ਸਿਰਸਾ ਦਾ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਨ ਦਾ ਸੁਪਨਾ ਟੁੱਟਿਆ,
*ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਗੁਰਮਖੀ ਨਾ ਜਾਨਣ ਤੈ ਗੁਰਮਤਿ ਦਾ ਗਿਆਨ ਨਾ ਹੋਣ ਕਾਰਣ ਅਯੋਗ ਠਹਿਰਾਇਆ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਬੈਕਡੋਰ ਤੋਂ ਦੂਜੀ ਵਾਰੀ ਇਸ ਕੁਰਸੀ ਨੂੰ ਹਾਸਲ ਕਰਨ ਦਾ ਸੁਪਨਾ ਟੁੱਟ ਗਿਆ ਹੈ। ਪੰਜਾਬੀ ਦਾ ਗਿਆਨ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਡੀਐੱਸਜੀਐੱਮਸੀ ਚੋਣ ਹਾਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਨਾਮਜ਼ਦ ਕੀਤਾ ਸੀ, ਜਿਸ ਨਾਲ ਉਨ੍ਹਾਂ ਦੇ ਬੈਕਡੋਰ ਤੋਂ ਪ੍ਰਧਾਨ ਬਣਨ ਦਾ ਰਸਤਾ ਸਾਫ਼ ਹੋ ਗਿਆ ਸੀ, ਪਰ ਸਿਰਸਾ ਨੂੰ ਡੀਐੱਸਜੀਐੱਮਸੀ ਚੋਣ ’ਚ ਹਰਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਐੱਸਜੀਪੀਸੀ ਦੇ ਇਸ ਕਦਮ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਉਨ੍ਹਾਂ ਸ਼ਿਕਾਇਤ ਕੀਤੀ ਸੀ ਕਿ ਸਿਰਸਾ ਨੂੰ ਪੰਜਾਬੀ ਦਾ ਗਿਆਨ ਨਹੀਂ ਹੈ ਤੇ ਡੀਐੱਸਜੀਐੱਮਸੀ ਦਾ ਮੈਂਬਰ ਬਣਨ ਲਈ ਇਹ ਲਾਜ਼ਮੀ ਹੈ। ਹਾਈਕੋਰਟ ਦੇ ਆਦੇਸ਼ ’ਤੇ ਉਨ੍ਹਾਂ ਨੂੰ ਗੁਰਦੁਆਰਾ ਚੋਣ ਡਾਇਰੈਕਟੋਰੇਟ ’ਚ ਪੰਜਾਬੀ ਦਾ ਟੈਸਟ ਦੇਣਾ ਪਿਆ, ਜਿਸ ਵਿਚ ਉਹ ਫੇਲ੍ਹ ਹੋ ਗਏ। ਇਸ ਆਧਾਰ ’ਤੇ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਅਯੋਗ ਐਲਾਨ ਦਿੱਤਾ।ਡੀਐੱਸਜੀਐੱਮਸੀ ਦੇ ਨਾਮਜ਼ਦ ਮੈਂਬਰ ਦੀ ਚੋਣ ਲਈ ਨੌਂ ਸਤੰਬਰ ਨੂੰ ਗੁਰਦੁਆਰਾ ਡਾਇਰੈਕਟੋਰੇਟ ’ਚ ਨਵੇਂ ਚੁਣੇ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ ਸੀ। ਉਸੇ ਦਿਨ ਹਰਵਿੰਦਰ ਸਿੰਘ ਸਰਨਾ ਨੇ ਡਾਇਰੈਕਟਰ ਦੇ ਸਾਹਮਣੇ ਐੱਸਜੀਪੀਸੀ ਵਲੋਂ ਸਿਰਸਾ ਦੀ ਚੋਣ ’ਤੇ ਇਤਰਾਜ਼ ਦਰਜ ਕਰਾ ਦਿੱਤਾ ਸੀ। ਡਾਇਰੈਕਟਰ ਨੇ ਸਪੱਸ਼ਟ ਨਿਯਮ ਨਾ ਹੋਣ ਦਾ ਹਵਾਲਾ ਦੇ ਕੇ ਉਨ੍ਹਾਂ ਦੇ ਇਤਰਾਜ਼ ਨੂੰ ਖਾਰਜ ਕਰ ਦਿੱਤਾ ਸੀ। ਉਸ ਤੋਂ ਬਾਅਦ ਸਰਨਾ ਹਾਈ ਕੋਰਟ ਚਲੇ ਗਏ ਸਨ। ਹਾਈ ਕੋਰਟ ਦੇ ਨਿਰਦੇਸ਼ ’ਤੇ ਸਿਰਸਾ ਨੂੰ ਪੰਜਾਬੀ ਦਾ ਟੈਸਟ ਦੇਣ ਲਈ 17 ਸਤੰਬਰ ਨੂੰ ਗੁਰਦੁਆਰਾ ਡਾਇਰੈਕਟੋਰੇਟ ’ਚ ਬੁਲਾਇਆ ਗਿਆ ਸੀ। ਉਸ ਦਿਨ ਸਿਰਸਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਚੰਗੀ ਤਰ੍ਹਾਂ ਨਾਲ ਪੰਜਾਬੀ ਪੜ੍ਹੀ ਤੇ ਲਿਖੀ, ਪਰ ਸਿਰਸਾ ਦਾ ਇਹ ਦਾਅਵਾ ਗਲਤ ਨਿਕਲਿਆ ਤੇ ਗੁਰਦੁਆਰਾ ਚੋਣ ਡਾਇਰੈਕਟਰ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਅਯੋਗ ਐਲਾਨ ਦਿੱਤਾ। ਡਾਇਰੈਕਟਰ ਵਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਸਿਰਸਾ ਗੁਰੂ ਗ੍ਰੰਥ ਸਾਹਿਬ ਦੇ ਅੰਗ 1358 ’ਤੇ ਲਿਖੀ ਗੁਰਬਾਣੀ ਨਹੀਂ ਪੜ੍ਹ ਸਕੇ। ਬਾਅਦ ’ਚ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਪੰਜਾਬੀ ’ਚ ਅਰਜ਼ੀ ਲਿਖਣ ਦੀ ਇਜਾਜ਼ਤ ਮੰਗੀ। 46 ਸ਼ਬਦਾਂ ’ਚ ਲਿਖੀ ਅਰਜ਼ੀ ’ਚ 27 ਸ਼ਬਦ ਗਲਤ ਸਨ। ਡਾਇਰੈਕਟਰ ਨੇ ਡੀਐੱਸਜੀਐੱਮਸੀ ਐਕਟ ਦੀ ਧਾਰਾ 10 ਦੇ ਆਧਾਰ ’ਤੇ ਉਨ੍ਹਾਂ ਨੂੰ ਅਯੋਗ ਐਲਾਨ ਦਿੱਤਾ।
ਅੰਮ੍ਰਿਤਸਰ ਟਾਈਮਜ ਦਾ ਮੰਨਣਾ ਹੈ ਕਿ ਇਹ ਵਰਤਾਰਾ ਘਟੀਆ ਸਿਆਸਤ ਦਾ ਨਤੀਜਾ ਹੈ।ਜੇਕਰ ਦਿਲੀ ਗੁਰਦੁਆਰਾ ਕਮੇਟੀ ਨੂੰ ਧਰਮ ਅਨੁਸਾਰ ਚਲਾਇਆ ਜਾਂਦਾ ਤਾਂ ਮਨਜਿੰਦਰ ਸਿੰਘ ਸਿਰਸਾ ਦੀ ਥਾਂ ਧਾਰਮਿਕ ਯੋਗ ਵਿਅਕਤੀ ਪ੍ਰਧਾਨ ਹੁੰਦਾ ਜੋ ਗੁਰਮਤਿ ਤੇ ਗੁਰਮਖੀ ਨਾਲ ਲੈਸ ਹੁੰਦਾ।
Comments (0)