ਸੁਰੱਖਿਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਹੇਠ ਭਾਰਤੀ ਫੌਜ ਕਰ ਰਹੀ ਹੈ ਤਿੰਨ ਜਵਾਨਾਂ ਦੀ ਪੁੱਛਗਿੱਛ

ਸੁਰੱਖਿਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਹੇਠ ਭਾਰਤੀ ਫੌਜ ਕਰ ਰਹੀ ਹੈ ਤਿੰਨ ਜਵਾਨਾਂ ਦੀ ਪੁੱਛਗਿੱਛ

ਪਾਕਿਸਤਾਨ ਅਤੇ ਨਸ਼ਾ ਤਸਕਰੀ ਰੈਕੇਟ ਨਾਲ ਜੁੜੇ ਹੋਣ ਦਾ ਦਾਅਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਉੱਤਰੀ ਕਮਾਂਡ ਹੈੱਡਕੁਆਰਟਰ, ਉੱਧਮਪੁਰ ਤੋਂ ਇੱਕ ਡਰੱਗ ਰੈਕੇਟ ਦੇ ਪਰਦਾਫਾਸ਼ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਾਰਾਂ ਪਾਕਿਸਤਾਨੀ ਖੁਫੀਆ ਵਿਭਾਗਾਂ ਨਾਲ ਜੁੜਦੀਆਂ ਦੱਸੀਆਂ ਜਾ ਰਹੀਆਂ ਹਨ। ਗੁਪਤ ਸੁਰੱਖਿਆ ਜਾਣਕਾਰੀ ਲੀਕ ਕਰਨ ਦੀ ਵੀ ਖਬਰ ਹੈ, ਜਿਸ ਵਿੱਚ ਭਾਰਤੀ ਫੌਜ ਦੇ ਹੀ ਕੁੱਝ ਜਵਾਨਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ।

ਸ਼ੁਰੂਆਤੀ ਪੁੱਛ-ਗਿੱਛ ਵਿੱਚ ਤਿੰਨ ਜਵਾਨਾਂ ਦੀ ਪੁੱਛਗਿੱਛ ਕੀਤੇ ਜਾਣ ਦੀ ਖਬਰ ਮਿਲੀ ਹੈ, ਜਿਸ ਵਿੱਚੋਂ ਇੱਕ ਊਧਮਪੁਰ ਹੀ ਤੈਨਾਤ ਸੀ ਅਤੇ ਭਾਰਤੀ ਸੁਰੱਖਿਆ ਜਾਣਕਾਰੀਆਂ ਤੱਕ ਪਹੁੰਚ ਦੀ ਸਮਰੱਥਾ ਰੱਖਦਾ ਸੀ। ਇਸ ਤੋਂ ਇਲਾਵਾ ਦੋ ਹੋਰ ਜਵਾਨ, ਜੋ ਕਿ ਹੋਰ ਪਾਸੇ ਤੈਨਾਤ ਸਨ ਅਤੇ ਵੱਖ-ਵੱਖ ਬਟਾਲੀਅਨਾਂ ਨਾਲ ਸੰਬੰਧਤ ਹਨ, ਉਹਨਾਂ ਦੀ ਸ਼ਮੂਲੀਅਤ ਵੀ ਇਸ ਮਸਲੇ ਵਿੱਚ ਦੱਸੀ ਜਾ ਰਹੀ ਹੈ, ਕਿਉਂਕਿ ਤਿੰਨੋਂ ਜਵਾਨ ਆਪਸ ਵਿੱਚ ਸੰਪਰਕ ਵਿੱਚ ਸਨ।

ਕੇਂਦਰੀ ਖੁਫੀਆ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਉਹ ਪਾਕਿਸਤਾਨ ਵਾਲੇ ਪਾਸਿਉਂ ਚਲਾਏ ਜਾ ਰਹੇ ਨਸ਼ਾ ਤਸਕਰੀ ਰੈਕੇਟ ਦੀ ਜਾਂਚ ਕਰ ਰਹੇ ਸਨ, ਜਿਸ ਦੌਰਾਨ ਇੱਕ ਪੈਨ ਡਰਾਈਵ ਹੱਥ ਲੱਗੀ, ਜਿਸ ਵਿੱਚ ਗੁਪਤ ਸੁਰੱਖਿਆ ਜਾਣਕਾਰੀਆਂ ਹੋਣ ਦਾ ਖਦਸ਼ਾ ਜਾਹਿਰ ਕੀਤਾ ਗਿਆ। ਇਹ ਪੈਨ ਡਰਾਈਵ ਉੱਤਰੀ ਕਮਾਂਡ 'ਤੇ ਤੈਨਾਤ ਭਾਰਤੀ ਜਵਾਨ ਤੱਕ ਪਹੁੰਚ ਵਿੱਚ ਸਹਾਈ ਹੋਈ।

ਇੱਕ ਜਨਰਲ ਅਫਸਰ ਅਤੇ ਦੋ ਮੇਜ਼ਰ ਜਨਰਲ, ਕ੍ਰਮਵਾਰ ਜਾਂਚ ਟੀਮ ਦੇ ਪ੍ਰਧਾਨ ਅਤੇ ਮੈਂਬਰਾਂ ਵਜੋਂ ਅਗਵਾਈ ਕਰ ਰਹੇ ਹਨ।

ਸੁਰੱਖਿਆ ਕਾਰਨਾਂ ਕਰਕੇ ਹੋਰ ਜਾਣਕਾਰੀ ਦੇਣ ਤੋਂ ਮਨਾਂ ਕੀਤਾ ਜਾ ਰਿਹਾ ਹੈ ਅਤੇ ਹੋਰ ਜਵਾਨਾਂ ਦੀ ਸ਼ਮੂਲੀਅਤ ਹੋਣ ਦੇ ਜਵਾਬ ਵਿੱਚ ਤਫਤੀਸ਼ ਚੱਲਦੀ ਹੋਣ ਦਾ ਜ਼ਿਕਰ ਕੀਤਾ ਗਿਆ।