ਕਿਸਾਨਾਂ ਨੂੰ ਅੱਤਵਾਦੀ-ਵੱਖਵਾਦੀ ਗਰਦਾਨਣ ਦਾ ਸਰਕਾਰੀ ਏਜੰਡਾ ਫੇਲ੍ਹ ਕਰਦਿਆਂ ਕਿਸਾਨਾਂ ਦੇ ਸਬਰ ਦੀ ਹੋਈ ਜਿੱਤ: ਭਿਓਰਾ/ ਤਾਰਾ

ਕਿਸਾਨਾਂ ਨੂੰ ਅੱਤਵਾਦੀ-ਵੱਖਵਾਦੀ ਗਰਦਾਨਣ ਦਾ ਸਰਕਾਰੀ ਏਜੰਡਾ ਫੇਲ੍ਹ ਕਰਦਿਆਂ ਕਿਸਾਨਾਂ ਦੇ ਸਬਰ ਦੀ ਹੋਈ ਜਿੱਤ: ਭਿਓਰਾ/ ਤਾਰਾ

 ਕਿਸਾਨਾਂ ਨੇ ਅਜਿਹੀ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਪ੍ਰੇਰਣਾ ਦਿੱਤੀ ਹੈ, ਜੋ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਤੁੰਨ ਕੇ ਰੱਖਦੀ ਹੈ

ਅੰਮ੍ਰਿਤਸਰ ਟਾਈਮਜ਼ 

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਆਪਣੀ ਭੈਣ ਜੀ ਰਾਹੀ ਕੌਮ ਦੇ ਨਾਮ ਭੇਜੇ ਸੁਨੇਹੇ ਵਿਚ ਕਿਹਾ ਕਿ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਵਲੋਂ ਲੋਕ ਸਭਾ ਤੇ ਰਾਜ ਸਭਾ 'ਚ ਵਾਪਸ ਹੋਣ ਨਾਲ ਜਿਸ ਨਾਲ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ।  ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਦੀ ਸਹਿਮਤੀ ਦੇ ਉਲਟ ਕਾਨੂੰਨ ਬਣਾ ਕੇ ਦੇਸ਼ ਦੀ ਖੇਤੀ ਤੇ ਕਿਸਾਨੀ 'ਤੇ ਆਪਣੇ ਚਹੇਤੇ ਕਾਰਪੋਰੇਟ ਲੋਕਾਂ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਸਨ ਜਿਸਦਾ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੇ ਕੇਂਦਰ ਦੀ ਇਸ ਸਾਜਿਸ਼ ਦਾ ਪਹਿਲੇ ਦਿਨ ਤੋਂ ਵਿਰੋਧ ਕੀਤਾ 'ਤੇ ਸਰਕਾਰ ਵਲੋਂ ਨਾ ਮੰਨਣ ਕਰਕੇ ਸੰਸਾਰ ਪੱਧਰ ਤੇ ਇਨ੍ਹਾਂ ਕਾਲੇ ਕਨੂੰਨਾਂ ਖਿਲਾਫ ਪ੍ਰਚਾਰ ਕਰਕੇ ਸਭ ਨੂੰ ਲਾਮ ਬੱਧ ਕੀਤਾ । ੳਨਾ ਨੇ ਕਿਹਾ ਕਿ ਪੂਰਾ ਇਕ ਸਾਲ ਕਿਸਾਨ ਭਰਾਵਾਂ ਨੇ ਆਪਣੇ ਪਿੰਡੇ 'ਤੇ ਗਰਮੀ, ਸਰਦੀ, ਮੀਂਹ ਤੇ ਝੱਖੜ ਝੱਲੇ ਤੇ ਦਿੱਲੀ ਦੀਆਂ ਹੱਦਾਂ 'ਤੇ ਸੰਘਰਸ਼ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਲਈ ਡਟੇ ਰਹੇ। ਕਿਸਾਨਾਂ ਦੇ ਸਿਦਕ ਨੂੰ ਦੇਖਦਿਆਂ ਵਿਦੇਸ਼ਾਂ ਵਿਚ ਵੀ ਉਨ੍ਹਾਂ ਦੇ ਹਕ਼ ਵਿਚ ਇਕ ਮਜ਼ਬੂਤ ਲਹਿਰ ਖੜੀ ਹੋਈ ਸੀ ਜਿਸ ਵਿਚ ਵਿਦੇਸ਼ਾਂ ਦੇ ਵੱਖ ਵੱਖ ਸੰਸਦ ਮੈਂਬਰਾਂ ਨੇ ਵੀ ਹਾਅ ਦਾ ਨਾਅਰਾ ਮਾਰ ਕੇ ਉਨ੍ਹਾਂ ਦੇ ਅੰਦੋਲਨ ਨੂੰ ਆਪਣਾ ਸਮਰਥਨ ਦਿਤਾ ਸੀ । ਆਖ਼ਰ ਕਿਸਾਨਾਂ ਦੇ ਇਸ ਸੰਘਰਸ਼ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ 'ਤੇ ਕਾਨੂੰਨ ਰੱਦ ਹੋਣ ਨਾਲ ਅੰਦੋਲਨ ਦੀ ਵੱਡੀ ਜਿੱਤ ਹੋਈ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਹਰਿਆਣੇ ਵਿੱਚ ਜ਼ਬਰਦਸਤ ਪੁਲਿਸ ਰੋਕਾਂ ਅਤੇ ਹੰਝੂ ਗੈਸ ਤੇ ਪਾਣੀ ਦੀਆ ਬੁਛਾੜਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਕਿਸਾਨ ਦਿੱਲੀ ਤੱਕ ਪਹੁੰਚ ਗਏ ਅਤੇ ਉਨ੍ਹਾਂ ਵਲੋਂ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਤੇ ਮੋਰਚੇ ਲਗਾ ਕੇ ਮੁੱਖ ਮਾਰਗਾਂ ਉੱਤੇ ਜਾਮ ਲਾ ਦਿੱਤੇ ਗਏ ।

ਕਿਸਾਨਾਂ ਨੂੰ ਅੱਤਵਾਦੀ-ਵੱਖਵਾਦੀ ਗਰਦਾਨਣ ਦਾ ਸਰਕਾਰੀ ਏਜੰਡਾ, ਸੁਪਰੀਮ ਕੋਰਟ ਵਿੱਚ ਕਾਨੂੰਨੀ ਲੜਾਈ ਅਤੇ ਅੰਦੋਲਨ ਨੂੰ ਖ਼ਤਮ ਕਰਨ ਵਾਲੀਆਂ ਸਭ ਕੋਸ਼ਿਸ਼ਾਂ ਨੂੰ ਕਿਸਾਨਾਂ ਨੇ ਫੇਲ੍ਹ ਕਰ ਦਿੱਤੀਆਂ।  ਉਨ੍ਹਾਂ ਕਿਹਾ ਕਿ ਭਾਵੇਂ ਇਸ ਸੰਘਰਸ਼ 'ਚ ਦੇਸ਼ ਭਰ ਦੇ ਕਿਸਾਨ ਸ਼ਾਮਲ ਸਨ, ਪਰ ਇਸ ਸੰਘਰਸ਼ 'ਚ ਪੰਜਾਬੀ ਤੇ ਸਿੱਖ ਭਾਈਚਾਰੇ ਨੇ ਸਭ ਤੋਂ ਵੱਡਾ ਰੋਲ ਅਦਾ ਕੀਤਾ ਹੈ ਤੇ ਖੇਤੀ ਕਾਨੂੰਨ ਰੱਦ ਕਰਵਾ ਕੇ ਮੁੜ ਇਤਿਹਾਸ ਦੁਹਰਾਇਆ ਹੈ।ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਹੋਰਨਾਂ ਤਬਕਿਆ ਦੇ ਲੋਕਾਂ ਨੂੰ ਅਜਿਹੀ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਪ੍ਰੇਰਣਾ ਦਿੱਤੀ ਹੈ, ਜੋ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਤੁੰਨ ਕੇ ਰੱਖਦੀ ਹੈ, ਜਾਂ ਉਨ੍ਹਾਂ ਨੂੰ ਹੋਰ ਢੰਗਾਂ ਰਾਹੀ ਨਿਸ਼ਾਨਾ ਬਣਾਉਂਦੀ ਹੈ ਤੇ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਹੈ।

​​​​​​​

ਇਹ ਮਹਿਜ਼ ਕਿਸਾਨਾਂ ਦੀ ਜਿੱਤ ਨਹੀਂ ਹੈ। ਇਹ ਨਾਗਰਿਕ ਅਜ਼ਾਦੀ ਅਤੇ ਮਨੁੱਖੀ ਹਕੂਕ ਦੀ ਲੜਾਈ ਜਿੱਤ ਹੈ। ਇਹ ਭਾਰਤੀ ਲੋਕ ਰਾਜ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਅਤੇ ਜਮਹੂਰੀ ਤਰੀਕੇ ਨਾਲ ਲੜੇ ਅੰਦੋਲਨਾਂ ਅੱਗੇ ਸਰਕਾਰ ਨੂੰ ਝੁਕਣਾ ਹੀ ਪੈਂਦਾ ਹੈ। ਇਸ ਅੰਦਲੋਨ ਨੇ ਹਿੰਦੁਸਤਾਨ ਵਿੱਚ ਹੱਕਾਂ ਲਈ ਸੰਘਰਸ਼ ਕਰਨ ਵਾਲੇ ਲੋਕਾਂ ਲਈ ਨਵੀਂ ਆਸ ਦੀ ਕਿਰਣ ਦਿਖਾਈ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਸੇਵਾਵਾਂ ਕਰਨ ਵਾਲੇ ਦੇਸ਼ ਵਿਦੇਸ਼ ਦੀ ਸਮੂਹ ਲੋਕਾਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਨੇ ਇਸ ਅੰਦੋਲਨ ਵਿਚ ਤਨ ਮਨ ਧੰਨ ਨਾਲ ਸੇਵਾ ਕੀਤੀ ਹੈ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ । ਅੰਤ ਵਿਚ ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ 700 ਤੋਂ ਵਧੇਰੇ ਕਿਸਾਨ, ਮਜਦੂਰ ਭਰਾ, ਬੀਬੀਆਂ ਤੇ ਨੌਜਵਾਨਾਂ ਨੇ ਸ਼ਹਾਦਤ ਦਿੱਤੀ ਹੈ, ਜਿਸ ਨੂੰ ਰਹਿੰਦੀ ਦੁਨੀਆਂ ਤਕ ਯਾਦ ਰੱਖਿਆ ਜਾਵੇੇਗਾ ਤੇ ਮੌਜੂਦਾ ਸਰਕਾਰ ਦਾ ਜ਼ਬਰ, ਕਿਸਾਨਾਂ ਦਾ ਸਬਰ ਇਤਿਹਾਸ ਵਿਚ ਦਰਜ਼ ਹੋ ਗਿਆ ਹੈ ਜੋ ਕਦੇ ਵੀ ਨਹੀਂ ਭੁਲਾਇਆ ਜਾ ਸਕੇਗਾ ।