ਹਿੰਦ ਸਰਕਾਰ ਵਲੋਂ ਲਾਲ ਕਿਲ੍ਹੇ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਦੋ ਰੋਜ਼ਾ ਪ੍ਰੋਗਰਾਮ ਦਾ ਐਲਾਨ

ਹਿੰਦ ਸਰਕਾਰ ਵਲੋਂ ਲਾਲ ਕਿਲ੍ਹੇ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਦੋ ਰੋਜ਼ਾ ਪ੍ਰੋਗਰਾਮ ਦਾ ਐਲਾਨ

ਦਿੱਲੀ ਕਮੇਟੀ ਵਲੋਂ ਨਿੱਘਾ ਸਵਾਗਤ 

 20 ਨੁੰ ਗ੍ਰਹਿ ਮੰਤਰੀ ਤੇ 21 ਨੁੰ ਪ੍ਰਧਾਨ ਮੰਤਰੀ ਕਰਨਗੇ ਪ੍ਰੋਗਰਾਮ ਵਿਚ ਸ਼ਮੂਲੀਅਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 5 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਿੰਦ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਲ ਕਿਲ੍ਹੇ 'ਤੇ ਦੋ ਰੋਜ਼ਾ ਪ੍ਰੋਗਰਾਮ ਕਰਨ ਦੇ ਐਲਾਨ ਦਾ ਨਿੱਘਾ ਸਵਾਗਤ ਕੀਤਾ ਹੈ ਤੇ ਐਲਾਨ ਕੀਤਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਇਸ ਪ੍ਰੋਗਰਾਮ ਲਈ ਪੂਰਾ ਸਹਿਯੋਗ ਦੇਵੇਗੀ।

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਦੋ ਰੋਜ਼ਾ ਪ੍ਰੋਗਰਾਮ 20 ਅਤੇ 21 ਅਪ੍ਰੈਲ ਨੁੰ ਹੋਵੇਗਾ ਜਿਸ ਵਿਚ ਪਹਿਲੇ ਦਿਨ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਦੂਜੇ ਦਿਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪ੍ਰੋਗਰਾਮਾਂ ਦਾ ਉਦਘਾਟਨ ਕਰਨਗੇ। 20 ਅਪ੍ਰੈਲ ਨੁੰ ਲਾਈਟ ਐਂਡ ਸਾਊਂਡ ਸ਼ੋਅ ਤੇ ਸ਼ਬਦ ਕੀਰਤਨ ਹੋਵੇਗਾ। ਇਸ ਤੋਂ ਅਗਲੇ ਦਿਨ 21 ਅਪ੍ਰੈਲ ਨੁੰ 400 ਰਾਗੀ ਸਿੰਘ ਇਕੱਠੇ ਕੀਰਤਨ ਕਰਨਗੇ। ਇਸ ਦਿਨ ਪ੍ਰਧਾਨ ਮੰਤਰੀ ਵੱਲੋਂ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ।

ਸਰਦਾਰ ਕਾਲਕਾ ਨੇ ਐਲਾਨ ਕੀਤਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਹਿੰਦ ਸਰਕਾਰ ਦੇ ਫੈਸਲੇ ਦੇ ਮੱਦੇਨਜ਼ਰ 16 ਅਤੇ 17 ਅਪ੍ਰੈਲ ਨੂੰ ਹੋਣ ਵਾਲਾ ਦਿੱਲੀ ਫਤਿਹ ਦਿਵਸ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਦੋਹਾਂ ਪ੍ਰੋਗਰਾਮਾਂ ਦਾ ਸਥਾਨ ਵੀ ਇਕੋ ਹੈ ਤੇ ਸਮਾਂ ਵੀ ਇਕੋ ਹੈ। ਉਹਨਾਂ ਕਿਹਾ ਕਿ ਜਿਹੜਾ 400 ਬੱਚਿਆਂ ਨੇ ਕੀਰਤਨ ਦੀ ਤਿਆਰੀ ਕੀਤੀ ਸੀ, ਉਹ ਹਿੰਦ ਸਰਕਾਰ ਦੇ ਪ੍ਰੋਗਰਾਮ ਵਿਚ ਭਾਗ ਲੈਣਗੇ ਤੇ ਦਿੱਲੀ ਕਮੇਟੀ ਇਸ ਪ੍ਰੋਗਰਾਮ ਵਾਸਤੇ ਪੂਰਾ ਸਹਿਯੋਗ ਕਰੇਗੀ।ਸਰਦਾਰ ਕਾਲਕਾ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਿੰਦ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪ੍ਰੋਗਰਾਮ ਰੱਖਿਆ ਹੈ ਜਿਸ ਲਈ ਉਹ ਹਿੰਦ ਸਰਕਾਰ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਦੁਨੀਆਂ ਭਰ ਵਿਚ ਸੰਦੇਸ਼ ਜਾਵੇਗਾ ਅਤੇ  ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਜੀਵਨ ਬਾਰੇ ਸੰਦੇਸ਼ ਦੇ ਸਕਾਂਗੇ ।