ਤਖਤ ਸ੍ਰੀ ਪਟਨਾ ਸਾਹਿਬ ਵਿਖ਼ੇ ਜੇ ਪੀ ਨੱਡਾ ਦੀ ਫੇਰੀ ਤੇ ਹੋਈ ਬੇਹੂਰਮਤੀ, ਸੰਗਤਾਂ ਅੰਦਰ ਰੋਸ ਪ੍ਰਬੰਧਕਾਂ ਕੋਲੋਂ ਅਸਤੀਫੇ ਦੀ ਕੀਤੀ ਮੰਗ 

ਤਖਤ ਸ੍ਰੀ ਪਟਨਾ ਸਾਹਿਬ ਵਿਖ਼ੇ ਜੇ ਪੀ ਨੱਡਾ ਦੀ ਫੇਰੀ ਤੇ ਹੋਈ ਬੇਹੂਰਮਤੀ, ਸੰਗਤਾਂ ਅੰਦਰ ਰੋਸ ਪ੍ਰਬੰਧਕਾਂ ਕੋਲੋਂ ਅਸਤੀਫੇ ਦੀ ਕੀਤੀ ਮੰਗ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 8 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਤਖਤ ਸ੍ਰੀ ਪਟਨਾ ਸਾਹਿਬ ਸਾਹਿਬ ਵਿਖ਼ੇ ਬੀਤੇ ਇਕ ਦਿਨ ਪਹਿਲਾਂ ਭਾਜਪਾ ਪ੍ਰਮੁੱਖ ਜੇ ਪੀ ਨੱਡਾ ਦੇ ਆਉਣ ਕਰਕੇ ਤਖਤ ਸਾਹਿਬ ਦੀ ਮਰਿਆਦਾ ਵਿਚ ਵਿਘਨ ਪਾਉਣ ਦੀ ਖ਼ਬਰ ਦਾ ਪਤਾ ਲਗਦੇ ਹੀ ਦੇਸ਼ ਵਿਦੇਸ਼ ਅੰਦਰ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਡੂੰਘੀ ਠੇਸ ਪੁਜੀ ਹੈ ਅਤੇ ਸਮੂਹ ਤਖਤ ਸਾਹਿਬਾਨਾਂ ਅੰਦਰ ਮੀਡੀਆ ਦੀ ਪਾਬੰਦੀ ਦੇ ਨਾਲ ਤਖਤ ਪਟਨਾ ਸਾਹਿਬ ਜੀ ਦੇ ਮੌਜੂਦਾ ਪ੍ਰਬੰਧਕਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ । 

ਜਿਕਰਯੋਗ ਹੈ ਕਿ ਜੇ ਪੀ ਨੱਡਾ ਵਲੋਂ ਬਿਹਾਰ ਦੀ ਫੇਰੀ ਦੌਰਾਨ ਤਖਤ ਪਟਨਾ ਸਾਹਿਬ ਵਿਖ਼ੇ ਦਰਸ਼ਨ ਦੀਦਾਰੇ ਕਰਣ ਦਾ ਪ੍ਰੋਗਰਾਮ ਸੀ ਜਿਸ ਦਾ ਓਥੋਂ ਦੀ ਮੌਜੂਦਾ ਕਮੇਟੀ ਨੂੰ ਪਤਾ ਲਗ ਗਿਆ ਸੀ, ਦੇ ਬਾਵਜੂਦ ਉਨ੍ਹਾਂ ਵਲੋਂ ਪੁਖਤਾ ਇੰਤਜਾਮ ਨਾ ਕਰਣਾ ਉਨ੍ਹਾਂ ਦੀ ਤਖਤ ਸਾਹਿਬ ਦੀ ਸਾਰ ਸੰਭਾਲਤਾ ਤੇ ਉਂਗਲ ਚੱਕ ਰਹੀ ਹੈ । ਜੇ ਪੀ ਨੱਡਾ ਦੇ ਆਉਣ ਤੋਂ ਪਹਿਲਾਂ ਹੀ ਤਖਤ ਸਾਹਿਬ ਦੀ ਹਜੂਰੀ ਅੰਦਰ ਵਡੀ ਗਿਣਤੀ 'ਚ ਕੀਰਤਨ ਕਰ ਰਹੇ ਹਜੂਰੀ ਰਾਗੀ ਭਾਈ ਗਿਆਨ ਸਿੰਘ ਦੇ ਪਿਛਲੇ ਪਾਸੇ ਪੱਤਰਕਾਰ ਪੁੱਜ ਗਏ ਤੇ ਫੋਟੋਆਂ ਖਿੱਚਣ ਲਈ ਇਕ ਦੂਜੇ ਤੋਂ ਅੱਗੇ ਹੋਕੇ ਧੱਕਾ ਮੁੱਕੀ ਕਰਣ ਲਗ ਪਏ ਤੇ ਬਾਰ ਬਾਰ ਰਾਗੀ ਸਿੰਘਾਂ ਉਪਰ ਗਿਰ ਰਹੇ ਸਨ, ਜਿਸ ਨੂੰ ਦੇਖਦਿਆਂ ਉਨ੍ਹਾਂ ਵਲੋਂ ਚਲਦਾ ਕੀਰਤਨ ਰੋਕਣਾ ਪੈ ਗਿਆ ਅਤੇ ਉਨ੍ਹਾਂ ਨੂੰ ਪਿੱਛੇ ਹੋਣ ਲਈ ਬਾਰ ਬਾਰ ਕਹਿਣਾ ਪੈ ਰਿਹਾ ਸੀ ਪਰ ਓਹ ਮੰਨਦੇ ਨਹੀਂ ਸਨ । ਉਪਰੰਤ ਓਥੇ ਹਾਜਿਰ ਸੰਗਤਾਂ ਵਲੋਂ ਜ਼ੋਰ ਮੁਸ਼ੱਕਤ ਨਾਲ ਪੱਤਰਕਾਰਾਂ ਨੂੰ ਪਿੱਛੇ ਕਰਕੇ ਰਾਗੀ ਸਿੰਘਾਂ ਨੂੰ ਸਹਿਜਤਾ ਨਾਲ ਕੀਰਤਨ ਕਰਣ ਲਈ ਜਗ੍ਹਾ ਬਣਵਾਈ ਗਈ । 

ਇਹ ਵਾਕਿਆਤ ਬੀਤ ਜਾਣ ਉਪਰੰਤ ਕਮੇਟੀ ਵਲੋਂ ਲੈਟਰ ਜਾਰੀ ਕਰਦਿਆਂ ਤਖਤ ਸਾਹਿਬ ਅੰਦਰ ਮੀਡੀਆ ਤੇ ਪਾਬੰਦੀ ਲਗਾਈ ਜਾਣ ਦਾ ਐਲਾਨ ਕਰ ਦਿੱਤਾ ਜਦਕਿ ਉਨ੍ਹਾਂ ਵਲੋਂ ਇਹ ਕੰਮ ਪਹਿਲਾਂ ਹੀ ਕਰਣਾ ਚਾਹੀਦਾ ਸੀ ਜਿਸ ਕਰਕੇ ਤਖਤ ਸਾਹਿਬ ਅੰਦਰ ਬੇਹੂਰਮਤੀ ਨਾ ਹੁੰਦੀ ।