ਐਸ ਜੀ ਪੀ ਸੀ ਮੁੱਖੀ ਐਡਵੋਕੇਟ ਧਾਮੀ ਨੇ ਦਿੱਲੀ ਕਮੇਟੀ ਦੇ ਜਰਨਲ ਇਜਲਾਸ ਦੌਰਾਨ ਦੁਸ਼ਮਣ ਦੇ ਕੁਹਾੜੇ ਦੇ ਦਸਤੇ ਦਾ ਰੋਲ ਅਦਾ ਕੀਤਾ- ਸਰਨਾ, ਜੀ ਕੇ

ਐਸ ਜੀ ਪੀ ਸੀ ਮੁੱਖੀ ਐਡਵੋਕੇਟ ਧਾਮੀ ਨੇ ਦਿੱਲੀ ਕਮੇਟੀ ਦੇ ਜਰਨਲ ਇਜਲਾਸ ਦੌਰਾਨ ਦੁਸ਼ਮਣ ਦੇ ਕੁਹਾੜੇ ਦੇ ਦਸਤੇ ਦਾ ਰੋਲ ਅਦਾ ਕੀਤਾ- ਸਰਨਾ, ਜੀ ਕੇ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਜਾਗੋ ਪਾਰਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਨੇ ਪੱਤਰਕਾਰਾਂ ਨਾਲ ਗਲ ਕਰਦਿਆਂ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅੱਜ ਲੰਮੇ ਹੱਥੀ ਲਿਆ। ਦੋਹਾਂ ਆਗੂਆਂ ਨੇ ਇਕ ਸੁਰ ਹੁੰਦਿਆ ਕਿਹਾ ਕਿ ਐਡਵੋਕੇਟ ਧਾਮੀ ਨੇ ਦਿੱਲੀ ਕਮੇਟੀ ਦੇ ਜਰਨਲ ਇਜਲਾਸ ਦੌਰਾਨ ਦੁਸ਼ਮਣ ਦੇ ਕੁਹਾੜੇ ਦੇ ਦਸਤੇ ਦਾ ਰੋਲ ਅਦਾ ਕੀਤਾ ਹੈ।ਉਨਾਂ ਦੀ ਹਾਜਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਸਰਨਾ ਨੇ ਕਿਹਾ ਕਿ ਬਰਗਾੜੀ ਤੋ ਬਾਅਦ ਦਿੱਲੀ ਕਮੇਟੀ ਦੇ ਦਫਤਰ ਵਿਚ ਹੋਈ ਬੇਅਦਬੀ ਬਾਦਲਾਂ ਦੇ ਰਾਹਾਂ ਵਿਚ ਕੰਢੇ ਬੀਜੇਗੀ।ਦੋਹਾਂ ਆਗੂਆਂ ਨੇ ਪੰਜਾਬੀਆਂ ਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲਿਆਂ ਦਾ ਸਾਥ ਨਾ ਦਿਓ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਐਡਵੋਕੇਟ ਧਾਮੀ ਨੇ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਦੀ ਚੋਣ ਸਮੇ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਚ ਪੁਲੀਸ ਬੁਲਾਉਣ ਵਾਲਿਆਂ ਦਾ ਸਾਥ ਦਿੱਤਾ ਹੈ। ਉਨਾਂ ਇਸ ਸੰਬਧੀ ਇਕ ਪੱਤਰ ਵੀ ਦਿਖਾਇਆ ਜਿਸ ਤੇ ਗੁਰਦਵਾਰਾ ਰਕਾਬ ਗੰਜ ਵਿਖੇ ਪੁਲੀਸ ਬੁਲਾਉਣ ਲਈ ਦਿੱਲੀ ਕਮੇਟੀ ਦੇ ਮੈਂਬਰਾਂ ਦੇ ਦਸਤਖਤਾਂ ਦੀ ਸੂਚੀ ਵਿਚ ਐਡਵੋਕੇਟ ਧਾਮੀ ਦੇ ਦਸਤਖਤ ਦਿਖਾਏ। ਸ੍ਰ ਸਰਨਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੀ ਸ਼ਿਫਾਰਸ਼ ਤੇ ਦਿੱਲੀ ਕਮੇਟੀ ਵਿਚ ਮੈਂਬਰ ਸ਼ਾਮਲ ਕਰਨ ਲਈ ਜਿਸ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਸ਼ੋ੍ਰਮਣੀ ਕਮੇਟੀ ਵਲੋ ਪੇਸ਼ ਕੀਤਾ ਗਿਆ ਉਹ ਕਥਿਤ ਤੌਰ ਤੇ ਨਾ ਅਹਿਲ ਤੇ ਕਰੋੜਾ ਰੁਪਏ ਦਾ ਗਬਨ ਕਰਨ ਵਾਲਾ ਹੈ। ਉਹ ਨਾ ਤਾਂ ਗੁਰਮੁਖੀ ਪੜ ਸਕਦਾ ਸੀ ਤੇ ਨਾ ਹੀ ਉਸ ਨੂੰ ਗੁਰਬਾਣੀ ਬਾਰੇ ਕੋਈ ਗਿਆਨ ਸੀ।ਉਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਦੀ ਚੋਣ ਵਿਚ ਲੋਕਤੰਤਰੀ ਭਾਵਨਾ ਦਾ ਕਤਲ ਹੋਇਆ ਹੈ। ਉਨਾਂ ਕਿਹਾ ਕਿ ਹੈਰਾਨੀ ਦੀ ਗਲ ਹੈ ਕਿ ਸਵੇਰੇ ਸਾਢੇ ਗਿਆਰਾ ਵਜੇ ਚੋਣ ਪ੍ਰਕਿਿਰਆ ਸ਼ੁਰੂ ਹੋਈ ਜੋ ਰਾਤ ਦੇਰ ਤਕ ਜਾਰੀ ਰਹੀ।ਸਰਨਾ ਨੇ ਕਿਹਾ ਕਿ ਮੈ ਹਰਮੀਤ ਸਿੰਘ ਕਾਲਕਾ ਦੇ ਖਿਲਾਫ ਚੋਣ ਲੜ ਰਿਹਾ ਸੀ ਪਰ ਮੈਨੂੰ ਹੀ ਵੋਟ ਨਹੀ ਪਾਉਣ ਦਿੱਤੀ ਗਈ। ਇਸ ਸਾਰੇ ਮਾਮਲੇ ਵਿਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਰੋਲ ਬੇਹਦ ਨਕਾਰਾਤਮਕ ਰਿਹਾ। ਸ੍ਰ ਸਰਨਾ ਨੇ ਕਿਹਾ ਕਿ ਦਿੱਲੀ ਗੁਰਦਵਾਰਾ ਐਕਟ 1971 ਦੇ ਮੁਤਾਬਿਕ ਤਖ਼ਤਾਂ ਦੇ ਜਥੇਦਾਰ ਜਰਨਲ ਹਾਉਸ ਦੇ ਮੈਂਬਰ ਹੁੰਦੇ ਹਨ ਪਰ ਪਹਿਲਾਂ ਤੋ ਤਹਿ ਸ਼ਾਜਿਸ਼ ਕਾਰਨ ਜਥੇਦਾਰ ਵੀ ਇਸ ਜਰਨਲ ਹਾਉਸ ਵਿਚ ਸ਼ਾਮਲ ਨਹੀ ਹੋਏ। ਉਨਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦਿੱਲੀ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਧਮਕੀਆਂ ਦੇ ਰਹੇ ਹਨ। ਇਹ ਪੁੱਛੇ ਜਾਣ ਤੇ ਕਿ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲੈ ਜਾਇਆ ਜਾਵੇਗਾ ਦੇ ਜਵਾਬ ਵਿਚ ਸ੍ਰ ਸਰਨਾਂ ਨੇ ਕਿਹਾ ਕਿ ਅਸੀ ਹੁਣ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਹੀ ਬਲਕਿ ਅਦਾਲਤ ਵਿਚ ਲੈ ਕੇ ਜਾਵਾਂਗੇ। ਹੁਣ ਤਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਲੀ ਕਮੇਟੀ ਦੇ ਕਿਸੇ ਵੀ ਮਾਮਲੇ ਤੇ ਇਨਸਾਫ ਨਹੀ ਦਿੱਤਾ। ਇਸ ਮੌਕੇ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਦਾ ਅਪਵਿਤਰ ਗਠਜੋੜ ਹੈ। ਅਸੀ ਐਡਵੋਕੇਟ ਧਾਮੀ ਨੂੰ ਸਾਂਝਾ ਵਿਅਕਤੀ ਸਮਝਦੇ ਸੀ ਤੇ ਉਨਾਂ ਤੇ ਵਿਸ਼ਵਾਸ ਕਰਦੇ ਸੀ ਪਰ ਜਦ ਪ੍ਰੋ ਟਰਮ ਚੇਅਰਮੈਨ ਬਣਾਉਣ ਲਈ ਐਡਵੋਕੇਟ ਧਾਮੀ ਦਾ ਨਾਮ ਤਜਵੀਜ ਕੀਤਾ ਗਿਆ ਤਾਂ ਬਾਦਲ ਦਲ ਦੇ ਮੈਂਬਰਾਂ ਨੇ ਹੀ ਐਡਵੋਕੇਟ ਧਾਮੀ ਦੇ ਨਾਮ ਦੀ ਵਿਰੋਧਤਾ ਕੀਤੀ। ਸ੍ਰ ਜੀ ਕੇ ਨੇ ਕਿਹਾ ਕਿ ਐਡਵੋਕੇਟ ਧਾਮੀ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਅਵਿਿਗਆ ਹੋਈ ਪਰ ਐਡਵੋਕੇਟ ਧਾਮੀ ਖਾਮੋਸ਼ ਰਹੇ।ਉਨਾਂ ਕਿਹਾ ਕਿ ਹਰਮੀਤ ਸਿੰਘ ਕਾਲਕਾ ਨੂੰ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਜਿਤਣ ਦੇ 48 ਘੰਟੇ ਬਾਅਦ ਤਕ ਵਧਾਈ ਨਹੀ ਸੀ ਦਿੱਤੀ ਜੋ ਸੰਕੇਤ ਕਰਦਾ ਹੈ ਕਿ ਸ੍ਰ ਬਾਦਲ ਨੂੰ ਵੀ ਇਹ ਅਖੌਤੀ ਸਫਲਤਾ ਤੇ ਵਿਸ਼ਵਾਸ ਨਹੀ ਸੀ। ਇਸ ਮੌਕੇ ਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ੍ਰ ਤਰਵਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰਖਣ ਵਿਚ ਦਿੱਲੀ ਕਮੇਟੀ ਦੇ ਬਾਦਲ ਦਲ ਦੇ ਮੈਂਬਰ ਅਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਅਸਫਲ ਰਹੇ ਹਨ। ਜਿਸ ਲਈ ਮੁੱਖ ਜਿੰਮੇਵਾਰ ਸ੍ਰ ਮਨਜਿੰਦਰ ਸਿੰਘ ਸਿਰਸਾ ਹੈ। ਉਨਾ ਕਿਹਾ ਕਿ ਸ੍ਰ ਸਿਰਸਾ ਨੇ ਹਰਮੀਤ ਸਿੰਘ ਕਾਲਕਾ ਨੂੰ ਵੀ ਭਾਜਪਾ ਵਿਚ ਸ਼ਾਮਲ ਹੋਣ ਦਾ ਦਬਾਅ ਬਣਾਇਆ ਹੋਇਆ ਹੈ। ਇਸ ਮੌਕੇ ਤੇ ਕਰਤਾਰ ਸਿੰਘ ਚਾਵਲਾ, ਸਤਨਾਮ ਸਿੰਘ, ਪਰਮਜੀਤ ਸਿੰਘ ਖੁਰਾਨਾ, ਗੁਰਪ੍ਰੀਤ ਸਿੰਘ ਖੰਨਾ, ਮੁਹਿੰਦਰ ਸਿੰਘ ਅਤੇ ਅਨੂਪ ਸਿੰਘ ਘੁੰਮਣ ਹਾਜਿਰ ਸਨ।