ਮੁਸਲਮਾਨਾਂ ਉਪਰ ਬੁਲਡੋਜ਼ਰ ਦੀ ਸਾਰੀ ਕਾਰਵਾਈ ਨਿਯਮਾਂ ਮੁਤਾਬਿਕ'
ਯੂ.ਪੀ. ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਹਲਫ਼ਨਾਮਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ- ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ 'ਚ ਬੁਲਡੋਜ਼ਰ ਰਾਹੀਂ ਹੋਈ ਕਾਰਵਾਈ ਬਾਰੇ ਸੁਪਰੀਮ ਕੋਰਟ 'ਵਿਚ ਹਲਫ਼ਨਾਮਾ ਦਾਖਲ ਕੀਤਾ ਹੈ, ਜਿਸ ਵਿਚ ਇਹ ਕਾਰਵਾਈ ਨਿਯਮਾਂ ਮੁਤਾਬਿਕ ਹੋਣ ਦਾ ਦਾਅਵਾ ਕੀਤਾ ਗਿਆ ਹੈੈ। ਦੱਸਣਯੋਗ ਹੈ ਕਿ ਯੂ.ਪੀ. 'ਚ ਹਿੰਸਾ ਦੇ ਦੋਸ਼ੀ ਸਮਝੇ ਜਾਂਦੇ ਮੁਸਲਮਾਨਾਂ ਦੇ ਘਰਾਂ ਨੂੰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ ਸੀ। ਸੁਪਰੀਮ ਕੋਰਟ 'ਵਿਚ ਜਮੀਅਤ ਉਲਮਾ-ਏ-ਹਿੰਦ ਨੇ ਪਟੀਸ਼ਨ ਦਾਇਰ ਕਰਕੇ ਇਸ ਕਾਰਵਾਈ ਦਾ ਵਿਰੋਧ ਕੀਤਾ ਸੀ ਤੇ ਸਰਬਉੱਚ ਅਦਾਲਤ ਨੇ ਯੂ.ਪੀ. ਸਰਕਾਰ ਕੋਲੋਂ ਜਵਾਬ ਮੰਗਿਆ ਸੀ। ਯੂ.ਪੀ. ਸਰਕਾਰ ਨੇ ਆਪਣੇ ਹਲਫ਼ਨਾਮੇ 'ਵਿਚ ਜਮੀਯਤ ਉਲਮਾ-ਏ-ਹਿੰਦ ਦੇ ਦੋਸ਼ਾਂ ਨੂੰ ਗਲਤ ਤੇ ਬੇਬੁਨਿਆਦ ਦੱਸਦਿਆਂ ਕਿਹਾ ਹੈ ਕਿ ਇਸ ਮਾਮਲੇ 'ਵਿਚ ਕੋਈ ਵੀ ਪ੍ਰਭਾਵਿਤ ਧਿਰ ਅਦਾਲਤ 'ਚ ਨਹੀਂ ਆਈ ਹੈ। ਯੂ.ਪੀ. ਸਰਕਾਰ ਨੇ ਜਮੀਅਤ ਉਲਮਾ ਏ ਹਿੰਦ ਦੀ ਪਟੀਸ਼ਨ ਨੂੰ ਖਾਰਜ ਕਰਨ ਦੀ ਬੇਨਤੀ ਕੀਤੀ ਹੈ। ਯੂ.ਪੀ. ਦੇ ਵਿਸ਼ੇਸ਼ ਸਕੱਤਰ (ਗ੍ਰਹਿ) ਰਾਕੇਸ਼ ਕੁਮਾਰ ਨੇ ਸੁਪਰੀਮ ਕੋਰਟ 'ਵਿਚ ਸਬੂਤਾਂ ਦੇ ਨਾਲ 63 ਪੰਨਿਆਂ ਦਾ ਹਲਫ਼ਨਾਮਾ ਦਾਖਲ ਕੀਤਾ ਹੈ। ਇਸ ਦੇ ਨਾਲ ਹੀ ਜਾਵੇਦ ਅਹਿਮਦ ਦੇ ਘਰ ਲੱਗਾ ਹੋਇਆ ਰਾਜਨੀਤਕ ਦਲ ਦਾ ਬੋਰਡ, ਨੋਟਿਸ ਆਦਿ ਵੀ ਅਦਾਲਤ ਵਿਚ ਜਮ੍ਹਾਂ ਕਰਵਾਇਆ ਗਿਆ ਹੈ।
Comments (0)