ਕਾਲਕਾ-ਕਾਹਲੋਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸਰਨਾ-ਬਾਦਲਾਂ ਵਿਚਾਲੇ ਕਰੋੜਾਂ ਰੁਪਏ ਦੀ ਸੌਦੇਬਾਜ਼ੀ ਦੀ ਜਾਂਚ ਕਰਾਉਣ ਦੀ ਮੰਗ

ਕਾਲਕਾ-ਕਾਹਲੋਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸਰਨਾ-ਬਾਦਲਾਂ ਵਿਚਾਲੇ ਕਰੋੜਾਂ ਰੁਪਏ ਦੀ ਸੌਦੇਬਾਜ਼ੀ ਦੀ ਜਾਂਚ ਕਰਾਉਣ ਦੀ ਮੰਗ

ਪੰਥਕ ਏਕਤਾ ਦੇ ਨਾਂਅ ’ਤੇ ਸਰਨੇ ਐਸਜੀਪੀਸੀ ਨੂੰ ਆਪਣੀ ਛੁਪਣਗਾਹ ਬਣਾਉਣ ਦੀ ਵਿਊਂਤਬੰਦੀ ’ਚ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 6 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸਰਨਿਆਂ ਤੇ ਬਾਦਲਾਂ ਵਿਚਾਲੇ 10 ਕਰੋੜ ਰੁਪਏ ਖਰਚ ਕਰਕੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਐਸਜੀਪੀਸੀ ’ਚ ਵੱਡੀ ਜ਼ੁੰਮੇਵਾਰੀ ਲੈਣ ਦੇ ਮਾਮਲੇ ਦੀ ਉਚ-ਪੱਧਰੀ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਗਈ ਹੈ ਤਾਂ ਕਿ ਇਸ ਸੌਦੇਬਾਜ਼ੀ ਦਾ ਦੁੱਧ-ਪਾਣੀ ਇਕ ਸੰਗਤਾਂ ਸਾਹਮਣੇ ਆ ਸਕੇ। ਸ. ਕਾਹਲੋਂ ਕਿਹਾ ਕਿ ਆਪਣੇ ਪਰਿਵਾਰ ਦੀ ਸੰਭਾਵਤ ਗ੍ਰਿਫਤਾਰੀ ਤੋਂ ਬਚਾਅ ਕਰਨ ਲਈ ਸ. ਸੁਖਬੀਰ ਸਿੰਘ ਬਾਦਲ ਨਾਲ ਕਰੋੜਾਂ ਰੁਪਏ ਦਾ ਸੌਦਾ ਕਰਕੇ ‘ਪੰਥਕ ਏਕਤਾ’ ਦੇ ਨਾਂਅ ’ਤੇ ਸਰਨਾ ਭਰਾਵਾਂ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਛੁਪਣਗਾਹ ਬਣਾਉਣ ਦੀ ਜੋ ਵਿਊਂਤਬੰਦੀ ਕੀਤੀ ਗਈ ਹੈ, ਉਹ ਸਿੱਖ ਸੰਗਤਾਂ ਦੀ ਪਿੱਠ ’ਚ ਛੁਰਾ ਮਾਰਨ ਵਰਗਾ ਹੈ। ਸ. ਕਾਹਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਅਪੀਲ ਕੀਤੀ ਕਿ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਪਿੱਠੂ ਸਰਨਿਆਂ ਅਤੇ ਬਾਦਲ ਵਿਚਾਲੇ ਦੌਲਤ ਦੇ ਬਲ ’ਤੇ ਹੋਈ ਇਸ ਸੌਦੇਬਾਜ਼ੀ ਦਾ ਨੋਟਿਸ ਲੈਂਦੇ ਹੋਏ ਕਾਰਵਾਈ ਕੀਤੀ ਜਾਵੇ।

ਸ. ਕਾਹਲੋਂ ਨੇ ਕਿਹਾ ਕਿ 1984 ’ਚ ਹਜ਼ਾਰਾਂ ਸਿੱਖਾਂ ਦੀ ਕਾਤਲ ਕਾਂਗਰਸ ਸਰਕਾਰ ਦੇ ਪਿੱਠੂ ਰਹੇ ਸਰਨਿਆਂ ਦੀ ਐਸਜੀਪੀਸੀ ’ਚ ਦਖ਼ਲਅੰਦਾਜ਼ੀ ਭਵਿੱਖ ’ਚ ਸਿੱਖਾਂ ਦੀ ਸਿਰਮੌਰ ਸੰਸਥਾ ਦੀਆਂ ਜੜ੍ਹਾਂ ’ਚ ਮਿੱਟੀ ਦਾ ਤੇਲ ਪਾਉਣ ਦਾ ਕੰਮ ਕਰੇਗੀ। ਇਸ ਲਈ ਐਸਜੀਪੀਸੀ ਨੂੰ ਵੀ ਸਮਾਂ ਰਹਿੰਦੇ ਸੋਚਣਾ ਚਾਹੀਦਾ ਹੈ ਕਿ ਕਾਂਗਰਸ ਦੇ ਇਨ੍ਹਾਂ ਪਿੱਠੂਆਂ ਨੂੰ ਕਿੰਝ ਵਾਂਝੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਜਦੋਂ ਕੇਂਦਰ ਅਤੇ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਸੀ ਉਦੋਂ ਸਰਨਿਆਂ ਨੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਨੇੜਤਾ ਹੋਣ ਕਾਰਨ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਪੀਸੀ) ਨੂੰ ਹੋਂਦ ’ਚ ਲਿਆਉਣ ਵਾਲਾ ਐਕਟ ਵਿਧਾਨ ਸਭਾ ’ਚ ਪਾਸ ਕਰਵਾਇਆ ਸੀ ਤਾਂ ਕਿ ਸ਼੍ਰੋਮਣੀ ਕਮੇਟੀ ਨੂੰ ਢਾਹ ਲਗਾਈ ਜਾ ਸਕੇ। ਸਰਨੇ ਅੱਜ ਜਿਹੜੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਹੋਕਾ ਭਰ ਰਹੇ ਹਨ ਇਨ੍ਹਾਂ ਸਿੰਘਾਂ ਨੂੰ ਕਾਂਗਰਸ ਸਰਕਾਰ ਵੇਲੇ ਹੀ ਜੇਲ੍ਹਾਂ ’ਚ ਡੱਕਿਆ ਗਿਆ ਸੀ । ਸਿੰਘਾਂ ਨੂੰ ਬੰਦੀ ਬਨਾਉਣ ਅਤੇ ਹਜ਼ਾਰਾਂ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਹਮਾਇਤੀ ਸਰਨੇ ਅੱਜ ‘ਪੰਥਕ ਏਕਤਾ’ ਕਰਨ ਦੀ ਗੱਲ ਕਿੰਝ ਕਰ ਸਕਦੇ ਹਨ।

ਸ. ਕਾਹਲੋਂ ਨੇ ਦੋਸ਼ ਲਗਾਇਆ ਕਿ ਸਰਨਿਆਂ ਦੇ ਪਰਿਵਾਰ ਨੂੰ ਦਿੱਲੀ ’ਚ ਹੋਏ ਸ਼ਰਾਬ ਘੁਟਾਲੇ ਕਾਰਨ ਈ.ਡੀ./ਸੀਬੀਆਈ ਕੋਲ ਬੁਰੀ ਤਰ੍ਹਾਂ ਘਿਰਿਆ ਹੋਣ ਕਾਰਨ ਸੰਭਾਵਤ ਗ੍ਰਿਫਤਾਰੀ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸੇ ਲਈ ਇਹ ਦੌਲਤ ਦੇ ਬਲ ’ਤੇ ਐਸਜੀਪੀਸੀ ਨੂੰ ਆਪਣੀ ਪਨਾਹਗਾਹ ਬਣਾ ਰਹੇ ਹਨ ਤਾਂ ਕਿ ਕਿਸੇ ਵੀ ਕਾਰਣ ਵਜੋਂ ਜੇਕਰ ਇਨ੍ਹਾਂ ਦੇ ਪਰਿਵਾਰ ਦੀ ਕੋਈ ਗ੍ਰਿਫਤਾਰੀ ਹੋਵੇ ਤਾਂ ‘ਪੰਥਕ ਏਕਤਾ’ ਦੇ ਨਾਂਅ ’ਤੇ ਇਨ੍ਹਾਂ ਪਿੱਛੇ ਕੋਈ ਵੱਡੀ ਸੰਸਥਾ ਖੜੀ ਹੋ ਸਕੇ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਸਿੱਖਾਂ ਨੂੰ ਪਤਾ ਹੈ ਕਿ ਸਰਨਿਆਂ ਅਤੇ ਬਾਦਲਾਂ ਦੀ ਪਾਰਟੀ ਦੀ ਵਿਚਾਰਧਾਰਾ ਵੱਖ-ਵੱਖ ਹੈ। ਦੋਵਾਂ ਪਾਰਟੀ ਦੇ ਆਗੂਆਂ ਦੇ ਲੰਮੇ ਸਮੇਂ ਤਕ ਇਕਮੱਤ ਨਹੀਂ ਹੋਣ ਦੇ ਬਾਵਜ਼ੂਦ ਅਚਨਚੇਤ ਇਨ੍ਹਾਂ ਦੇ ਸੰਬੰਧਾਂ ’ਚ ਗੁੜ-ਚੀਨੀ ਵਰਗੀ ਮਿਠਾਸ ਕਾਇਮ ਹੋਣ ਨਾਲ ਹੀ ਸਾਬਿਤ ਹੋ ਜਾਂਦਾ ਹੈ ਕਿ ਇਨ੍ਹਾਂ ਵਿਚਾਲੇ ਕਰੋੜਾਂ ਰੁਪਏ ਦਾ ਮੋਟਾ ਸੌਦਾ ਹੋਇਆ ਹੈ।