ਭਾਰਤ ਸਰਕਾਰ ਨੇ ਪੰਜਾਬ ਦੇ ਪੇਂਡੂ ਵਿਕਾਸ ਫੰਡ ਦਾ 1000 ਕਰੋੜ ਰੁਪਇਆ ਦੇਣ ਤੋਂ ਨਾਹ ਕੀਤੀ

ਭਾਰਤ ਸਰਕਾਰ ਨੇ ਪੰਜਾਬ ਦੇ ਪੇਂਡੂ ਵਿਕਾਸ ਫੰਡ ਦਾ 1000 ਕਰੋੜ ਰੁਪਇਆ ਦੇਣ ਤੋਂ ਨਾਹ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਸਰਕਾਰ ਪੰਜਾਬ ਵਿਰੋਧੀ ਨਿੱਤ ਨਵੇਂ ਫੈਂਸਲੇ ਲੈ ਰਹੀ ਹੈ। ਜਿੱਥੇ ਪਹਿਲਾਂ ਭਾਰਤ ਸਰਕਾਰ ਨੇ ਪੰਜਾਬ ਵਿਚ ਮਾਲ ਗੱਡੀਆਂ ਭੇਜਣ ਤੋਂ ਨਾਹ ਕਰ ਦਿੱਤੀ ਸੀ, ਹੁਣ ਭਾਰਤ ਸਰਕਾਰ ਨੇ ਪੰਜਾਬ ਦਾ 1000 ਕਰੋੜ ਰੁਪਏ ਦਾ ਫੰਡ ਰੋਕ ਲਿਆ ਹੈ।

ਪੰਜਾਬ ਨੂੰ ਇਹ ਰਕਮ ਪੇਂਡੂ ਵਿਕਾਸ ਫੰਡ ਵਜੋਂ ਮਿਲਣੀ ਹੈ, ਪਰ ਭਾਰਤ ਸਰਕਾਰ ਵਲੋਂ ਝੋਨੇ ਦੀ ਖਰੀਦ 'ਤੇ ਪੰਜਾਬ ਨੂੰ ਮਿਲਦਾ 3% ਫੀਸਦੀ ਪੇਂਡੂ ਵਿਕਾਸ ਫੰਡ ਰੋਕਣ ਦਾ ਐਲਾਨ ਕੀਤਾ ਗਿਆ ਹੈ। ਇਹ ਰਕਮ ਝੋਨੇ ਦੇ ਸੀਜ਼ਨ ਚ 1000 ਕਰੋੜ ਤੇ ਕਣਕ ਦੇ ਸੀਜ਼ਨ ਚ 750 ਕਰੋੜ ਬਣਦੀ ਹੈ। ਕੇਂਦਰ ਨੇ ਇਹਨਾਂ ਫੰਡਾਂ ਦੀ ਦੁਰਵਰਤੋਂ ਦਾ ਬਹਾਨਾ ਬਣਾ ਕੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਹੈ। 

ਪੰਜਾਬ ਦੀ ਖੇਤੀ ਅਧਾਰਿਤ ਆਰਥਿਕਤਾ ਹੋਣ ਕਾਰਨ ਸਰਕਾਰ ਨੂੰ ਸੂਬੇ ਦੇ ਵਿਕਾਸ ਲਈ ਫਸਲਾਂ ਦੀ ਖਰੀਦ 'ਤੇ ਲੱਗਦੇ ਇਸ ਟੈਕਸ ਰਾਹੀਂ ਵੱਡੀ ਰਕਮ ਹਾਸਲ ਹੁੰਦੀ ਸੀ ਪਰ ਜਿੱਥੇ ਹੁਣ ਕੇਂਦਰ ਨੇ ਪੰਜਾਬ ਸਰਕਾਰ ਦਾ ਇਹ ਫੰਡ ਰੋਕ ਲਿਆ ਹੈ ਉੱਥੇ ਹੀ ਭਾਰਤ ਦੇ ਨਵੇਂ ਕਾਨੂੰਨਾਂ ਮੁਤਾਬਕ ਹੋਰ ਸੂਬਿਆਂ ਵਿਚ ਵਪਾਰੀਆਂ ਨੂੰ ਮਿਲੀਆਂ ਟੈਕਸ ਛੋਟਾਂ ਦੇ ਚਲਦਿਆਂ ਜਦੋਂ ਵਪਾਰੀਆਂ ਨੇ ਪੰਜਾਬ ਵਿਚੋਂ ਬਾਸਮਤੀ ਚੁੱਕਣ ਤੋਂ ਨਾਹ ਕਰ ਦਿੱਤੀ ਸੀ ਤਾਂ ਮਜ਼ਬੂਰੀ ਵਿਚ ਪੰਜਾਬ ਸਰਕਾਰ ਨੂੰ ਬਾਸਤਮੀ ਦੀ ਖਰੀਦ 'ਤੇ ਹੋਣ ਵਾਲੀ ਕਮਾਈ ਵੀ ਛੱਡਣੀ ਪਈ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਜ਼ੋਰਦਾਰ ਸੰਘਰਸ਼ ਚੱਲ ਰਿਹਾ ਹੈ। ਦੁਸਹਿਰੇ ਵਾਲੇ ਦਿਨ ਪੰਜਾਬ ਭਰ ਵਿਚ ਰਾਵਣ ਦੀ ਥਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਪਰ ਕੇਂਦਰ ਦਾ ਰਵੱਈਆ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕਿਸਾਨਾਂ ਨੂੰ ਦਬਾਉਣ ਵਾਲਾ ਹੈ।