ਗੁਜਰਾਤ ਦੰਗੇ ਕੇਸ ਵਿਚ ਸੁਪਰੀਮ ਕੋਰਟ ਵੱਲੋਂ ਮੋਦੀ ਤੇ 63 ਹੋਰਨਾਂ ਨੂੰ ਕਲੀਨ ਚਿਟ

ਗੁਜਰਾਤ ਦੰਗੇ ਕੇਸ ਵਿਚ ਸੁਪਰੀਮ ਕੋਰਟ ਵੱਲੋਂ ਮੋਦੀ ਤੇ 63 ਹੋਰਨਾਂ ਨੂੰ ਕਲੀਨ ਚਿਟ

*ਸਚਾਈ ਦੀ ਜਿੱਤ ਹੋਈ: ਭਾਜਪਾ *ਸੁਪਰੀਮ ਕੋਰਟ ਦੇ ਫੈਸਲੇ ਤੋਂ ਨਿਰਾਸ਼ਾ ਹੋਈ: ਤਨਵੀਰ ਜਾਫ਼ਰੀ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਤੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 63 ਹੋਰਨਾਂ ਨੂੰ 2002 ਗੁਜਰਾਤ ਦੰਗਿਆਂ ਵਿੱਚ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਦਿੱਤੀ ਕਲੀਟ ਚਿਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਨੇ ਮਰਹੂਮ ਕਾਂਗਰਸ ਆਗੂ ਅਹਿਸਨ ਜਾਫ਼ਰੀ ਦੀ ਪਤਨੀ ਜ਼ਕੀਆ ਜਾਫ਼ਰੀ ਦੀ ਪਟੀਸ਼ਨ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਇਹ ਗੁਣ-ਦੋੋਸ਼ਾਂ ਤੋਂ ਖਾਲੀ ਹੈ ਤੇ ਪਟੀਸ਼ਨ ਮਹਿਜ਼ ‘ਇਸ ਮਸਲੇ ਨੂੰ ਭਖਦਾ ਰੱਖਣ’ ਲਈ ਹੀ ਦਾਖ਼ਲ ਕੀਤੀ ਗਈ ਹੈ। ਜ਼ਕੀਆ ਨੇ ਗੁਜਰਾਤ ਦੰਗਿਆਂ ਪਿੱਛੇ ਵੱਡੀ ਸਾਜ਼ਿਸ਼ ਦਾ ਦਾਅਵਾ ਕਰਦਿਆਂ ਇਸ ਵਿੱਚ ਸਿਆਸਤਦਾਨਾਂ ਤੇ ਪੁਲੀਸ ਦੀ ਸ਼ਮੂਲੀਅਤ ਦੀ ਗੱਲ ਕਹੀ ਸੀ। ਜਾਫ਼ਰੀ ਨੇ ਫਿਰਕੂ ਦੰਗਿਆਂ ਦੀ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕੀਤੀ ਸੀ। ਗੁਜਰਾਤ ਦੰਗਿਆਂ ਦੌਰਾਨ ਅਹਿਮਦਾਬਾਦ ਗੁਲਬਰਗ ਸੁਸਾਇਟੀ ਵਿੱਚ ਹੋਏ ਕਤਲੇਆਮ ਵਿੱਚ ਅਹਿਸਾਨ ਜਾਫ਼ਰੀ ਸਣੇ 68 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਉਂਜ ਤਿੰਨ ਦਿਨ ਤੱਕ ਚੱਲੇ ਇਨ੍ਹਾਂ ਦੰਗਿਆਂ ਵਿੱਚ ਇਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਬਹੁਗਿਣਤੀ ਮੁਸਲਮਾਨ ਸਨ।

ਜਸਟਿਸ ਏ.ਐੱਮ.ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਜਾਂਚ ਮੁੜ ਖੋਲ੍ਹੇ ਜਾਣ ਦੀ ਮੰਗ ਨੂੰ ਖਾਰਜ ਕਰਦਿਆਂ ਕਿਹਾ ਕਿ ਦੰਗਿਆਂ ਦੀ ਜਾਂਚ ਦੌਰਾਨ ਜਿਹੜੇ ਸਬੂਤ ਜਾਂ ਸਮੱਗਰੀ ਇਕੱਤਰ ਕੀਤੀ ਗਈ ਹੈ, ਉਸ ਤੋਂ ਇਹ ਗੱਲ ਕਿਤੇ ਵੀ ਸਾਬਤ ਨਹੀਂ ਹੁੰਦੀ ਕਿ ਮੁਸਲਮਾਨਾਂ ਖਿਲਾਫ਼ ਸਮੂਹਿਕ ਰੂਪ ਵਿੱਚ ਭੜਕੀ ਹਿੰਸਾ ਪਿੱਛੇ ਕੋਈ ਵਡੇਰੀ ਅਪਰਾਧਿਕ ਸਾਜ਼ਿਸ਼ ਘੜੀ ਗਈ ਸੀ। ਬੈਂਚ, ਜਿਸ ਵਿੱਚ ਜਸਟਿਸ ਦਿਨੇਸ਼ ਮਹੇਸ਼ਵਰੀ ਤੇ ਜਸਟਿਸ ਸੀ.ਟੀ.ਰਵੀਕੁਮਾਰ ਵੀ ਸ਼ਾਮਲ ਸਨ, ਨੇ ਜ਼ਕੀਆ ਦੀ ਪਟੀਸ਼ਨ ਨੂੰ ਗੁਣ-ਦੋਸ਼ਾਂ ਤੋਂ ਕੋਰੀ ਦੱਸਿਆ। ਬੈਂਚ ਨੇ ਕਿਹਾ, ‘‘ਪਟੀਸ਼ਨਰ ਟੇਢੇ ਢੰਗ ਨਾਲ ਮਸਲੇ ਨੂੰ ਭਖਦਾ ਰੱਖਣ ਦੀ ਕੋਸ਼ਿਸ਼ ’ਚ ਹੈ, ਜ਼ਾਹਿਰਾ ਤੌਰ ’ਤੇ ਗੁੱਝੇ ਮੰਤਵ ਲਈ।’’ ਬੈਂਚ ਨੇ ਕਿਹਾ ਕਿ ਉਹ ਸਾਰੇ ਲੋਕ, ਜੋ ਕਾਨੂੰਨ ਦੇ ਇਸ ਅਮਲ ਦੀ ਦੁਰਵਰਤੋਂ ਵਿੱਚ ਸ਼ਾਮਲ ਹਨ, ਨੂੰ ਨਿਆਂ ਦੇ ਕਟਹਿਰੇ ਵਿੱਚ ਖੜਾਉਣ ਤੇ ਉਨ੍ਹਾਂ ਖਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕਰਨ ਦੀ ਲੋੜ ਹੈ।’’ ਜ਼ਕੀਆ ਜਾਫ਼ਰੀ ਨੇ ਵਿਸ਼ੇਸ਼ ਜਾਂਚ ਟੀਮ ਵੱਲੋਂ ਨਰਿੰਦਰ ਮੋਦੀ, ਜੋ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸਨ, ਸਣੇ 64 ਵਿਅਕਤੀਆਂ ਨੂੰ ਕਲੀਨ ਚਿਟ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। 

ਕਾਬਿਲੇਗੌਰ ਹੈ ਕਿ 27 ਫਰਵਰੀ 2002 ਨੂੰ ਗੋਧਰਾ ਰੇਲ ਗੱਡੀ ਦੀ ਸਾੜ ਫੂਕ ਦੀ ਘਟਨਾ, ਜਿਸ ਵਿੱਚ 59 ਵਿਅਕਤੀ ਜਿਊਂਦੇ ਸੜ ਗਏ ਸਨ, ਤੋਂ ਅਗਲੇ ਤਿੰਨ ਦਿਨ ਗੁਜਰਾਤ ਵਿੱਚ ਭੜਕੇ ਫਿਰਕੂ ਦੰਗਿਆਂ ਵਿੱਚ 1044 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਜਿਨ੍ਹਾਂ ਵਿੱਚੋਂ ਬਹੁਗਿਣਤੀ ਮੁਸਲਿਮ ਸਨ। ਉਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਨ। 

 ਭਾਜਪਾ ਨੇ ਗੁਜਰਾਤ ਦੰਗਿਆਂ ਨਾਲ ਸਬੰਧਤ ਕੇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 63 ਹੋਰਨਾਂ ਨੂੰ ਸਿਟ ਵੱਲੋਂ ਦਿੱਤੀ ਕਲੀਟ ਚਿਟ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖਣ ਦੇ ਫੈਸਲੇ ਨੂੰ ਸਚਾਈ ਦੀ ਜਿੱਤ ਕਰਾਰ ਦਿੱਤਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ‘‘ਸਤਯਮੇਵ ਜਯਤੇ!’’ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਪਾਰਟੀ ਦੇ ਤਰਜਮਾਨ ਸੰਬਿਤ ਪਾਤਰਾ ਨੇ ਵੀ ਟਵਿੱਟਰ ’ਤੇ ਇਸ ਨੂੰ ‘ਸਚਾਈ ਦੀ ਜਿੱਤ’ ਦੱਸਿਆ। 

 ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਹਿਸਨ ਜਾਫ਼ਰੀ ਦੇ ਪੁੱਤਰ ਤਨਵੀਰ ਜਾਫ਼ਰੀ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਿਰਾਸ਼ ਹੈ। ਤਨਵੀਰ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਮੈਂ ਕੋਰਟ ਦੇ ਫੈਸਲੇ ਤੋਂ ਨਿਰਾਸ਼ ਹਾਂ। ਕਿਉਂ ਜੋ ਮੈਂ ਦੇਸ਼ ਤੋਂ ਬਾਹਰ ਹਾਂ, ਮੈਂ ਸੁਪਰੀਮ ਕੋਰਟ ਦਾ ਫੈਸਲਾ ਪੜ੍ਹਨ ਮਗਰੋਂ ਹੀ ਇਸ ਬਾਰੇ ਤਫ਼ਸੀਲੀ ਬਿਆਨ ਦੇਵਾਂਗਾ।’’ ਤਨਵੀਰ ਦੇ ਵਕੀਲ ਮੁਤਾਬਕ ਉਹ ਇਸ ਵੇਲੇ ਹੱਜ ਯਾਤਰਾ ਲਈ ਮੱਕਾ ਵਿੱਚ ਹੈ ਜਦੋਂਕਿ ਜ਼ਕੀਆ ਆਪਣੀ ਧੀ ਨਾਲ ਅਮਰੀਕਾ ਵਿੱਚ ਰਹਿੰਦੀ ਹੈ। ਉਧਰ ਗੁਜਰਾਤ ਦੇ ਸੀਨੀਅਰ ਕਾਂਗਰਸ ਆਗੂ ਅਰਜੁਨ ਮੋਧਵਾਡੀਆ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਸਵੀਕਾਰ ਕਰਨ ਤੋਂ ਛੁੱਟ ਹੁਣ ਹੋਰ ਕਈ ਬਦਲ ਨਹੀਂ ਹੈ।