ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਰੇ ਅਪਸ਼ਬਦ ਬੋਲਣ ਵਾਲਾ  ਹਿੰਦੂਤਵੀ ਗ੍ਰਿਫ਼ਤਾਰ

ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਰੇ ਅਪਸ਼ਬਦ ਬੋਲਣ ਵਾਲਾ  ਹਿੰਦੂਤਵੀ ਗ੍ਰਿਫ਼ਤਾਰ

* ਅਦਾਲਤ ਲਿਜਾਂਦੇ ਸਮੇਂ ਇੱਕ ਨੌਜਵਾਨ ਨੇ ਮੁਲਜ਼ਮ ਵੱਲ ਸੁੱਟੀ ਜੁੱਤੀ

ਅੰਮ੍ਰਿਤਸਰ ਟਾਈਮਜ਼ 

ਲੁਧਿਆਣਾ: ਸੋਸ਼ਲ ਮੀਡੀਆ ਦੇ ਕਲੱਬ ਹਾਊਸ ਗਰੁੱਪ ਵਿੱਚ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਸਾਬਕਾ ਭਾਜਪਾ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਅਨਿਲ ਅਰੋੜਾ ਨੂੰ ਆਖ਼ਰ ਪੁਲੀਸ ਨੇ 52 ਦਿਨਾਂ ਬਾਅਦ ਜ਼ੀਰਕਪੁਰ ਕੋਲੋਂ ਗ੍ਰਿਫ਼ਤਾਰ ਕਰ ਲਿਆ ਹੈ।  ਜਾਣਕਾਰੀ ਮੁਤਾਬਕ ਸ਼ੋਸ਼ਲ ਮੀਡੀਆ ’ਤੇ ਕਲੱਬ ਹਾਊਸ ਨਾਮ ਦਾ ਇੱਕ ਗਰੁੱਪ ਬਣਿਆ ਹੋਇਆ ਹੈ, ਜਿਸ ਵਿੱਚ ਅਨਿਲ ਅਰੋੜਾ ਤੇ ਉਸ ਦੇ ਕੁਝ ਸਾਥੀਆਂ ਨੇ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਪਿਤਾ ਬਾਰੇ ਅਪਸ਼ਬਦ ਬੋਲੇ ਸਨ। ਜਦੋਂ ਸਿੱਖ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਥਾਣਾ ਡਿਵੀਜ਼ਨ ਨੰਬਰ 3 ਵਿੱਚ ਅਨਿਲ ਅਰੋੜਾ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ।ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਸਬੰਧੀ ਸਿੱਖ ਜਥੇਬੰਦੀਆਂ ਵੱਲੋਂ ਸਮਰਾਲਾ ਚੌਕ ’ਤੇ ਪੱਕਾ ਧਰਨਾ ਲਗਾਇਆ ਹੋਇਆ ਸੀ। ਪੁਲੀਸ ਨੇ ਮੁਲਜ਼ਮ ਅਨਿਲ ਅਰੋੜਾ ’ਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਇਸ ਮਾਮਲੇ ’ਚ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ 10 ਲੱਖ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਦੀ ਘੇਰਾਬੰਦੀ ਕਰ ਉਸ ਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।