇ ਕਕਾਰਾਂ ਤੇ ਕਿੰਤੂ ਪ੍ਰੰਤੂ ਕੀਤਾ ਜਾਂਦਾ ਹੈ  । ਉਨ੍ਹਾਂ ਕਿਹਾ ਕਿ ਅਸੀ ਮਾਮਲੇ ਦਾ ਪਤਾ ਕਰਵਾ ਕੇ ਇਸ ਲਈ ਜਰੂਰੀ ਕਾਰਵਾਈ ਕਰਾਂਗੇ ।