ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 20 ਲੋਕਾਂ ਦਾ ਵਫ਼ਦ ਯੂਕਰੇਨ ’ਚ ਫ਼ਸੇ ਲੋਕਾਂ ਦੀ ਮਦਦ ਲਈ ਜਾਏਗਾ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 20 ਲੋਕਾਂ ਦਾ ਵਫ਼ਦ ਯੂਕਰੇਨ ’ਚ ਫ਼ਸੇ ਲੋਕਾਂ ਦੀ ਮਦਦ ਲਈ ਜਾਏਗਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 3 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ 20 ਲੋਕਾਂ ਦਾ ਵਫ਼ਦ ਯੂਕਰੇਨ ’ਚ ਫ਼ਸੇ ਲੋਕਾਂ ਦੀ ਮਦਦ ਲਈ ਭੇਜਿਆ ਜਾਵੇਗਾ। ਜਿਸ ਵਿਚ ਕਮੇਟੀ ਦੇ ਸੀਨੀਅਰ ਮੈਂਬਰ, ਸਟਾਫ਼ ਤੋਂ ਇਲਾਵਾ ਵਾਲੰਟੀਅਰ ਮੌਜੂਦ ਹੋਣਗੇ।

ਇਹ ਵਫ਼ਦ ਦੋ ਭਾਗਾਂ ’ਚ ਵੰਡਿਆ ਜਾਵੇਗਾ ਇਕ ਵਫ਼ਦ ਪੌਲੈਂਡ ਦੇ ਬਾਰਡਰ ਅਤੇ ਦੂਜਾ ਵਫ਼ਦ ਸਲੋਵਾਕੀਆ ਵਿਖੇ ਲੋਕਾਂ ਦੀ ਮਦਦ ਕਰਨ ਲਈ ਪੁੱਜੇਗਾ। ਉਨ੍ਹਾਂ ਦੱਸਿਆ ਕਿ ਇਹ ਵਫ਼ਦ ਉੱਥੇ ਲੰਗਰ ਤੇ ਮੈਡੀਕਲ ਸੁਵਿਧਾਵਾਂ ਦਾ ਕੈਂਪ ਲਗਾਏਗਾ ਤੇ ਹਰ ਸੰਭਵ ਮਦਦ ਫ਼ਸੇ ਹੋਏ ਲੋਕਾਂ ਤਕ ਪਹੁੰਚਾਏਗਾ। ਉਨ੍ਹਾਂ ਕਿਹਾ ਕਿ ਜੰਗ ਤੋਂ ਬਾਅਦ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ ਅਤੇ ਅਜਿਹੀ ਸਥਿਤੀ ਵਿਚ ਲੋਕਾਂ ਨੂੰ ਮਦਦ ਦੀ ਲੋੜ ਵਧੇਰੇ ਹੁੰਦੀ ਹੈ। ਇਸ ਲਈ ਦਿੱਲੀ ਕਮੇਟੀ ਮਨੁੱਖਤਾ ਪ੍ਰਤੀ ਆਪਣਾ ਫ਼ਰਜ ਸਮਝਦੇ ਹੋਏ ਇੱਕ ਵਫ਼ਦ ਉੱਥੇ ਭੇਜ ਰਹੀ ਹੈ।

ਕਾਲਕਾ ਤੇ ਕਾਹਲੋਂ ਨੇ ਜਾਣਕਾਰੀ ਦਿੰਦਿਆ ਇਹ ਵੀ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਪਹਿਲਾਂ ਵੀ ਇਸੇ ਤਰ੍ਹਾਂ ਦੇਸ਼ ਵਿਚ ਆਪਦਾ ਦੇ ਸਮੇਂ ਉਤਰਾਖੰਡ, ਗੁਜਰਾਤ, ਕਸ਼ਮੀਰ, ਉੱਤਰ ਪ੍ਰੇਦਸ਼, ਪੰਜਾਬ ਤੋਂ ਲੈ ਕੇ ਵਿਦੇਸ਼ਾਂ ਨੇਪਾਲ ਤੇ ਹੋਰ ਮੁਲਕਾਂ ਤਕ ਆਪਣੀਆਂ ਸੇਵਾਵਾਂ ਲੋਕ ਭਲਾਈ ਲਈ ਦਿੱਤੀਆਂ ਹਨ। ਦਿੱਲੀ ਕਮੇਟੀ ਦਾ ਮੁੱਖ ਟੀਚਾ ਤੇ ਮੰਤਵ ਹੈ ਲੋਕਾਈ ਦੀ ਹਰ ਸੰਭਵ ਸੇਵਾ ਕਰਨਾ। ਅਸੀਂ ਗੁਰੂ ਉਪਦੇਸ਼ ਤੇ ਚਲਦਿਆਂ ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ ਦੇ ਉਪਦੇਸ਼ ਅਨੁਸਾਰ ਇਹ ਫ਼ੈਸਲਾ ਲਿਆ ਹੈ।