ਭਾਰਤ ਨੇ ਟਿਕ-ਟੌਕ ਸਮੇਤ 59 ਚੀਨੀ ਮੋਬਾਈਲ ਐਪਲੀਕੇਸ਼ਨਾਂ 'ਤੇ ਪਾਬੰਦੀ ਲਾਈ

ਭਾਰਤ ਨੇ ਟਿਕ-ਟੌਕ ਸਮੇਤ 59 ਚੀਨੀ ਮੋਬਾਈਲ ਐਪਲੀਕੇਸ਼ਨਾਂ 'ਤੇ ਪਾਬੰਦੀ ਲਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਰਕਾਰ ਨੇ ਚੀਨ ਦੇ ਟਿਕ-ਟੌਕ, ਸ਼ੇਅਰਇਟ, ਵੁਈਚੈਟ, ਯੂਸੀ ਬ੍ਰਾਊਜ਼ਰ, ਹੈਲੋ, ਲਾਈਕੀ, ਕੈਮ ਸਕੈੱਨਰ, ਵੀਗੋ ਵੀਡੀਓ, ਐੱਮਆਈ ਵੀਡੀਓ ਕਾਲ-ਸ਼ਾਓਮੀ, ਕਲੈਸ਼ ਆਫ਼ ਕਿੰਗਜ਼ ਤੇ ਈ-ਕਮਰਸ ਮੰਚਾਂ ਕਲੱਬ ਫੈਕਟਰੀ ਤੇ ਸ਼ੀਨ ਸਮੇਤ ਕੁੱਲ ਮਿਲਾ ਕੇ 59 ਮੋਬਾਈਲ ਐਪਸ ’ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਇਨ੍ਹਾਂ ਸਾਰੇ ਐਪਸ ਦਾ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਤੇ ਕੌਮੀ ਸੁਰੱਖਿਆ ਪ੍ਰਤੀ ਨਜ਼ਰੀਆ ਠੀਕ ਨਹੀਂ ਹੈ।

ਸੂਚਨਾ ਤਕਨੀਕ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਉਸ ਨੂੰ ਵੱਖ ਵੱਖ ਸਰੋਤਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਐਂਡਰੌਇਡ ਤੇ ਆਈਓਐੱਸ ਮੰਚਾਂ ’ਤੇ ਉਪਲਬਧ ਕਈ ਮੋਬਾਈਲ ਐਪਾਂ ਦੀ ਕੁਵਰਤੋਂ ਕਰ ਕੇ ਵਰਤੋਕਾਰਾਂ ਦਾ ਡੇਟਾ ‘ਚੋਰੀ ਤੇ ਗੁਪਤ ਤਰੀਕੇ ਨਾਲ’ ਭਾਰਤ ਤੋਂ ਬਾਹਰਲੀਆਂ ਲੋਕੇਸ਼ਨਾਂ ’ਤੇ ਲੱਗੇ ਸਰਵਰਾਂ ਵਿੱਚ ਤਬਦੀਲ ਕੀਤੀ ਜਾ ਰਿਹੈ।

ਬਿਆਨ ਮੁਤਾਬਕ ਗ੍ਰਹਿ ਮੰਤਰਾਲੇ ਦੇ ਭਾਰਤੀ ਸਾਈਬਰ ਅਪਰਾਧ ਕੋਆਰਡੀਨੇਸ਼ਨ ਸੈਂਟਰ ਨੇ ਵੀ ਇਨ੍ਹਾਂ ਐਪਾਂ ਨੂੰ ਬਲਾਕ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਮੰਤਰਾਲੇ ਨੇ ਕਿਹਾ ਕਿ ਇਸ ਪੇਸ਼ਕਦਮੀ ਨਾਲ ਭਾਰਤ ਦੇ ਕਰੋੜਾਂ ਮੋਬਾਈਲ ਤੇ ਇੰਟਰਨੈੱਟ ਵਰਤੋਕਾਰਾਂ ਦੇ ਹਿੱਤ ਸੁਰੱਖਿਅਤ ਹੋਣਗੇ।