ਮੈਲਬਰਨ ਵਿੱਚ ਇਕ ਸਮਾਗਮ ਦੌਰਾਨ ਖ਼ਾਲਿਸਤਾਨੀ ਝੰਡੇ ਲਹਿਰਾਏ ਜਾਣ ਕਾਰਣ ਭਾਰਤ ਔਖਾ

ਮੈਲਬਰਨ ਵਿੱਚ ਇਕ ਸਮਾਗਮ  ਦੌਰਾਨ  ਖ਼ਾਲਿਸਤਾਨੀ ਝੰਡੇ ਲਹਿਰਾਏ ਜਾਣ ਕਾਰਣ ਭਾਰਤ ਔਖਾ

* ਮੋਦੀ ਦੀ ਆਗਾਮੀ ਆਸਟਰੇਲੀਆ ਯਾਤਰਾ ਤੋਂ ਪਹਿਲਾਂ ਭਾਰਤ ਨੇ  ਆਸਟਰੇਲੀਆ ਸਰਕਾਰ ਨੂੰ ਸਾਵਧਾਨ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ- ਮੈਲਬਰਨ ਵਿੱਚ ਭਾਰਤੀ ਭਾਈਚਾਰੇ ਦੇ ਸਮਾਗਮ ਵਿੱਚ ਖਾਲਿਸਤਾਨੀ ਝੰਡੇ ਲਹਿਰਾਉਣ ਤੋਂ ਪ੍ਰੇਸ਼ਾਨ ਭਾਰਤ ਸਰਕਾਰ ਨੇ ਆਸਟਰੇਲੀਆ ਵਿੱਚ ਖਾਲਿਸਤਾਨੀਆਂ ਦੇ ਉਭਾਰ ਨੂੰ ਲੈ ਕੇ ਆਸਟਰੇਲੀਆ ਸਰਕਾਰ ਦੇ ਸਿਖਰਲੇੇ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ। ਭਾਰਤ ਨੇ ਇਹ ਪੇਸ਼ਕਦਮੀ ਅਜਿਹੇ ਮੌਕੇ ਕੀਤੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਦਿਨਾਂ ਵਿੱਚ ਕੁਆਡ (ਚਾਰ ਮੁਲਕੀ ਸਮੂਹ) ਆਗੂਆਂ ਦੀ ਮੀਟਿੰਗ ਲਈ ਆਸਟਰੇਲੀਆ ਜਾ ਰਹੇ ਹਨ।

ਕਾਬਿਲੇਗੌਰ ਹੈ ਕਿ ਮੈਲਬਰਨ ਵਿੱਚ 19 ਨਵੰਬਰ ਨੂੰ ਭਾਰਤੀ ਭਾਈਚਾਰੇ ਵੱਲੋਂ ਕਰਵਾਏ ਸਮਾਗਮ ਵਾਸਤੇ ਫੰਡ ਆਸਟਰੇਲੀਅਨ ਸਰਕਾਰ ਨੇ ਦਿੱਤੇ ਸਨ। ਸਮਾਗਮ ਦੌਰਾਨ ਵੱਡੀ ਗਿਣਤੀ ਖਾਲਿਸਤਾਨੀ ਹਮਾਇਤੀਆਂ ਨੇ ਖਾਲਿਸਤਾਨੀ ਝੰਡੇ ਲਹਿਰਾਏ। ‘ਦਿ ਆਸਟਰੇਲੀਅਨ’ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਵਿਦੇਸ਼ ਮੰਤਰੀ ਪੈਨੀ ਵੌਂਗ ਤੇ ਗ੍ਰਹਿ ਮੰਤਰੀ ਕਲੇਅਰ ਓ’ਨੀਲ ਤੱਕ ਪਹੁੰਚ ਕਰਕੇ ਖਾਲਿਸਤਾਨੀ ਲਹਿਰ ਨੂੰ ਆਸਟਰੇਲੀਆ ਖਾਸ ਕਰਕੇ ਮੈਲਬਰਨ ਵਿੱਚ ਵਧਦੀ ਹਮਾਇਤ ’ਤੇ ਚਿੰਤਾ ਜਤਾਈ ਹੈ। ਖਾਲਿਸਤਾਨੀਆਂ ਵੱਲੋਂ ਭਾਰਤ ਵਿੱਚ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਕੈਨੇਡਾ ਵਿੱਚ ਕਰਵਾਈ ਜਾ ਰਹੀ ‘ਰਾਇਸ਼ੁਮਾਰੀ’ ਖਿਲਾਫ਼ ਵੀ ਭਾਰਤ ਨੇ ਆਪਣਾ ਉਜ਼ਰ ਜਤਾਇਆ ਸੀ। ਭਾਰਤੀ ਅਧਿਕਾਰੀਆਂ ਨੇ ਆਸਟਰੇਲੀਆ ਦੇ ਦੋਵਾਂ ਮੰਤਰੀਆਂ ਨੂੰ ਦੱਸਿਆ ਕਿ ਖਾਲਿਸਤਾਨੀ ਲਹਿਰ ਦਾ ਇਤਿਹਾਸ ਖਾੜਕੂਵਾਦ ਨਾਲ ਜੁੜਿਆ ਹੈ ਤੇ ਬੀਤੇ ਵਿੱਚ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਹਿੰਸਾ ਵੀ ਹੋਈ ਹੈ।ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਖਾੜਕੂਵਾਦ ਦੇ ਦੌਰ ਬਾਅਦ ਕਈ ਸਿੱਖ ਆਸਟਰੇਲੀਆ, ਕੈਨੇਡਾ, ਅਮਰੀਕਾ ਤੇ ਯੂਕੇ ਵਿੱਚ ਪਰਵਾਸ ਕਰ ਗਏ ਹਨ, ਜਿੱਥੇ ਉਹ ਭਾਈਚਾਰੇ ਦੇ ਨੌਜਵਾਨਾਂ ਨੂੰ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਆਪਣੇ ਨਾਲ ਜੋੜ ਰਹੇ ਹਨ। ਮੈਲਬਰਨ ਵਿੱਚ ਕੀਤਾ ਸਮਾਗਮ ਵਿਕਟੋਰੀਅਨ ਗੁਰਦੁਆਰਾ ਕੌਂਸਲ ਦੇ ਬੈਨਰ ਹੇਠ ਕਰਵਾਇਆ ਗਿਆ ਸੀ, ਜਿਸ ਲਈ ਫੰਡਿੰਗ ਸੂਬਾ ਸਰਕਾਰ ਨੇ ਦਿੱਤੀ ਸੀ।