ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਮਿਆਂਮਾਰ ਬਾਰੇ ਮਤੇ 'ਤੇ ਭਾਰਤ ਨੇ ਦਿੱਤਾ ਰੂਸ ਤੇ ਚੀਨ ਦਾ ਸਾਥ, ਰਿਹਾ ਗੈਰਹਾਜਰ
* ਭਾਰਤ ਨੇ ਕਿਹਾ ਮਤਾ ਲੋੜੀਂਦਾ ਮੰਤਵ ਪੂਰਾ ਨਹੀਂ ਕਰਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ 23 ਦਸੰਬਰ (ਹੁਸਨ ਲੜੋਆ ਬੰਗਾ)-ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਪੇਸ਼ ਕੀਤੇ ਮਤੇ ਜਿਸ ਵਿਚ ਮਿਆਂਮਾਰ ਵਿਚ ਲੋਕਤੰਤਰ ਬਹਾਲ ਕਰਨ, ਜੇਲਾਂ ਵਿਚ ਬੰਦ ਰਾਜਸੀ ਕੈਦੀ ਰਿਹਾਅ ਕਰਨ ਦਾ ਸੱਦਾ ਦਿੱਤਾ ਗਿਆ ਸੀ, ਉਪਰ ਵੋਟਿੰਗ ਦੌਰਾਨ ਭਾਰਤ ਨੇ ਰੂਸ ਤੇ ਚੀਨ ਦਾ ਸਾਥ ਦਿੱਤਾ। ਇਹ ਤਿੰਨੇ ਦੇਸ਼ ਗੈਰ ਹਾਜਰ ਰਹੇ। ਮਿਆਂਮਾਰ ਵਿਚ ਲੋਕਤੰਤਰਿਕ ਢੰਗ ਤਰੀਕੇ ਨਾਲ ਚੁਣੀ ਸਰਕਾਰ ਦਾ ਤਖਤਾ ਪਲਟ ਦੇਣ ਦੇ 22 ਮਹੀਨੇ ਬਾਅਦ ਸੰਯੁਕਤ ਰਾਸ਼ਟਰ ਵਿਚ ਪੇਸ਼ ਮਤੇ ਨੂੰ 15 ਮੈਂਬਰੀ ਸਲਾਮਤੀ ਕੌਂਸਲ ਵਿਚ 12 ਵੋਟਾਂ ਮਿਲੀਆਂ। ਰੂਸ ਤੇ ਚੀਨ ਦਾ ਵਿਰੋਧ ਟਾਲਣ ਲਈ ਆਮ ਸਹਿਮਤੀ ਬਣਾਉਣ ਵਾਸਤੇ ਲੰਬੇ ਵਿਚਾਰ ਵਟਾਂਦਰੇ ਉਪਰੰਤ ਬਰਤਾਨੀਆ ਵੱਲੋਂ ਪੇਸ਼ ਮਤਾ ਆਪਣੇ ਮੰਤਵ ਵਿਚ ਨਾਕਾਮ ਰਿਹਾ । ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮੈਂਬਰ ਰੁਕਿਰਾ ਕੰਬੋਜ ਨੇ ਮਤੇ ਉਪਰ ਬੋਲਦਿਆਂ ਮਿਆਂਮਾਰ ਵਿਚ ਲੋਕਤੰਤਰ ਬਹਾਲ ਕਰਨ ਤੇ ਰਾਜਸੀ ਕੈਦੀ ਰਿਹਾਅ ਕਰਨ ਦੀ ਅਪੀਲ ਕੀਤੀ ਪਰੰਤੂ ਕਿਹਾ ਕਿ ਮਤੇ ਨਾਲ ਮੰਤਵ ਦੀ ਪੂਰਤੀ ਨਹੀਂ ਹੁੰਦੀ। ਵੋਟਿੰਗ ਦੌਰਾਨ ਭਾਰਤ ਵੱਲੋਂ ਗੈਰਹਾਜਰ ਰਹਿਣ ਬਾਰੇ ਸਪੱਸ਼ਟ ਕਰਦਿਆਂ ਉਨਾਂ ਕਿਹਾ ਕਿ ਮਤਾ ਨਿਰਣਾਇਕ ਗੱਲਬਾਤ ਲਈ ਉਤਸ਼ਾਹਿਤ ਕਰਨ ਦੀ ਬਜਾਏ ਸਬੰਧਤ ਧਿਰਾਂ ਦੀ ਸਥਿੱਤੀ ਨੂੰ ਹੋਰ ਕਠੋਰ ਕਰ ਦੇਵੇਗਾ। ਉਨਾਂ ਕਿਹਾ ਕਿ ਮਿਆਂਮਾਰ ਦੀ ਗੁੰਝਲਦਾਰ ਸਥਿੱਤੀ ਦੇ ਮੱਦੇਨਜਰ ਇਕ ਸਥਿੱਰ ਤੇ ਸਬਰਵਾਲੀ ਕੂਟਨੀਤੀ ਦੀ ਲੋੜ ਹੈ। ਬੀਬੀ ਕੰਬੋਜ ਨੇ ਕਿਹਾ ਕਿ ਮਿਆਂਮਾਰ ਵਿਚ ਸਥਿਰਤਾ ਦਾ ਅਸਰ ਭਾਰਤ ਦੀ ਕੌਮੀ ਸੁਰੱਖਿਆ ਉਪਰ ਸਿੱਧੇ ਤੌਰ 'ਤੇ ਪੈਂਦਾ ਹੈ ਜਿਸ ਦੀ ਮਿਆਂਮਾਰ ਨਾਲ 1700 ਕਿਲੋਮੀਟਰ ਸਰਹੱਦ ਸਾਂਝੀ ਹੈ। ਉਨਾਂ ਕਿਹਾ ਕਿ ਮਿਆਂਮਾਰ ਦੇ ਲੋਕਾਂ ਦੀ ਭਲਾਈ ਉੱਚ ਤਰਜੀਹ ਹੋਣੀ ਚਾਹੀਦੀ ਹੈ ਤੇ ਇਸ ਸਬੰਧ ਵਿਚ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ।
Comments (0)